
ਨਵੀਂ ਦਿੱਲੀ, 28 ਦਸੰਬਰ: ਪਾਕਿਸਤਾਨ ਦੀ ਜੇਲ 'ਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨਾਲ ਮਿਲਣ ਲਈ ਉਥੇ ਗਈ ਉਸ ਦੀ ਪਤਨੀ ਦੇ ਜੁੱਤਿਆਂ 'ਚ ਚਿਪ, ਕੈਮਰਾ ਅਤੇ ਰੀਕਾਰਡਰ ਲੱਗੇ ਹੋਣ ਦੇ ਮੂਰਖਤਾਪੂਰਨ ਦੋਸ਼ਾਂ ਨੂੰ ਲੈ ਕੇ ਭਾਰਤ ਨੇ ਅੱਜ ਪਾਕਿਸਤਾਨ ਨੂੰ ਖਰੀਆਂ ਖਰੀਆਂ ਸੁਣਾਈਆਂ ਅਤੇ ਕਿਹਾ ਕਿ ਜਾਧਵ ਦੇ ਪ੍ਰਵਾਰ ਵਾਲਿਆਂ ਨਾਲ ਬੁਰਾ ਸਲੂਕ ਕਰ ਕੇ ਇਸਲਾਮਾਬਾਦ ਨੇ ਧੋਖਾ ਦਿਤਾ ਹੈ। ਇਸ ਮਾਮਲੇ 'ਚ ਅੱਜ ਸੰਸਦ ਦੇ ਦੋਹਾਂ ਸਦਨਾਂ 'ਚ ਪਾਕਿਸਤਾਨ ਦੀ ਸਖ਼ਤ ਨਿੰਦਾ ਕੀਤੀ ਗਈ।ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਲੋਕ ਸਭਾ ਅਤੇ ਰਾਜ ਸਭਾ 'ਚ ਦਿਤੇ ਇਕ ਬਿਆਨ 'ਚ ਕਿਹਾ ਕਿ 22 ਮਹੀਨੇ ਬਾਅਦ ਇਕ ਮਾਂ ਦੀ ਅਪਣੇ ਪੁੱਤਰ ਨਾਲ ਅਤੇ ਇਕ ਪਤਨੀ ਦੀ ਅਪਣੇ ਪਤੀ ਨਾਲ ਹੋਣ ਵਾਲੀ ਭਾਵੁਕ ਮੁਲਾਕਾਤ ਨੂੰ ਪਾਕਿਸਤਾਨ ਨੈ ਇਕ ਕੁਪ੍ਰਚਾਰ ਦੇ ਹਥਿਆਰ ਵਜੋਂ ਪ੍ਰਯੋਗ ਕੀਤਾ। ਉਨ੍ਹਾਂ ਕਿਹਾ ਕਿ ਇਸ ਮੁਲਾਕਾਤ 'ਚ ਜਾਧਵ ਦੇ ਪ੍ਰਵਾਰ ਵਾਲਿਆਂ ਦੇ ਮਨੁੱਖੀ ਅਧਿਕਾਰਾਂ ਦਾ ਪੂਰੀ ਤਰ੍ਹਾਂ ਉਲੰਘਣ ਕੀਤਾ ਗਿਆ ਅਤੇ ਉਨ੍ਹਾਂ ਨੂੰ ਡਰਾ ਦੇਣ ਵਾਲਾ ਵਾਤਾਵਰਣ ਪੈਦਾ ਕੀਤਾ ਗਿਆ ਸੀ, ਜਿਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਘੱਟ ਹੈ। ਸੁਸ਼ਮਾ ਦੇ ਬਿਆਨ ਤੋਂ ਬਾਦਅ ਸਾਰੀਆਂ ਪਾਰਟੀਆਂ ਨੇ ਇਸ ਮੁੱਦੇ 'ਤੇ ਸਰਕਾਰ ਦੀ ਹਮਾਇਤ ਕੀਤੀ। ਸੁਸ਼ਮਾ ਨੇ ਕਿਹਾ ਕਿ ਪਾਕਿਸਤਾਨੀ ਅਧਿਕਾਰੀਆਂ ਨੇ ਸੁਰੱਖਿਆ ਦੇ ਨਾਂ 'ਤੇ ਜਾਧਵ ਦੀ ਮਾਂ ਅਤੇ ਪਤਨੀ ਦੇ ਕਪੜੇ ਬਦਲਵਾਏ, ਉਨ੍ਹਾਂ ਦੇ ਮੰਗਲ ਸੂਤਰ, ਬਿੰਦੀ ਸਮੇਤ ਉਨ੍ਹਾਂ ਦੇ ਗਹਿਣੇ ਵੀ ਉਤਰਵਾ ਲਏ। ਸੁਸ਼ਮਾ ਅਨੁਸਾਰ ਜਾਧਵ ਦੀ ਮਾਂ ਨੇ ਉਨ੍ਹਾਂ ਨੂੰ ਦਸਾ ਕਿ ਜਦੋਂ ਉਹ ਅਪਣੇ ਪੁੱਤਰ ਦੇ ਸਾਹਮਣੇ ਪੁੱਜੀ ਤਾਂ ਉਨ੍ਹਾਂ ਨੂੰ ਬਗ਼ੈਰ ਬਿੰਦੀ, ਚੂੜੀਆਂ ਅਤੇ ਮੰਗਲਸੂਤਰ ਤੋਂ ਵੇਖ ਕੇ ਜਾਧਵ ਨੇ ਪਹਿਲਾ ਸਵਾਲ ਕੀਤਾ ਕਿ 'ਬਾਬਾ ਠੀਕ ਹਨ?' ਸੁਸ਼ਮਾ ਨੇ ਕਿਹਾ ਕਿ ਜਾਧਵ ਦੀ ਮਾਂ ਮੁਤਾਬਕ ਉਨ੍ਹਾਂ ਨੂੰ ਬਗ਼ੈਰ ਬਿੰਦੀ, ਚੂੜੀ ਅਤੇ ਮੰਗਲਸੂਤਰ ਤੋਂ ਵੇਖ ਕੇ ਪੁੱਤਰ ਨੂੰ ਲੱਗਿਆ ਹੋਵੇਗਾ ਕਿ ਕੋਈ ਅਣਹੋਣੀ ਨਾ ਹੋ ਗਈ ਹੋਵੇ।
ਸੁਸ਼ਮਾ ਨੇ ਕਿਹਾ ਕਿ ਪਾਕਿਸਤਾਨ ਦਾ ਇਹ ਦਾਅਵਾ ਬਿਲਕੁਲ ਝੂਠ ਹੈ ਕਿ ਜਾਧਵ ਦੀ ਪਤਨੀ ਦੇ ਜੁੱਤਿਆਂ 'ਚ ਕੋਈ ਉਪਕਰਨ ਸੀ। ਉਨ੍ਹਾਂ ਕਿਹਾ ਕਿ ਜਾਧਵ ਦੀ ਪਤਨੀ ਦੁਬਈ ਹੁੰਦੇ ਹੋਏ ਇਸਲਾਮਾਬਾਦ ਪੁੱਜੀ ਸੀ ਅਤੇ ਦੋਵੇਂ ਹਵਾਈ ਅੱਡਿਆਂ 'ਤੇ ਉਹ ਸੁਰੱਖਿਆ ਜਾਂਚ ਵਿਚੋਂ ਲੰਘੀ ਸੀ ਪਰ ਉਦੋਂ ਕਿਸੇ ਉਪਕਰਨ ਦਾ ਪਤਾ ਨਾ ਲੱਗਾ।ਉਨ੍ਹਾਂ ਕਿਹਾ ਕਿ ਇਹ ਮੁਲਾਕਾਤ ਉਨ੍ਹਾਂ ਦੇ ਪ੍ਰਵਾਰ ਵਾਲਿਆਂ ਲਈ ਅੱਗੇ ਵਧਣ ਦੀ ਦਿਸ਼ਾ 'ਚ ਕਦਮ ਹੋ ਸਕਦਾ ਸੀ ਪਰ ਇਹ ਦੁੱਖ ਦੀ ਗੱਲ ਹੈ ਕਿ ਦੋਹਾਂ ਦੇਸ਼ਾਂ ਵਿਚਕਾਰ ਬਣੀ ਸਹਿਮਤੀ ਅਨੁਸਾਰ ਇਹ ਮੁਲਾਕਾਤ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਦੋਹਾਂ ਦੇਸ਼ਾਂ ਵਿਚਕਾਰ ਸਪੱਸ਼ਟ ਸਮਝੌਤਾ ਸੀ ਕਿ ਮੀਡੀਆ ਨੂੰ ਜਾਧਵ ਦੇ ਪ੍ਰਵਾਰ ਵਾਲਿਆਂ ਨੇੜੇ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ ਪਰ ਪਾਕਿਸਤਾਨੀ ਪ੍ਰੈੱਸ ਨੂੰ ਨਾ ਸਿਰਫ਼ ਪ੍ਰਵਾਰ ਵਾਲਿਆਂ ਕੋਲ ਆਉਣ ਦਾ ਮੌਕਾ ਦਿਤਾ ਗਿਆ ਬਲਕਿ ਉਨ੍ਹਾਂ ਨੂੰ ਤਾਅਨੇ ਦੇ ਕੇ ਪ੍ਰੇਸ਼ਾਨ ਵੀ ਕੀਤਾ ਗਿਆ। ਜ਼ਿਕਰਯੋਗ ਹੈ ਕਿ ਜਾਧਵ ਨੂੰ ਪਾਕਿਸਤਾਨ 'ਚ ਜਾਸੂਸੀ ਦੇ ਦੋਸ਼ ਹੇਠ ਮੌਤ ਦੀ ਸਜ਼ਾ ਦਿਤੀ ਗਈ ਸੀ ਜਿਸ ਵਿਰੁਧ ਕੋਮਾਂਤਰੀ ਅਦਾਲਤ 'ਚ ਭਾਰਤ ਨੇ ਇਕ ਅਪੀਲ ਦਾਇਰ ਕੀਤੀ ਸੀ। ਇਸ ਅਪੀਲ ਦੇ ਨਤੀਜੇ ਵਜੋਂ ਅਸਥਾਈ ਤੌਰ 'ਤੇ ਉਸ ਦੀ ਮੌਤ ਦੀ ਸਜ਼ਾ 'ਤੇ ਰੋਕ ਲੱਗ ਗਈ ਸੀ। ਸੁਸ਼ਮਾ ਦੇ ਬਿਆਨ ਤੋਂ ਬਾਅਦ ਸਾਰੀਆਂ ਸਿਆਸੀ ਪਾਰਟੀਆਂ ਨੇ ਪਾਕਿਸਤਾਨ ਦੇ ਵਤੀਰੇ ਦੀ ਸਦਨ 'ਚ ਸਖ਼ਤ ਨਿੰਦਾ ਕੀਤੀ। ਰਾਜ ਸਭਾ ਦੇ ਸਭਾਪਤੀ ਐਮ. ਵੈਂਕਈਆ ਨਾਇਡੂ ਨੇ ਕਿਹਾ ਕਿ ਪੂਰਾ ਸਦਨ ਸਰਕਾਰ ਨੂੰ ਜਾਧਵ ਦੀ ਸੁਰੱਖਿਅਤ ਰਿਹਾਈ ਲਈ ਕਦਮ ਚੁੱਕਣ ਦਾ ਸੱਦਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸਦਨ ਕੋਮਾਂਤਰੀ ਭਾਈਚਾਰੇ ਨੂੰ ਪਾਕਿਸਤਾਨ ਦੇ ਸਲੂਕ ਦੀ ਨਿੰਦਾ ਦੀ ਅਪੀਲ ਵੀ ਕਰਦਾ ਹੈ। (ਪੀਟੀਆਈ)