
ਨਵੀਂ ਦਿੱਲੀ: ਕੌਮਾਂਤਰੀ ਪੱਧਰ 'ਤੇ ਦੋਹਾਂ ਕੀਮਤੀ ਧਾਤਾਂ 'ਚ ਰਹੀ ਤੇਜ਼ੀ ਦੇ ਬਾਵਜੂਦ ਸਥਾਨਕ ਮੰਗ ਘਟਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਅੱਜ ਸੋਨਾ 225 ਰੁਪਏ ਘੱਟ ਕੇ 30,375 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ। ਹਾਲਾਂਕਿ ਗਿੰਨੀ 24,700 ਰੁਪਏ ਪ੍ਰਤੀ 8 ਗ੍ਰਾਮ 'ਤੇ ਟਿਕੀ ਰਹੀ।
ਕਾਰੋਬਾਰੀਆਂ ਦਾ ਕਹਿਣਾ ਹੈ ਕਿ ਸਥਾਨਕ ਬਾਜ਼ਾਰ 'ਚ ਅਜੇ ਗਹਿਣਾ ਮੰਗ ਸੁਸਤ ਹੈ। ਉਦਯੋਗਿਕ ਗਾਹਕੀ ਦੀ ਸੁਸਤੀ ਨਾਲ ਚਾਂਦੀ ਵੀ 450 ਰੁਪਏ ਦੀ ਭਾਰੀ ਗਿਰਾਵਟ ਨਾਲ 40,000 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ।
ਵਿਦੇਸ਼ੀ ਬਾਜ਼ਾਰਾਂ 'ਚ ਲੰਡਨ ਦਾ ਸੋਨਾ ਹਾਜ਼ਰ 3.30 ਡਾਲਰ ਵੱਧ ਕੇ 1,277.85 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਦਸੰਬਰ ਦਾ ਅਮਰੀਕੀ ਸੋਨਾ ਵਾਇਦਾ ਵੀ 2.8 ਡਾਲਰ ਚਮਕ ਕੇ 1,279.6 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ। ਚਾਂਦੀ 'ਚ ਵੀ 0.11 ਡਾਲਰ ਦੀ ਤੇਜ਼ੀ ਰਹੀ ਅਤੇ ਇਹ 16.66 ਡਾਲਰ ਪ੍ਰਤੀ ਔਂਸ 'ਤੇ ਰਹੀ। ਬਾਜ਼ਾਰ ਮਾਹਰਾਂ ਮੁਤਾਬਕ ਦੁਨੀਆ ਦੀਆਂ ਹੋਰ ਪ੍ਰਮੁੱਖ ਕੰਰਸੀਆਂ ਦੇ ਮੁਕਾਬਲੇ ਡਾਲਰ ਦੇ ਟੁੱਟਣ ਨਾਲ ਕੌਮਾਂਤਰੀ ਬਾਜ਼ਾਰ 'ਚ ਸੋਨੇ ਨੂੰ ਸਮਰਥਨ ਮਿਲਿਆ ਹੈ।
ਉੱਥੇ ਹੀ, ਤਿਉਹਾਰੀ ਮੌਸਮ ਸ਼ੁਰੂ ਹੋਣ ਦੇ ਬਾਵਜੂਦ ਵੀ ਸੋਨੇ ਦੀ ਚਮਕ ਫਿੱਕੀ ਪੈ ਗਈ ਹੈ। ਪਿਛਲੇ 2-3 ਸਾਲਾਂ ਦੇ ਮੁਕਾਬਲੇ ਇਸ ਵਾਰ ਸੋਨੇ ਦੇ ਗਹਿਣਿਆਂ ਦੀ ਮੰਗ 'ਚ 60 ਫੀਸਦੀ ਦੀ ਗਿਰਾਵਟ ਹੈ। ਗਹਿਣਾ ਕਾਰੋਬਾਰੀਆਂ ਮੁਤਾਬਕ, ਇਸ ਵਾਰ ਨੋਟਬੰਦੀ, ਜੀ. ਐੱਸ. ਟੀ. ਅਤੇ 50 ਹਜ਼ਾਰ ਦੀ ਖਰੀਦਦਾਰੀ 'ਤੇ ਜ਼ਰੂਰੀ ਕੇ. ਵਾਈ. ਸੀ. ਦਾ ਅਸਰ ਸੋਨੇ ਦੇ ਕਾਰੋਬਾਰ 'ਤੇ ਪਿਆ ਹੈ। ਸੋਨੇ 'ਤੇ 50 ਹਜ਼ਾਰ ਰੁਪਏ ਤੋਂ ਵੱਧ ਦੇ ਗਹਿਣੇ ਖਰੀਦਣ 'ਤੇ ਪਛਾਣ ਸਬੂਤ ਜ਼ਰੂਰੀ ਹੋਣ ਨਾਲ ਗਾਹਕ ਬਾਜ਼ਾਰ ਤੋਂ ਦੂਰ ਹੋਏ ਹਨ। ਹਾਲਾਂਕਿ ਦਿਵਾਲੀ ਨਜ਼ਦੀਕ ਆਉਣ 'ਤੇ ਮੰਗ 'ਚ ਸੁਧਾਰ ਦੀ ਉਮੀਦ ਕੀਤੀ ਜਾ ਰਹੀ ਹੈ।