
ਨਵੀਂ
ਦਿੱਲੀ, 6 ਅਕਤੂਬਰ: ਕਾਰੋਬਾਰੀਆਂ ਅਤੇ ਖਪਤਕਾਰਾਂ ਨੂੰ ਦੀਵਾਲੀ ਦਾ ਤੋਹਫ਼ਾ ਦਿੰਦਿਆਂ
ਅੱਜ ਜੀ.ਐਸ.ਟੀ. ਕੌਂਸਲ ਨੇ ਵਸਤੂ ਅਤੇ ਸੇਵਾ ਟੈਕਸ (ਜੀ.ਐਸ.ਟੀ.) 'ਚ ਕਈ ਸੁਧਾਰਾਂ ਦਾ
ਐਲਾਨ ਕੀਤਾ। ਵਿੱਤ ਮੰਤਰੀ ਅਰੁਣ ਜੇਤਲੀ ਨੇ ਨਿਰਯਾਤਕਾਂ ਨੂੰ ਰਾਹਤ ਦਿੰਦਿਆਂ ਐਲਾਨ ਕੀਤਾ
ਗਿਆ ਕਿ ਜੁਲਾਈ ਅਤੇ ਅਗੱਸਤ ਮਹੀਨੇ ਲਈ ਰਿਟਰਨ ਚੈੱਕਾਂ ਰਾਹੀਂ 10 ਅਕਤੂਬਰ ਤੋਂ 18
ਅਕਤੂਬਰ ਵਿਚਕਾਰ ਦਿਤੀ ਜਾਵੇਗੀ।
ਇਸ ਤੋਂ ਇਲਾਵਾ ਪ੍ਰਕਿਰਿਆ ਨੂੰ ਅੱਗੇ ਵਧਾਉਣ ਲਈ
ਹਰ ਨਿਰਯਾਤਕ ਲਈ 1 ਅਪ੍ਰੈਲ, 2018 ਤਕ ਈ-ਵਾਲੇਟ ਬਣਾਈ ਜਾਵੇਗੀ। ਉਸ ਵੇਲੇ ਤਕ
ਨਿਰਯਾਤਕਾਂ ਨੂੰ 0.1 ਫ਼ੀ ਸਦੀ ਦਾ ਮਾਮੂਲੀ ਜੀ.ਐਸ.ਟੀ. ਅਦਾ ਕਰਨਾ ਹੋਵੇਗਾ।
ਵਿੱਤ
ਮੰਤਰੀ ਨੇ ਕਿਹਾ ਕਿ ਜੀ.ਐਸ.ਟੀ. ਕੌਂਸਲ ਨੇ 1.5 ਕਰੋੜ ਰੁਪਏ ਤਕ ਦੀ ਟਰਨਓਵਰ ਵਾਲੇ ਛੋਟੇ
ਅਤੇ ਦਰਮਿਆਨੇ ਉਦਯੋਗਾਂ ਨੂੰ ਹਰ ਮਹੀਨੇ ਰਿਟਰਨ ਜਮ੍ਹਾਂ ਕਰਨ ਦੀ ਥਾਂ ਤਿਮਾਹੀ ਰਿਟਰਨ
ਜਮ੍ਹਾਂ ਕਰਨ ਦੀ ਛੋਟ ਦਿਤੀ ਹੈ। ਇਸ ਤਬਦੀਲੀ ਨਾਲ 90 ਫ਼ੀ ਸਦੀ ਟੈਕਸਦਾਤਿਆਂ ਨੂੰ ਲਾਭ
ਪਹੁੰਚੇਗਾ। ਨਵੀਂ ਟੈਕਸ ਵਿਵਸਥਾ ਤੋਂ ਪੈਦਾ ਹੋਈਆਂ ਵੱਡੀਆਂ ਸਮੱਸਿਆਵਾਂ 'ਚੋਂ ਇਕ ਰਿਟਰਨ
ਜਮ੍ਹਾਂ ਕਰਨ ਦੀ ਪ੍ਰਕਿਰਿਆ ਸੀ ਜਿਸ ਕਰ ਕੇ ਕਾਰੋਬਾਰੀ ਨੂੰ ਮਹੀਨੇ 'ਚ ਤਿੰਨ ਵਾਰੀ
ਰਿਟਰਨ ਜਮ੍ਹਾਂ ਕਰਨੀ ਪੈਂਦੀ ਸੀ।
ਜੀ.ਐਸ.ਟੀ. 'ਚ ਕੰਪੋਜੀਸ਼ਨ ਸਕੀਮ ਲਈ ਹੱਦ 75 ਲੱਖ ਤੋਂ ਵਧਾ ਕੇ 1 ਕਰੋੜ ਕਰ ਦਿਤਾ ਹੈ।