ਨਵੀਂ ਦਿੱਲੀ, 27 ਫ਼ਰਵਰੀ : ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਹੈ ਕਿ ਦੇਸ਼ ਵਿਚ ਆਮਦਨ ਦੀਆਂ ਵੱਡੀਆਂ ਭਿੰਨਤਾਵਾਂ ਨੂੰ ਵੇਖਦਿਆਂ ਮਾਲ ਤੇ ਸੇਵਾ ਕਰ ਯਾਨੀ ਜੀਐਸਟੀ ਦੀ ਇਕ ਦਰ ਲਾਗੂ ਕਰਨਾ ਹਾਲੇ ਸੰਭਵ ਨਹੀਂ ਹੈ ਹਾਲਾਂਕਿ ਵਿੱਤ ਮੰਤਰੀ ਨੇ ਨਿਵੇਸ਼ਕਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਅੱਗੇ ਇਸ ਮਾਮਲੇ ਵਿਚ ਹੋਰ ਸੁਧਾਰ ਕਰੇਗੀ। ਭਾਰਤ-ਕੋਰੀਆ ਸਿਖਰ ਸੰਮੇਲਨ ਦੌਰਾਨ ਸਵਾਲਾਂ ਦੇ ਜਵਾਬ ਵਿਚ ਜੇਤਲੀ ਨੇ ਕਿਹਾ ਕਿ ਦੇਸ਼ ਵਿਚ ਫ਼ਿਲਹਾਲ ਜੀਐਸਟੀ ਦੀ ਇਕ ਦਰ ਸੰਭਵ ਨਹੀਂ ਹੈ। ਇਸ ਦਾ ਕਾਰਨ ਹੈ ਕਿ ਸਾਡਾ ਸਮਾਜ ਵੰਨ-ਸੁਵੰਨਤਾ ਨਾਲ ਭਰਿਆ ਹੈ। ਉਨ੍ਹਾਂ ਕਿਹਾ ਕਿ ਸੁਧਾਰਾਂ ਦਾ ਅਗਲਾ ਦੌਰ ਕਰ ਪਾਲਣਾ ਵਾਲਾ ਸਮਾਜ ਬਣਨ ਮਗਰੋਂ ਸ਼ੁਰੂ ਹੋਵੇਗਾ।
ਜੀਐਸਟੀ ਦੇ ਬੋਝ ਬਾਰੇ ਜੇਤਲੀ ਨੇ ਕਿਹਾ ਕਿ ਹਾਲੇ ਇਹ ਕਾਫ਼ੀ ਭਾਰੀ ਹੈ ਪਰ ਸਥਿਤੀ ਵਿਚ ਸੁਧਾਰ ਹੋਵੇਗਾ ਕਿਉਂਕਿ ਮਾਲੀਆ ਵਿਭਾਗ ਨੇ ਕਈ ਕਦਮ ਚੁਕੇ ਹਨ। ਉਨ੍ਹਾਂ ਕਿਹਾ ਕਿ ਭਾਰਤ ਵਿਚ ਜੀਐਸਟੀ ਦੀਆਂ ਕਈ ਦਰਾਂ ਨਾਲ ਸ਼ੁਰੂਆਤ ਦਾ ਕਾਰਨ ਇਹ ਹੈ ਕਿ ਦੇਸ਼ ਵਿਚ ਪਹਿਲਾਂ ਹੀ 17 ਕਰ ਅਤੇ 23 ਉਪ ਕਰ ਸਨ ਜਿਨ੍ਹਾਂ ਨੂੰ ਜੀਐਸਟੀ ਵਿਚ ਸ਼ਾਮਲ ਕੀਤਾ ਗਿਆ। ਉਨ੍ਹਾਂ ਕਿਹਾ ਕਿ 28 ਫ਼ੀ ਸਦੀ ਕਰ ਸਲੈਬ ਨੂੰ ਕਾਫ਼ੀ ਛੋਟਾ ਕੀਤਾ ਗਿਆ। ਐਸ਼ੋ-ਆਰਾਮ ਦੀਆਂ ਚੀਜ਼ਾਂ 'ਤੇ ਪੰਜ ਫ਼ੀ ਸਦੀ ਦਾ ਕਰ ਨਹੀਂ ਹੋ ਸਕਦਾ। ਦੇਸ਼ ਵਿਚ ਆਰਥਕ ਨਾਬਰਾਬਰੀ ਕਾਰਨ ਕਰ ਦੀਆਂ ਦਰਾਂ ਵਿਚ ਫ਼ਰਕ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁੱਝ ਸਮੇਂ ਦੌਰਾਨ ਬੈਂਕ ਕਾਫ਼ੀ ਚੌਕਸ ਹੋਏ ਹਨ ਕਿਉਂਕਿ ਇਨ੍ਹਾਂ ਨੂੰ ਗਾਹਕਾਂ ਨੇ ਕਾਫ਼ੀ ਝਟਕਾ ਦਿਤਾ ਹੈ। (ਏਜੰਸੀ)