
ਨਵੀਂ ਦਿੱਲੀ 4 ਅਕਤੂਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਜੀਐਸਟੀ ਨਾਲ ਕਾਰੋਬਾਰ ਨੂੰ ਹੋਏ ਨੁਕਸਾਨ 'ਤੇ ਉਨ੍ਹਾਂ ਦੀ ਨਜ਼ਰ ਹੈ। ਜੇ ਲੋੜ ਪਈ ਤਾਂ ਜ਼ਰੂਰੀ ਬਦਲਾਅ ਕੀਤੇ ਜਾਣਗੇ। ਪ੍ਰਧਾਨ ਮੰਤਰੀ ਇੰਸਟੀਚਿਊਟ ਆਫ਼ ਕੰਪਨੀ ਸੈਕਰੇਟਰੀਜ਼ ਆਫ਼ ਇੰਡੀਆ ਦੇ ਗੋਲਡਨ ਜੁਬਲੀ ਸਮਾਗਮ ਦੇ ਉਦਘਾਟਨ ਮਗਰੋਂ ਭਾਸ਼ਨ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਈਮਾਨਦਾਰ ਵਪਾਰੀਆਂ ਨੂੰ ਡਰਨ ਦੀ ਲੋੜ ਨਹੀਂ ਪਰ ਬੇਈਮਾਨ ਖ਼ਬਰਦਾਰ ਹੋ ਜਾਣ। ਮੋਦੀ ਨੇ ਅਰੁਣ ਸ਼ੌਰੀ ਅਤੇ ਯਸ਼ਵੰਤ ਸਿਨਹਾ ਦਾ ਨਾਮ ਲਏ ਬਿਨਾਂ ਉਨ੍ਹਾਂ 'ਤੇ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਕੁੱਝ ਲੋਕਾਂ ਨੂੰ ਨਿਰਾਸ਼ਾ ਫੈਲਾਉਣ ਦੀ ਆਦਤ ਹੁੰਦੀ ਹੈ। ਨਿਰਾਸ਼ਾ ਫੈਲਾਉਣ ਵਾਲਿਆਂ ਦੀ ਪਛਾਣ ਕਰਨਾ ਬੇਹੱਦ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਨਿਰਾਸ਼ਾ ਫੈਲਾ ਕੇ ਚੰਗੀ ਨੀਂਦ ਆਉਂਦੀ ਹੈ। ਉਨ੍ਹਾਂ ਕਿਹਾ, 'ਵਿੱਤੀ ਮਾਮਲਿਆਂ ਸਬੰਧੀ ਸਾਡੀ ਆਲੋਚਨਾ ਹੋਈ ਹੈ। ਅਸੀਂ ਸਖ਼ਤ ਤੋਂ ਸਖ਼ਤ ਆਲੋਚਨਾ ਵੀ ਬਰਦਾਸ਼ਤ ਕਰਦੇ ਹਾਂ ਕਿਉਂਕਿ ਇਹ ਸੰਵੇਦਨਸ਼ੀਲ ਸਰਕਾਰ ਹੈ।' ਉਨ੍ਹਾਂ ਕਿਹਾ ਕਿ ਆਲੋਚਕਾਂ ਦੀ ਹਰ ਗੱਲ ਗ਼ਲਤ ਨਹੀਂ ਹੁੰਦੀ ਪਰ ਦੇਸ਼ ਵਿਚ ਨਿਰਾਸ਼ਾ ਦਾ ਮਾਹੌਲ ਪੈਦਾ ਕਰਨ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁਦਰਾ ਯੋਜਨਾ ਨਾਲ ਲੋਕਾਂ ਦੇ ਜੀਵਨ ਵਿਚ ਬਦਲਾਅ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦ ਦੋ ਲੱਖ ਫ਼ਰਜ਼ੀ ਕੰਪਨੀਆਂ ਨੂੰ ਬੰਦ ਕੀਤਾ ਗਿਆ ਤਾਂ ਵੀ ਮੋਦੀ ਦਾ ਪੁਤਲਾ ਨਹੀਂ ਸਾੜਿਆ ਗਿਆ। ਉਨ੍ਹਾਂ ਕਿਹਾ ਕਿ ਸਾਨੂੰ ਪਤਾ ਹੈ ਕਿ ਜੀਐਸਟੀ ਨਾਲ ਕਿਤੇ ਨੁਕਸਾਨ ਵੀ ਹੋਇਆ ਹੈ ਪਰ ਸਾਡੀ ਇਸ 'ਤੇ ਨਜ਼ਰ ਹੈ। ਜੇ ਲੋੜ ਪਈ ਤਾਂ ਬਦਲਾਅ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਵੇਂ ਆਲੋਚਕ ਕਹਿ ਰਹੇ ਹਨ ਕਿ ਦੇਸ਼ ਵਿਚ ਮੰਦੀ ਦਾ ਮਾਹੌਲ ਹੈ, ਅਜਿਹਾ ਨਹੀਂ। ਇਹ ਗੱਲਾਂ ਹਕੀਕਤ ਤੋਂ ਦੂਰ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀ ਬਦਲਦੀ ਹੋਈ ਅਰਥਵਿਵਸਥਾ ਵਿਚ ਹੁਣ ਈਮਾਨਦਾਰੀ ਨੂੰ ਪ੍ਰੀਮੀਅਮ ਮਿਲੇਗਾ ਅਤੇ ਈਮਾਨਦਾਰਾਂ ਦੇ ਹਿਤਾਂ ਦੀ ਰਾਖੀ ਕੀਤੀ ਜਾਵੇਗੀ। ਨੋਟਬੰਦੀ ਦੇ ਸੰਦਰਭ ਵਿਚ ਉਨ੍ਹਾਂ ਕਿਹਾ ਕਿ 8 ਨਵੰਬਰ ਇਤਿਹਾਸ ਵਿਚ ਭ੍ਰਿਸ਼ਟਾਚਾਰ ਤੋਂ ਮੁਕਤੀ ਦੀ ਸ਼ੁਰੂਆਤ ਦਿਵਸ ਮਨਾਇਆ ਜਾਵੇਗਾ। ਜੀਐਸਟੀ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਉਹ ਲਕੀਰ ਦੇ ਫ਼ਕੀਰ ਨਹੀਂ ਅਤੇ ਜੀਐਸਟੀ ਪਰਿਸਦ ਨੂੰ ਇਸ ਸੁਧਾਰ ਨੂੰ ਲਾਗੂ ਕਰਨ ਨਾਲ ਜੁੜੇ ਤਕਨੀਕੀ ਅੜਿੱਕਿਆਂ ਨੂੰ ਪਛਾਣਨ ਨੂੰ ਕਿਹਾ ਹੈ ਤਾਕਿ ਛੋਟੇ ਅਤੇ ਦਰਮਿਆਨੇ ਕਾਰੋਬਾਰੀਆਂ ਦੀਆਂ ਸਮੱਸਿਆਵਾਂ ਦੂਰ ਕੀਤੀਆਂ ਜਾ ਸਕਣ। ਸਰਕਾਰ ਛੋਟੇ ਕਾਰੋਬਾਰੀਆਂ ਦੀ ਮਦਦ ਕਰਨ ਨੂੰ ਤਿਆਰ ਹਨ। ਉਨ੍ਹਾਂ ਕਿਹਾ ਕਿਹਾ ਇਹ ਗੱਲ ਸਹੀ ਹੈ ਕਿ ਪਿਛਲੇ ਤਿੰਨ ਸਾਲਾਂ ਵਿਚ ਜੀਡੀਪੀ ਵਾਧਾ ਘਟਿਆ ਹੈ, ਪਰ ਇਹ ਪਹਿਲੀ ਵਾਰ ਨਹੀਂ ਹੋਇਆ। ਸਰਕਾਰ ਇਸ ਰੁਝਾਨ ਨੂੰ ਬਦਲਣ ਲਈ ਤਤਪਰ ਹੈ।
(ਏਜੰਸੀ)