
ਕਾਨਪੁਰ, 1 ਅਕਤੂਬਰ :
ਮੁਹੱਰਮ ਦੇ ਜਲੂਸ ਦੌਰਾਨ ਯੂਪੀ ਦੇ ਤਿੰਨ ਜ਼ਿਲ੍ਹਿਆਂ ਵਿਚ ਹਿੰਸਕ ਘਟਨਾਵਾਂ ਵਾਪਰੀਆਂ ਹਨ।
ਕਾਨਪੁਰ ਵਿਚ ਜਲੂਸ ਦਾ ਰਸਤਾ ਬਦਲੇ ਜਾਣ ਮਗਰੋਂ ਹਿੰਸਾ ਭੜਕ ਪਈ। ਸਾੜਫੂਕ ਅਤੇ
ਗੋਲੀਬਾਰੀ ਦੀ ਵੀ ਖ਼ਬਰ ਹੈ। ਉਧਰ, ਬਲੀਆ ਵਿਚ ਹਿੰਸਾ ਅਤੇ ਸਾੜਫੂਕ ਮਗਰੋਂ ਕਰਫ਼ੀਊ ਲਗਾ
ਦਿਤਾ ਗਿਆ।
ਕੁਸ਼ੀਨਗਰ ਵਿਚ ਜਲੂਸ ਦੌਰਾਨ ਸਮਾਜ ਵਿਰੋਧੀ ਅਨਸਰਾਂ ਨੇ ਥਾਣਾ ਮੁਖੀ 'ਤੇ
ਹਮਲਾ ਕਰ ਦਿਤਾ ਜਿਸ ਮਗਰੋਂ ਦੂਜੀ ਧਿਰ ਨੇ ਹੰਗਾਮਾ ਕੀਤਾ। ਕਾਨਪੁਰ ਵਿਚ ਸਾੜਫੂਕ ਅਤੇ
ਗੋਲੀਬਾਰੀ ਦੀਆਂ ਘਟਨਾਵਾਂ ਵਾਪਰੀਆਂ ਹਨ। ਪ੍ਰਸ਼ਾਸਨ ਨੇ ਹਾਲਾਤ 'ਤੇ ਕਾਬੂ ਪਾਉਣ ਲਈ ਵਾਧੂ
ਸੁਰੱਖਿਆ ਬਲ ਭੇਜੇ ਹਨ। ਹਿੰਸਕ ਘਟਨਾਵਾਂ ਵਿਚ ਪੰਜ ਜਣੇ ਜ਼ਖ਼ਮੀ ਹੋ ਗਏ। ਤਾਜ਼ੀਏ ਦੇ ਜਲੂਸ
ਦੌਰਾਨ ਇਕ ਧਿਰ ਲਈ ਜਿਹੜਾ ਰਾਹ ਨਿਸਚਿਤ ਕੀਤਾ ਗਿਆ ਸੀ, ਉਹ ਉਸ ਦੀ ਬਜਾਏ ਦੂਜੇ ਮਾਰਗ
'ਤੇ ਚਲੇ ਗਈ ਜਿਸ 'ਤੇ ਦੂਜੀ ਧਿਰ ਨੇ ਇਤਰਾਜ਼ ਕੀਤਾ। ਇਸ ਮਗਰੋਂ ਹਿੰਸਾ ਅਤੇ ਅੱਗਜ਼ਨੀ
ਦੀਆਂ ਘਟਨਾਵਾਂ ਵਾਪਰੀਆਂ। ਫ਼ਿਲਹਾਲ ਹਾਲਾਤ ਤਣਾਅਪੂਰਨ ਹਨ।
ਪੁਲਿਸ ਅਧਿਕਾਰੀ ਆਲੋਕ
ਸਿੰਘ ਨੇ ਦਸਿਆ ਕਿ ਜੂਹੀ ਥਾਣਾ ਖੇਤਰ ਵਿਚ ਤਾਜ਼ੀਏ ਦਾ ਜਲੂਸ ਜਦ ਤੈਅ ਰਸਤੇ ਤੋਂ ਹਟਿਆ
ਤਾਂ ਇਕ ਧਿਰ ਦੇ ਕੁੱਝ ਲੋਕਾਂ ਨੇ ਜਲੂਸ 'ਤੇ ਪਥਰਾਅ ਕਰ ਦਿਤਾ। ਉਨ੍ਹਾਂ ਦਸਿਆ ਕਿ ਦੋ
ਕਾਰਾਂ ਅਤੇ ਚਾਰ ਮੋਟਰਸਾਈਕਲਾਂ ਨੂੰ ਅੱਗ ਲਾ ਦਿਤੀ ਗਈ। ਪੁਲਿਸ ਨੇ ਭੀੜ ਨੂੰ ਖਿੰਡਾਉਣ
ਲਈ ਲਾਠੀਆਂ ਵੀ ਮਾਰੀਆਂ। ਉਨ੍ਹਾਂ ਦਸਿਆ ਕਿ ਬਲੀਆ ਦੇ ਸਿਕੰਦਰਪੁਰ ਵਿਚ ਕਰੀਬ ਅੱਧਾ ਦਰਜਨ
ਲੋਕ ਉਸ ਸਮੇਂ ਜ਼ਖ਼ਮੀ ਹੋ ਗਏ ਜਦ ਬੱਚਿਆਂ ਕਾਰਨ ਹੋਏ ਝਗੜੇ ਵਿਚ ਦੋ ਫ਼ਿਰਕੇ ਆਹਮੋ ਸਾਹਮਣੇ
ਹੋ ਗਏ। ਘਟਨਾ ਕਲ ਰਾਤ ਦੀ ਹੈ।
ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਘਟਨਾਵਾਂ ਵਿਚ
ਤਿੰਨ ਜਣੇ ਜ਼ਖ਼ਮੀ ਹੋਏ ਹਨ ਹਾਲਾਂਕਿ ਪ੍ਰਤੱਖਦਰਸ਼ੀਆਂ ਦਾ ਕਹਿਣਾ ਹੈ ਕਿ ਜ਼ਖ਼ਮੀਆਂ ਦੀ ਗਿਣਤੀ
ਛੇ ਹੈ। ਉਨ੍ਹਾਂ ਦਸਿਆ ਕਿ ਉੱਤਰ ਪ੍ਰਦੇਸ਼ ਪੀਏਸੀ ਦੀਆਂ ਚਾਰ ਕੰਪਨੀਆਂ ਅਤੇ ਆਰਏਐਫ਼ ਦੀ
ਇਕ ਕੰਪਨੀ ਖੇਤਰ ਵਿਚ ਸ਼ਾਂਤੀ ਕਾਇਮ ਰੱਖਣ ਲਈ ਤੈਨਾਤ ਕੀਤੀ ਗਈ ਹੈ। ਕਿਸੇ ਬਲ ਦੀ ਇਕ
ਕੰਪਨੀ ਵਿਚ ਲਗਭਗ 100 ਜਵਾਨ ਹੁੰਦੇ ਹਨ। ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਲਖਲਊ
ਤੋਂ ਪੀਏਸੀ ਅਤੇ ਆਰਏਐਫ਼ ਦੀ ਇਕ ਇਕ ਕੰਪਨੀ ਹੋਰ ਭੇਜੀ ਗਈ ਹੈ। ਹਾਲਾਤ 'ਤੇ ਸਖ਼ਤ ਨਜ਼ਰ
ਰੱਖੀ ਜਾ ਰਹੀ ਹੈ। ਕਲਿਆਣਪੁਰ ਥਾਣਾ ਖੇਤਰ ਦੇ ਰਾਵਤਪੁਰ ਪਿੰਡ ਵਿਚ ਵੀ ਕਲ ਰਾਤ ਤਣਾਅ
ਪੈਦਾ ਹੋ ਗਿਆ ਸੀ ਪਰ ਇਸ 'ਤੇ ਕਾਬੂ ਪਾ ਲਿਆ ਗਿਆ। ਅਧਿਕਾਰੀ ਨੇ ਦਸਿਆ ਕਿ ਅੱਧਾ ਦਰਜਨ
ਵਿਅਕਤੀ ਉਦੋਂ ਜ਼ਖ਼ਮੀ ਹੋ ਗਏ ਜਦ ਬੱਚਿਆਂ ਕਾਰਨ ਦੋ ਤਬਕਿਆਂ ਵਿਚਕਾਰ ਝਗੜਾ ਹੋ ਗਿਆ।
ਪੁਲਿਸ ਅਤੇ ਪੀਏਸੀ ਜਵਾਨ ਤਣਾਅ ਵਾਲੀਆਂ ਥਾਵਾਂ 'ਤੇ ਤੈਨਾਤ ਕਰ ਦਿਤੇ ਗਏ ਹਨ। ਹਾਲਾਤ
ਤਣਾਅਪੂਰਨ ਪਰ ਕੰਟਰੋਲ ਹੇਠਾਂ ਹਨ।
(ਏਜੰਸੀ)