
ਨਵੀਂ ਦਿੱਲੀ, 28 ਸਤੰਬਰ:
ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦੇ ਭਰੋਸੇਯੋਗ ਰਹਿ ਚੁੱਕੇ
ਕਾਂਗਰਸ ਦੇ ਪੁਰਾਣੇ ਤੇ ਸੀਨੀਅਰ ਆਗੂ ਮੱਖਣ ਲਾਲ ਫ਼ੋਤੇਦਾਰ ਦਾ ਅੱਜ ਦੇਹਾਂਤ ਹੋ ਗਿਆ। ਉਹ
85 ਸਾਲ ਦੇ ਸਨ।
ਉਨ੍ਹਾਂ ਦਾ ਦੇਹਾਂਤ ਅੱਜ ਗੁਰੂਗ੍ਰਾਮ ਦੇ ਮੇਦੰਤਾ ਹਸਪਤਾਲ ਵਿਚ
ਅੱਜ ਦੁਪਹਿਰ ਲਗਭਗ ਡੇਢ ਵਜੇ ਹੋਇਆ। ਉਨ੍ਹਾਂ ਨੂੰ ਸ਼ੂਗਰ, ਹਾਈਪਰਟੈਨਸ਼ਨ ਅਤੇ ਹੋਰ
ਬੀਮਾਰੀ ਕਾਰਨ 20 ਜੂਨ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ।
ਫ਼ੋਤੇਦਾਰ ਦੇ
ਦੇਹਾਂਤ ਦੇ ਦੁਖ ਦਾ ਪ੍ਰਗਟਾਵਾ ਕਰਦਿਆਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ
ਫ਼ੋਤੇਦਾਰ ਨੇ ਬਿਨਾਂ ਥੱਕੇ ਲੋਕਾਂ ਦੇ ਅਧਿਕਾਰਾਂ ਲਈ ਸੰਘਰਸ਼ ਕੀਤਾ ਅਤੇ ਉਹ ਕਾਂਗਰਸ
ਪਾਰਟੀ ਨੂੰ ਹਮੇਸ਼ਾ ਰਾਹ ਵਿਖਾਉਂਦੇ ਰਹੇ। ਉਨ੍ਹਾਂ ਕਿਹਾ ਕਿ ਫ਼ੋਤੇਦਾਰ ਦੀ ਮੌਤ ਕਾਰਨ
ਕਾਂਗਰਸ ਵਿਚ ਖ਼ਾਲੀ ਹੋਈ ਥਾਂ ਨੂੰ ਭਰਿਆ ਨਹੀਂ ਜਾ ਸਕਦਾ। ਰਾਹੁਲ ਗਾਂਧੀ ਨੇ ਕਿਹਾ ਕਿ
ਫ਼ੋਤੇਦਾਰ ਕਾਂਗਰਸ ਪਾਰਟੀ ਦੀ ਮਜ਼ਬੂਤੀ ਦਾ ਅਹਿਮ ਥੰਮ ਸਨ। ਕਸ਼ਮੀਰ ਦੇ ਰਹਿਣ ਵਾਲੇ
ਫ਼ੋਤੇਦਾਰ ਨੂੰ ਸਾਲ 1950 ਵਿਚ ਜਵਾਹਰ ਲਾਲ ਨਹਿਰੂ ਸਿਆਸਤ ਵਿਚ ਲੈ ਕੇ ਆਏ ਸਨ ਅਤੇ
ਹੌਲੀ-ਹੌਲੀ ਉਹ ਕਾਂਗਰਸ ਵਿਚ ਅਹਿਮ ਅਹੁਦਾ ਹਾਸਲ ਕਰ ਕੇ ਪਾਰਟੀ ਵਿਚ ਤਾਕਤਵਰ ਵਿਅਕਤੀ ਬਣ
ਗਏ। ਉਹ ਕਾਂਗਰਸ ਵਿਚ ਏਨੇ ਜ਼ਿਆਦਾ ਭਰੋਸੇਯੋਗ ਵਿਅਕਤੀ ਬਣ ਗਏ ਸਨ ਕਿ 1980 ਵਿਚ ਇੰਦਰਾ
ਗਾਂਧੀ ਨੇ ਉਨ੍ਹਾਂ ਨੂੰ ਅਪਣਾ ਸਿਆਸੀ ਸਕੱਤਰ ਨਿਯੁਕਤ ਕਰ ਦਿਤਾ। 1984 ਵਿਚ ਇੰਦਰਾ
ਗਾਂਧੀ ਦੀ ਹਤਿਆ ਤੋਂ ਬਾਅਦ ਰਾਜੀਵ ਗਾਂਧੀ ਨੇ ਵੀ ਉਨ੍ਹਾਂ ਨੂੰ ਸਿਆਸੀ ਸਕੱਤਰ ਨਿਯੁਕਤ
ਕੀਤਾ ਅਤੇ ਬਾਅਦ ਵਿਚ ਉਨ੍ਹਾਂ ਨੂੰ ਰਾਜੀਵ ਗਾਂਧੀ ਨੇ ਕੈਬਨਿਟ ਮੰਤਰੀ ਬਣਾ ਦਿਤਾ।
ਫੋਤੇਦਾਰ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਵੀ ਰਹੇ ਸਨ। (ਪੀ.ਟੀ.ਆਈ.)