
ਕੀ ਉਹ ਉਸ 'ਭਾਰਤ' ਦੀ ਵਾਪਸੀ ਮੰਗਦੇ ਹਨ ਜਿਸ ਵਿਚ ਬੋਫ਼ੋਰਜ਼ ਵਰਗੇ ਘਪਲੇ ਹੋਏ ਸਨ ਅਤੇ '84 ਵਿਚ ਉਨ੍ਹਾਂ ਨੇ ਸਿੱਖਾਂ ਦਾ ਕਤਲੇਆਮ ਕੀਤਾ ਸੀ?
ਨਵੀਂ ਦਿੱਲੀ, 7 ਫ਼ਰਵਰੀ : ਨਹਿਰੂ-ਗਾਂਧੀ ਪਰਵਾਰ 'ਤੇ ਤਿੱਖਾ ਹਮਲਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਾਂਗਰਸ ਨੇ ਦੇਸ਼ ਦੇ ਟੁਕੜੇ ਕਰਨ ਦਾ ਕੰਮ ਕੀਤਾ ਅਤੇ ਕਾਂਗਰਸੀਆਂ ਨੇ ਪੂਰਾ ਸਮਾਂ ਇਕੋ ਪਰਵਾਰ ਦੇ ਗੀਤ ਗਾਉਣ ਵਿਚ ਲਾ ਦਿਤਾ ਜਿਸ ਕਾਰਨ ਦੇਸ਼ ਦੀ ਜਨਤਾ ਨੇ ਉਨ੍ਹਾਂ ਨੂੰ ਵਿਰੋਧੀ ਧਿਰ ਬਣਾ ਕੇ ਰੱਖ ਦਿਤਾ।
ਰਾਸ਼ਟਰਪਤੀ ਦੇ ਭਾਸ਼ਨ 'ਤੇ ਧਨਵਾਦ ਮਤੇ 'ਤੇ ਸੰਸਦ ਵਿਚ ਹੋਈ ਚਰਚਾ ਦਾ ਜਵਾਬ ਦਿੰਦਿਆਂ ਮੋਦੀ ਨੇ ਕਿਹਾ ਕਿ ਸਿਰਫ਼ ਵਿਰੋਧ ਖ਼ਾਤਰ ਵਿਰੋਧ ਕਰਨਾ ਜਾਇਜ਼ ਨਹੀਂ। ਪ੍ਰਧਾਨ ਮੰਤਰੀ ਨੇ ਜਦ ਜਵਾਬ ਦੇਣਾ ਸ਼ੁਰੂ ਕੀਤਾ ਤਦ ਕਾਂਗਰਸ ਅਤੇ ਖੱਬੀ ਧਿਰ ਦੇ ਮੈਂਬਰ ਨਾਹਰੇਬਾਜ਼ੀ ਕਰਨ ਲੱਗ ਪਏ। ਕਾਂਗਰਸ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਕਿਹਾ, 'ਜਦ ਤੁਸੀਂ ਦੇਸ਼ ਦੀ ਵੰਡ ਕੀਤੀ, ਤਦ ਜ਼ਹਿਰ ਬੀਜੀ। ਅੱਜ ਆਜ਼ਾਦੀ ਦੇ 70 ਸਾਲ ਮਗਰੋਂ ਇਕ ਦਿਨ ਅਜਿਹਾ ਨਹੀਂ ਜਾਂਦਾ ਜਦ ਤੁਹਾਡੇ ਉਸ ਪਾਪ ਦੀ ਸਜ਼ਾ 125 ਕਰੋੜ ਹਿੰਦੁਸਤਾਨੀ ਨਾ ਝੇਲਦੇ ਹੋਣ। ਤੁਸੀਂ ਦੇਸ਼ ਦੇ ਟੁਕੜੇ ਕੀਤੇ।' ਮੋਦੀ ਨੇ ਕਾਂਗਰਸ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪੁਰਾਣੇ ਦਿਨ ਲਿਆਉਣ ਦੀ ਮੰਗ ਕਰ ਰਹੇ ਹਨ ਕੀ ਉਹ ਉਸ 'ਭਾਰਤ' ਦੀ ਵਾਪਸੀ ਮੰਗਦੇ ਹਨ ਜਿਸ ਵਿਚ ਬੋਫ਼ੋਰਜ਼ ਵਰਗੇ ਘਪਲੇ ਹੋਏ ਸਨ ਅਤੇ '84 ਵਿਚ ਉਨ੍ਹਾਂ ਨੇ ਸਿੱਖਾਂ ਦਾ ਕਤਲੇਆਮ ਕੀਤਾ ਸੀ? ਕਾਂਗਰਸ ਆਗੂਆਂ ਨੂੰ ਕਿਹੜੇ ਪੁਰਾਣੇ ਦਿਨ ਚਾਹੀਦੇ ਹਨ ਕਿਉਂਕਿ ਆਜ਼ਾਦੀ ਮਗਰੋਂ ਮਹਾਤਮਾ ਗਾਂਧੀ ਨੇ ਕਾਂਗਰਸ ਨੂੰ ਹੀ ਭੰਗ ਕੀਤੇ ਜਾਣ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਜੇ ਉਹ ਕਾਂਗਰਸ-ਮੁਕਤ ਭਾਰਤ ਦੀ ਗੱਲ ਕਰਦੇ ਹਨ ਤਾਂ ਇਸ ਪਿੱਛੇ ਗਾਂਧੀ ਜੀ ਦੀ ਉਸ ਗੱਲ ਦੀ ਹੀ ਪ੍ਰੇਰਣਾ ਹੈ। ਕਸ਼ਮੀਰ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜੇ ਪਟੇਲ ਪ੍ਰਧਾਨ ਮੰਤਰੀ ਹੁੰਦੇ ਤਾਂ ਸਾਰਾ ਕਸ਼ਮੀਰ ਸਾਡਾ ਹੋਣਾ ਸੀ।
90 ਮਿੰਟ ਦੇ ਭਾਸ਼ਨ 'ਚ ਨਹਿਰੂ ਗਾਂਧੀ ਪਰਵਾਰ 'ਤੇ ਹਮਲਾ ਜਾਰੀ ਰਖਦਿਆਂ ਉਨ੍ਹਾਂ ਕਿਹਾ, 'ਕਾਂਗਰਸ ਵਾਲੇ ਜਿਹੜੇ ਵਿਚਾਰਾਂ ਨਾਲ ਪਲੇ ਹਨ, ਉਹੋ ਜਿਹਾ ਮਾਹੌਲ ਉਨ੍ਹਾਂ ਨੂੰ ਦੇਸ਼ ਦੀ ਆਜ਼ਾਦੀ ਮਗਰੋਂ ਮਿਲਿਆ ਸੀ। ਪੰਚਾਇਤ ਤੋਂ ਸੰਸਦ ਤਕ ਉਹ ਹੀ ਸਨ। ਦੇਸ਼ ਵਿਚ ਉਨ੍ਹਾਂ ਦਾ ਕੋਈ ਵਿਰੋਧ ਨਹੀਂ ਸੀ ਪਰ ਤੁਸੀਂ ਪੂਰਾ ਸਮਾਂ ਇਕ ਪਰਵਾਰ ਦੇ ਗੀਤ ਗਾਉਣ ਵਿਚ ਲਾ ਦਿਤਾ। ਦੇਸ਼ ਦੇ ਇਤਿਹਾਸ ਨੂੰ ਭੁਲਾ ਕੇ ਸਾਰੀ ਸ਼ਕਤੀ ਇਸ ਵਿਚ ਲਾ ਦਿਤੀ।' ਉਨ੍ਹਾਂ ਕਿਹਾ, 'ਉਸ ਵਕਤ ਦੇਸ਼ ਨੂੰ ਅੱਗੇ ਲਿਜਾਣ ਦਾ ਜੇ ਜਜ਼ਬਾ ਹੁੰਦਾ, ਜ਼ਿੰਮੇਵਾਰੀ ਨਾਲ ਕੰਮ ਕੀਤਾ ਹੁੰਦਾ ਤਾਂ ਦੇਸ਼ ਨੂੰ ਕਿਥੋਂ ਕਿਥੇ ਪਹੁੰਚਾ ਦਿੰਦੇ।' ਮੋਦੀ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਲਗਦਾ ਹੈ ਜਿਵੇਂ ਅਗੱਸਤ 1947 ਤੋਂ ਪਹਿਲਾਂ ਭਾਰਤ ਨਾਮ ਦਾ ਦੇਸ਼ ਹੈ ਹੀ ਨਹੀਂ ਸੀ। ਇਸ ਨੂੰ ਹੰਕਾਰ ਨਾ ਕਿਹਾ ਜਾਵੇ ਤਾਂ ਹੋਰ ਕੀ ਕਿਹਾ ਜਾਵੇ। ਕਾਂਗਰਸ ਨੇਤਾ ਕਹਿ ਰਹੇ ਸਨ ਕਿ ਲੋਕਤੰਤਰ ਨਹਿਰੂ ਲੈ ਕੇ ਆਏ ਜਦਕਿ ਬਿਹਾਰ ਵਿਚ ਲਿਛਵੀ ਗਣਰਾਜ ਵਿਚ 2500 ਸਾਲ ਪਹਿਲਾਂ ਲੋਕਤੰਤਰ ਸੀ। (ਏਜੰਸੀ)