
ਨਵੀਂ ਦਿੱਲੀ, 1 ਮਾਰਚ : ਕਥਿਤ ਕਰਜ਼ਾ ਧੋਖਾਧੜੀ ਦੇ ਮਾਮਲੇ ਵਿਚ ਸੀਬੀਆਈ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜਵਾਈ ਗੁਰਪਾਲ ਸਿੰਘ ਕੋਲੋਂ ਪੁੱਛ-ਪੜਤਾਲ ਕੀਤੀ। ਗੁਰਪਾਲ ਸਿੰਘ ਸਿੰਭਾਵਲੀ ਸ਼ੂਗਰਜ਼ ਲਿਮਟਿਡ ਦੇ ਉਪ ਪ੍ਰਬੰਧ ਨਿਰਦੇਸ਼ਕ ਹਨ। ਇਸ ਤੋਂ ਪਹਿਲਾਂ ਸੀਬੀਆਈ ਨੇ ਦਿੱਲੀ, ਹਾਪੁੜ ਅਤੇ ਨੋਇਡਾ ਵਿਚ ਕੰਪਨੀ ਦੇ ਨਿਰਦੇਸ਼ਕਾਂ, ਕਾਰਖ਼ਾਨਿਆਂ, ਕਾਰਪੋਰੇਟ ਦਫ਼ਤਰਾਂ ਅਤੇ ਹੋਰ ਦਫ਼ਤਰਾਂ ਸਮੇਤ ਅੱਠ ਟਿਕਾਣਿਆਂ 'ਤੇ ਛਾਪੇ ਮਾਰੇ। ਇਸੇ ਦੌਰਾਨ ਈਡੀ ਨੇ ਸਿੰਭਾਵਲੀ ਸ਼ੂਗਰਜ਼ ਲਿਮਟਿਡ ਅਤੇ ਇਸ ਦੇ ਅਧਿਕਾਰੀਆਂ 'ਤੇ ਸ਼ਿਕੰਜਾ ਕਸਦਿਆਂ ਕੰਪਨੀ ਤੇ ਅਧਿਕਾਰੀਆਂ ਵਿਰੁਧ 97.85 ਕਰੋੜ ਰੁਪਏ ਦੀ ਕਥਿਤ ਬੈਂਕ ਕਰਜ਼ਾ ਧੋਖਾਧੜੀ ਦੇ ਸਬੰਧ ਵਿਚ ਕਾਲੇ ਧਨ ਦਾ ਮਾਮਲਾ ਦਰਜ ਕੀਤਾ ਹੈ। ਅਧਿਕਾਰੀਆਂ ਨੇ ਦਸਿਆ ਕਿ ਕੇਂਦਰੀ ਜਾਂਚ ਏਜੰਸੀ ਨੇ ਇਹ ਪਰਚਾ ਦਰਜ ਕੀਤਾ ਹੈ।
ਅਧਿਕਾਰੀਆਂ ਮੁਤਾਬਕ ਛਾਪੇ ਦੌਰਾਨ ਅਧਿਕਾਰੀਆਂ ਨੂੰ ਕੁੱਝ ਦਸਤਾਵੇਜ਼ ਮਿਲੇ ਅਤੇ ਇਨ੍ਹਾਂ ਨੂੰ ਸੀਜ਼ ਕਰ ਦਿਤਾ ਗਿਆ। ਈਡੀ ਨੂੰ ਵੱਖ ਵੱਖ ਬੈਂਕਾਂ ਤੋਂ ਕੰਪਨੀ ਅਤੇ ਇਸ ਦੇ ਅਧਿਕਾਰੀਆਂ ਦੀਆਂ ਵਿੱਤੀ ਜਾਣਕਾਰੀਆਂ ਮਿਲੀਆਂ ਹਨ। ਈਡੀ ਨੇ ਜੋ ਮਾਮਲਾ ਦਰਜ ਕੀਤਾ ਹੈ, ਉਹ ਸੀਬੀਆਈ ਦੀ ਐਫ਼ਆਈਆਰ 'ਤੇ ਆਧਾਰਤ ਹੈ। ਸੀਬੀਆਈ ਨੇ ਸਿੰਭਾਵਲੀ ਸ਼ੂਗਰਜ਼, ਇਸ ਦੇ ਚੇਅਰਮੈਨ ਗੁਰਮੀਤ ਸਿੰਘ ਮਾਨ, ਉਪ ਪ੍ਰਬੰਧ ਨਿਰਦੇਸ਼ਕ ਗੁਰਪਾਲ ਸਿੰਘ ਅਤੇ ਹੋਰਾਂ ਵਿਰੁਧ ਮਾਲਾ ਦਰਜ ਕੀਤਾ ਹੈ। ਸਿੰਭਾਵਲੀ ਸ਼ੂਗਰਜ਼ ਲਿਮਟਿਡ ਦੇਸ਼ ਦੀਆਂ ਸੱਭ ਤੋਂ ਵੱਡੀਆਂ ਚੀਨੀ ਮਿੱਲਾਂ ਵਿਚ ਸ਼ਾਮਲ ਹੈ। ਸੀਬੀਆਈ ਅਤੇ ਈਡੀ ਦੀ ਜਾਂਚ ਦੋ ਕਰਜ਼ਿਆਂ 'ਤੇ ਕੇਂਦਰਤ ਹੈ-ਪਹਿਲਾ 97.85 ਕਰੋੜ ਰੁਪਏ ਦਾ ਹੈ ਜਿਸ ਨੂੰ 2015 ਵਿਚ ਧੋਖਾਧੜੀ ਐਲਾਨ ਦਿਤਾ ਗਿਆ ਸੀ ਅਤੇ ਦੂਜਾ 110 ਕਰੋੜ ਰੁਪਏ ਦਾ ਕਾਰਪੋਰੇਟ ਕਰਜ਼ਾ ਪੁਰਾਣੇ ਕਰਜ਼ੇ ਨੂੰ ਤਾਰਨ ਲਈ ਲਿਆ ਗਿਆ ਸੀ। (ਏਜੰਸੀ)