
ਬਠਿੰਡਾ
(ਦਿਹਾਤੀ), 12 ਸਤੰਬਰ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) : ਬਠਿੰਡਾ ਜ਼ਿਲ੍ਹੇ ਦੇ
ਬਹੁਚਰਚਿਤ ਪਿੰਡ ਜਿਉਂਦ ਦੇ ਕਿਸਾਨ ਖ਼ੁਦਕੁਸ਼ੀ ਮਾਮਲੇ ਵਿਚ ਮ੍ਰਿਤਕ ਕਰਜ਼ਈ ਕਿਸਾਨ ਟੇਕ
ਸਿੰਘ ਵਲੋਂ ਅਪਣੇ ਖ਼ੁਦਕਸ਼ੀ ਨੋਟ ਵਿਚ ਪੰਜਾਬ ਸਰਕਾਰ ਦੀ ਕਰਜ਼ਾ ਮੁਆਫ਼ੀ ਦੀ ਦੇਰੀ ਅਤੇ ਮੌਤ
ਲਈ ਆੜ੍ਹਤੀਏ ਨੂੰ ਜ਼ੁੰਮੇਵਾਰ ਠਹਿਰਾਉਣ ਤੋਂ ਬਾਅਦ ਮ੍ਰਿਤਕ ਕਿਸਾਨ ਨੂੰ ਇਨਸਾਫ਼ ਦਿਵਾਉਣ
17 ਦਿਨ ਭਾਕਿਯੂ ਦੀਆਂ ਜਥੇਬੰਦੀਆਂ ਵਲੋਂ ਕੌਮੀ ਮਾਰਗ ਉਪਰ ਜਾਮ, ਧਰਨੇ ਮੁਜ਼ਾਹਰੇ ਤੋਂ
ਬਾਅਦ ਪ੍ਰਸ਼ਾਸਨ ਵਲੋਂ ਪੀੜਤ ਪਰਵਾਰ ਨੂੰ ਐਸ.ਡੀ.ਐਮ ਫੂਲ ਸੁਭਾਸ਼ ਖਟਕ ਦੀ ਅਗਵਾਈ ਵਿਚ
ਦਿਤਾ ਇੰਡੀਅਨ ਰੈੱਡ ਕਰਾਸ ਦੀ ਸ਼ਾਖਾ ਬਠਿੰਡਾ ਦੇ ਖਾਤੇ ਵਿਚੋਂ ਮੁਆਵਜ਼ੇ ਰਾਸ਼ੀ ਦਾ ਪੰਜ
ਲੱਖ ਰੁਪਏ ਦਾ ਚੈੱਕ ਖਾਤਾ ਨੰਬਰ ਹੀ ਸਹੀ ਨਾ ਹੋਣ ਕਾਰਨ ਬਾਊਂਸ ਹੋ ਗਿਆ। ਪੀੜਤ ਕਿਸਾਨ
ਦੀ ਵਿਧਵਾ ਚਰਨਜੀਤ ਕੌਰ ਨੇ ਅਪਣੇ ਪੁੱਤਰ ਜਗਜੀਤ ਸਿੰਘ ਦੀ ਹਾਜ਼ਰੀ ਵਿਚ ਬਾਊਂਸ ਹੋਇਆ
ਚੈੱਕ ਅਤੇ ਬੈਂਕ ਸਟੇਟਮੈਂਟ ਵਿਖਾਉਂਦਿਆਂ ਪੱਤਰਕਾਰਾਂ ਨੂੰ ਦਸਿਆ ਕਿ ਮੇਰੇ ਨਾਮ ਉਪਰ ਪ੍ਰਸ਼ਾਸਨ
ਵਲੋਂ 5 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਸਟੇਟ ਬੈਂਕ ਆਫ਼ ਪਟਿਆਲਾ ਨੰਬਰ 318189 ਦਿਤਾ
ਸੀ, ਨੂੰ ਅਸੀ ਅਪਣੇ ਐਚ.ਡੀ.ਐਫ਼.ਸੀ ਦੇ ਬੈਂਕ ਖਾਤੇ ਵਿਚ ਲਗਾ ਦਿਤਾ ਪਰੰਤੂ ਕਈ ਦਿਨ ਬੀਤਣ
ਬਾਅਦ ਜਦ ਚੈੱਕ ਪਾਸ ਨਾ ਹੋਇਆ ਤਦ ਬੈਂਕ ਨੇ ਸਪੱਸ਼ਟ ਕੀਤਾ ਕਿ ਸਬੰਧਤ ਚੈੱਕ ਨੰਬਰ ਵਾਲਾ
ਖਾਤਾ ਹੀ ਬੈਂਕ ਵਿਚ ਮੌਜੂਦ ਨਹੀਂ ਹੈ। ਉਧਰ ਪੀੜਤ ਪਰਵਾਰ ਨੇ ਸਰਕਾਰ ਅਤੇ ਪ੍ਰਸ਼ਾਸਨ ਵਲੋਂ
ਉਨ੍ਹਾਂ ਨਾਲ ਕੀਤੀ ਕਾਰਵਾਈ ਨੂੰ ਭੱਦਾ ਮਜ਼ਾਕ ਕਰਾਰ ਦਿਤਾ ਹੈ।
ਉਧਰ ਕਿਸਾਨ ਆਗੂ
ਨਾਇਬ ਸਿੰਘ ਜਿਉਂਦ ਨੇ ਕਿਹਾ ਕਿ ਮ੍ਰਿਤਕ ਕਿਸਾਨ ਉਪਰ ਵੀ ਆੜ੍ਹਤੀਏ ਨੇ ਚੈੱਕ ਬਾਊਂਸ ਹੋਣ
ਦਾ ਹੀ ਮਾਮਲਾ ਦਰਜ ਕਰਵਾਇਆ ਸੀ ਜਿਸ ਕਾਰਨ ਉਸ ਨੂੰ ਜ਼ਿੰਦਗੀ ਤੋਂ ਹੱਥ ਧੋਣੇ ਪਏ ਪਰ ਹੁਣ
ਸਰਕਾਰ ਜਾਂ ਪ੍ਰਸ਼ਾਸਨ ਦਾ ਚੈੱਕ ਬਾਊਂਸ ਤਦ ਕੀ ਕਾਰਵਾਈ ਅੰਜਾਮ ਵਿਚ ਲਿਆਂਦੀ ਜਾਵੇ ਅਪਣੇ
ਆਪ ਵਿਚ ਇਕ ਅਨੌਖਾ ਸਵਾਲ ਹੈ।
ਚੈੱਕ ਸਬੰਧੀ ਡੀ.ਸੀ ਦੀਪਰਵਾ ਲਾਕਰਾ ਨੇ ਕਿਹਾ ਕਿ
ਉਕਤ ਮਾਮਲੇ ਵਿਚ ਚੈੱਕ ਬਾਊਂਸ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਪਰ ਫਿਰ ਵੀ
ਅਧਿਕਾਰੀਆਂ ਕੋਲੋਂ ਪੁਛ ਪੜਤਾਲ ਕਰਾਂਗੇ। ਉਧਰ ਚੈੱਕ ਦੇਣ ਵਾਲੇ ਅਧਿਕਾਰੀ ਐਸ.ਡੀ.ਐਮ ਫੂਲ
ਸੁਭਾਸ਼ ਖਟਕ ਦਾ ਕਹਿਣਾ ਹੈ ਕਿ ਬੈਂਕ ਵਲੋਂ ਲਗਾਏ ਇਤਰਾਜ਼ ਦੀ ਕਾਪੀ ਵਿਖਾਉਣ ਸਾਰ ਹੀ
ਪੀੜਤ ਪਰਵਾਰ ਨੂੰ ਚੈੱਕ ਬਦਲ ਕੇ ਦੇ ਦਿਤਾ ਜਾਵੇਗਾ ਜਦਕਿ ਬੈਂਕ ਵਿਚ ਰੈੱਡ ਕਰਾਸ ਦੇ
ਖਾਤੇ ਵਿਚ ਚੈੱਕ ਪਾਸ ਹੋਣ ਯੋਗ ਰਾਸ਼ੀ ਤੋਂ ਕਾਫ਼ੀ ਜ਼ਿਆਦਾ ਰਾਸ਼ੀ ਜਮ੍ਹਾਂ ਹੈ।