
ਸ੍ਰੀਨਗਰ, 21
ਸਤੰਬਰ : ਅਤਿਵਾਦੀਆਂ ਨੇ ਜੰਮੂ ਕਸ਼ਮੀਰ ਦੇ ਸੀਨੀਅਰ ਮੰਤਰੀ ਦੇ ਕਾਫ਼ਲੇ 'ਤੇ ਗਰਨੇਡ ਨਾਲ
ਹਮਲਾ ਕਰ ਦਿਤਾ ਜਿਸ ਕਾਰਨ ਦੋ ਨਾਗਰਿਕਾਂ ਦੀ ਮੌਤ ਹੋ ਗਈ ਅਤੇ 34 ਹੋਰ ਜ਼ਖ਼ਮੀ ਹੋ ਗਏ।
ਲੋਕ ਨਿਰਮਾਣ ਮੰਤਰੀ ਨਈਮ ਅਖ਼ਤਰ ਜਿਹੜੇ ਦਖਣੀ ਕਸ਼ਮੀਰ ਦੇ ਦੌਰੇ 'ਤੇ ਸਨ, ਦਾ ਹਮਲੇ ਵਿਚ
ਬਚਾਅ ਹੋ ਗਿਆ। ਪੁਲਿਸ ਅਧਿਕਾਰੀ ਨੇ ਦਸਿਆ ਕਿ ਗਰਨੇਡ ਸਵਰੇ 11.45 ਵਜੇ ਸੁਟਿਆ ਗਿਆ।
ਧਮਾਕੇ
ਵਿਚ 17 ਸਾਲਾ ਪਿੰਕੀ ਕੌਰ ਅਤੇ 56 ਸਾਲਾ ਗ਼ੁਲਾਮ ਨਬੀ ਤਰਾਗ ਮਾਰੇ ਗਏ। ਜ਼ਖ਼ਮੀਆਂ ਵਿਚ
ਸੱਤ ਸੁਰੱਖਿਆ ਮੁਲਾਜ਼ਮ ਵੀ ਹਨ। ਅਖ਼ਤਰ ਨੇ ਕਿਹਾ, 'ਮੇਰਾ ਬਚਾਅ ਹੋ ਗਿਆ ਪਰ ਮੈਨੂੰ ਦੁੱਖ
ਹੈ ਕਿ ਦੋ ਜਣਿਆਂ ਦੀ ਮੌਤ ਹੋ ਗਈ ਹੈ ਅਤੇ ਕਈ ਜਣੇ ਜ਼ਖ਼ਮੀ ਹੋ ਗਏ ਹਨ। ਜਿਨ੍ਹਾਂ ਨੇ ਹਮਲਾ
ਕੀਤਾ ਹੈ, ਉਹ ਕਸ਼ਮੀਰ ਜਾਂ ਇਸਲਾਮ ਦੇ ਮਿੱਤਰ ਨਹੀਂ ਹੋ ਸਕਦੇ।' ਹਮਲੇ 'ਚ ਡਰਾਈਵਰ
ਗੰਭੀਰ ਜ਼ਖ਼ਮੀ ਹੋ ਗਿਆ। ਹਮਲੇ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ
ਹੋਰਾਂ ਨੇ ਅਖ਼ਤਰ ਨੂੰ ਫ਼ੋਨ ਕਰ ਕੇ ਜਾਣਕਾਰੀ ਲਈ।
ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ
ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਹਮਲਾ ਉਦੋਂ ਹੋਇਆ ਜਦ
ਮੰਤਰੀ ਇਲਾਕੇ ਦੀਆਂ ਵਿਕਾਸ ਲੋੜਾਂ ਦਾ ਜਾਇਜ਼ਾ ਲੈਣ ਲਈ ਉਥੇ ਗਿਆ ਹੋਇਆ ਸੀ। ਹਮਲਾ ਉਸ
ਦਿਨ ਹੋਇਆ ਜਦ ਭਾਜਪਾ ਦੇ ਜਨਰਲ ਸਕੱਤਰ ਰਾਮ ਮਾਧਵ ਨੇ ਕਿਹਾ ਕਿ ਜੰਮੂ ਅਤੇ ਸ਼ਮੀਰ ਸਰਕਾਰ
ਤੇ ਕੇਂਦਰ ਵੱਖਵਾਦੀਆਂ ਸਮੇਤ ਸਾਰੀਆਂ ਧਿਰਾਂ ਨਾਲ ਗੱਲਬਾਤ ਕਰਨ ਲਈ ਤਿਆਰ ਹਨ। ਅਖ਼ਤਰ ਨੇ ਕਿਹਾ ਕਿ ਇਹ ਹਮਲਾ ਵਿਕਾਸ ਕਾਰਜਾਂ ਨੂੰ ਰੋਕਣ ਦੇ ਮੰਤਵ ਨਾਲ ਕੀਤਾ ਗਿਆ। (ਪੀਟੀਆਈ)