
ਫ਼ਰੀਦਾਬਾਦ, 1
ਅਕਤੂਬਰ : ਵਿੱਤ ਮੰਤਰੀ ਅਰੁਣ ਜੇਤਲੀ ਨੇ ਸੰਕੇਤ ਦਿਤਾ ਹੈ ਕਿ ਮਾਲੀਏ ਦੀ ਹਾਲਤ ਬਿਹਤਰ
ਹੋਣ ਮਗਰੋਂ ਮਾਲ ਅਤੇ ਸੇਵਾ ਕਰ ਯਾਨੀ ਜੀਐਸਟੀ ਤਹਿਤ ਸਲੈਬ ਵਿਚ ਕਟੌਤੀ ਕੀਤੀ ਜਾ ਸਕਦੀ
ਹੈ। ਜੇਤਲੀ ਨੇ ਇਥੇ ਸੀਮਾ ਕਰ, ਅਸਿੱਧੇ ਕਰ ਅਤੇ ਨਾਰਕੌਟਿਕਸ ਸਬੰਧੀ ਸਮਾਗਮ ਵਿਚ ਕਿਹਾ,
'ਸਾਨੂੰ ਦਿਨ ਦੇ ਹਿਸਾਬ ਨਾਲ ਸੁਧਾਰ ਕਰਨ ਦੀ ਲੋੜ ਹੈ। ਸਾਡੇ ਕੋਲ ਸੁਧਾਰ ਦੀ ਗੁੰਜਾਇਸ਼
ਹੈ ਅਤੇ ਕਰ ਦੇਣ ਦਾ ਬੋਝ ਘੱਟ ਕੀਤਾ ਜਾ ਸਕਦਾ ਹੈ ਖ਼ਾਸਕਰ ਛੋਟੇ ਕਰਦਾਤਾਵਾਂ ਦੇ ਮਾਮਲੇ
ਵਿਚ।'
ਉਨ੍ਹਾਂ ਕਿਹਾ, 'ਸਾਡੇ ਕੋਲ ਸੁਧਾਰ ਦੀ ਗੁੰਜਾਇਸ਼ ਹੈ। ਅਸੀਂ
ਮਾਲੀਏ ਦੀ ਦ੍ਰਿਸ਼ਟੀ ਤੋਂ ਮਜ਼ਬੂਤ ਬਣਨ ਮਗਰੋਂ ਵੱਡੇ ਸੁਧਾਰ ਕਰਨ ਬਾਰੇ ਸੋਚਾਂਗੇ ਯਾਨੀ
ਘੱਟ ਸਲੈਬ। ਪਰ ਇਸ ਵਾਸਤੇ ਮਜ਼ਬੂਤ ਵਿੱਤੀ ਹਾਲਤ ਪ੍ਰਾਪਤ ਕਰਨੀ ਪਵੇਗੀ।'
ਫ਼ਿਲਹਾਲ
ਜੀਐਸਟੀ ਵਿਚ 5, 12, 18 ਅਤੇ 28 ਫ਼ੀ ਸਦੀ ਦੀਆਂ ਚਾਰ ਕਰ ਸਲੈਬਾਂ ਹਨ। ਵਿੱਤ ਮੰਤਰੀ ਨੇ
ਕਿਹਾ ਕਿ ਅਸਿੱਧੇ ਕਰਾਂ ਦਾ ਬੋਝ ਸਾਰੇ ਵਰਗਾਂ ਦੁਆਰਾ ਚੁਕਿਆ ਜਾਂਦਾ ਹੈ। ਸਰਕਾਰ ਦਾ
ਹਮੇਸ਼ਾ ਹੀ ਇਹ ਯਤਨ ਹੈ ਕਿ ਜ਼ਿਆਦਾ ਖਪਤ ਵਾਲੀਆਂ ਚੀਜ਼ਾਂ 'ਤੇ ਕਰ ਦਰਾਂ ਹੇਠਾਂ ਲਿਆਂਦੀਆਂ
ਜਾਣ। ਜੇਤਲੀ ਨੇ ਕਿਹਾ ਕਿ ਸਿੱਧੇ ਕਰ ਦਾ ਭੁਗਤਾਨ ਸਮਾਜ ਦੇ ਖਾਂਦੇ-ਪੀਂਦੇ ਵਰਗ ਦੁਆਰਾ
ਕੀਤਾ ਜਾਂਦਾ ਹੈ। ਅਸਿੱਧੇ ਕਰ ਦਾ ਬੋਝ ਨਿਸ਼ਚਿਤ ਤੌਰ 'ਤੇ ਸਾਰਿਆਂ 'ਤੇ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਭਾਰਤ ਰਵਾਇਤੀ ਤੌਰ 'ਤੇ ਕਰ ਕਾਨੂੰਨ ਦੀ ਪਾਲਣਾ ਨਾ ਕਰਨ ਵਾਲਾ ਸਮਾਜ
ਹੈ। ਲੋਕਾਂ ਕੋਲ ਵਿਕਾਸ ਦੀ ਮੰਗ ਕਰਨ ਦਾ ਅਧਿਕਾਰ ਹੈ, ਅਜਿਹੇ ਵਿਚ ਉਨ੍ਹਾਂ ਦੀ
ਜ਼ਿੰਮੇਵਾਰੀ ਬਣਦੀ ਹੈ ਕਿ ਵਿਕਾਸ ਲਈ ਟੈਕਸ ਵੀ ਜ਼ਰੂਰ ਦੇਣ। (ਏਜੰਸੀ)