
ਸਣੇ ਵਿਆਜ ਮੋੜ ਸਕਦੇ ਹਾਂ ਮਾਲਿਆ ਦਾ ਸਾਰਾ ਕਰਜ਼ਾ
ਨਵੀਂ ਦਿੱਲੀ, 9 ਮਾਰਚ: ਵਿਜੇ ਮਾਲਿਆ ਦੀ ਕੰਪਨੀ ਯੂਨਾਈਟਡ ਬ੍ਰੇਵਰੀਜ਼ ਹੋਲੰਿਡਗਜ਼ ਨੇ ਕਿਹਾ ਕਿ ਉਸ ਦੀ ਜਾਇਦਾਦਾਂ ਅਤੇ ਸ਼ੇਅਰਾਂ ਦੀ ਮਾਰਕੀਟ ਕੀਮਤ 12,400 ਕਰੋੜ ਰੁਪਏ ਤੋਂ ਜ਼ਿਆਦਾ ਹੈ। ਇੰਨਾ ਹੀ ਨਹੀਂ ਕੰਪਨੀ ਨੇ ਕਿਹਾ ਕਿ ਉਹ ਕਿੰਗਫ਼ਿਸ਼ਰ ਏਅਰਲਾਇੰਸ 'ਤੇ 6,000 ਕਰੋੜ ਰੁਪਏ ਦਾ ਲੋਨ ਸਣੇ ਵਿਆਜ ਆਸਾਨੀ ਨਾਲ ਚੁਕਾ ਸਕਦੀ ਹੈ। ਜ਼ਿਕਰਯੋਗ ਹੈ ਕਿ ਯੂਨਾਈਟਡ ਬ੍ਰੇਵਰੀਜ਼ ਹੋਲਡਿੰਗਜ਼, ਕਿੰਗਫ਼ਿਸ਼ਰ ਏਅਰਲਾਇੰਸ ਦੀ ਕਾਰਪੋਰੇਟ ਗਰੰਟਰ ਹੈ। ਕਿੰਗਫ਼ਿਸ਼ਰ ਏਅਰਲਾਇੰਸ ਹੁਣ ਬੰਦ ਹੋ ਚੁਕੀ ਹੈ। ਯੂਨਾਈਟਡ ਬ੍ਰੇਵਰੀਜ਼ ਹੋਲਡਿੰਗਜ਼ ਵਲੋਂ ਇਹ ਗੱਲ ਕਰਨਾਟਕ
ਹਾਈਕੋਰਟ 'ਚ ਇਕ ਸੁਣਵਾਈ ਦੌਰਾਨ ਕਹੀ ਗਈ ਹੈ। ਕੰਪਨੀ ਨੇ ਅਦਾਲਤ 'ਚ ਕਿਹਾ ਕਿ ਈ.ਡੀ. ਵਲੋਂ ਉਸ ਦੀਆਂ ਜਾਇਦਾਦਾਂ ਅਟੈਚ ਕਰਨ ਕਰ ਕੇ ਉਹ ਕੋਰਟ ਦਾ ਆਦੇਸ਼ ਮੰਨਣ ਦੇ ਸਮਰਥ ਨਹੀਂ ਹੈ।ਹਾਈ ਕੋਰਟ ਦੇ ਮੁੱਖ ਜੱਜ ਦਿਨੇਸ਼ ਮਾਹੇਸ਼ਵਰੀ ਦੀ ਅਗਵਾਈ ਵਾਲੀ ਬੈਂਚ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 2 ਅਪ੍ਰੈਲ ਨੂੰ ਕਰੇਗੀ। ਅਦਾਲਤ ਨੇ ਸੁਣਵਾਈ ਦੌਰਾਨ ਵਕੀਲ ਸਾਜਨ ਪੋਵਾਇਆ ਨੂੰ ਦਸਿਆ ਕਿ ਫ਼ਿਲਹਾਲ ਕੰਪਨੀ ਦੀ ਕੁਲ ਜਾਇਦਾਦਾਂ ਦੀ ਕੀਮਤ 12,400 ਕਰੋੜ ਰੁਪਏ ਹੋਣ ਦੀ ਸੰਭਾਵਨਾ ਹੈ। ਪੋਵਾਇਆ ਨੇ ਕਿਹਾ ਕਿ ਕਰਜ਼ਦਾਰਾਂ ਦੀ ਬਕਾਇਆ ਰਾਸ਼ੀ 10,000 ਕਰੋੜ ਰੁਪਏ ਤੋਂ ਜ਼ਿਆਦਾ ਨਹੀਂ ਜਾ ਸਕਦਾ। ਹਾਲਾਂ ਕਿ ਕੋਰਟ ਨੇ ਕਿਹਾ ਕਿ ਕੰਪਨੀ ਨੂੰ ਕਿਸੇ ਠੋਸ ਪ੍ਰਸਤਾਵ ਨਾਲ ਅੱਗੇ ਆਉਣਾ ਪਵੇਗਾ। (ਏਜੰਸੀ)