
ਨਵੀਂ
ਦਿੱਲੀ, 19 ਸਤੰਬਰ: ਕੇਂਦਰੀ ਖੇਤੀਬਾੜੀ ਮੰਤਰੀ ਰਾਧਾ ਮੋਹਨ ਸਿੰਘ ਨੇ ਸਾਲ 2022 ਤਕ
ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦੇ ਟੀਚੇ ਨੂੰ ਹਾਸਲ ਕਰਨ ਲਈ ਸੂਬਿਆਂ ਨੂੰ ਅਪਣੀ ਖ਼ੁਦ ਦੀ
ਰਣਨੀਤੀ ਤਿਆਰ ਕਰਨ ਦੀ ਅਪੀਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਦੇ ਰਾਹ ਸੁਝਾਉਣ ਵਾਲੀ ਚਾਰ ਹਿੱਸਿਆਂ 'ਚ ਰੀਪੋਰਟ ਜਾਰੀ ਕੀਤੀ ਹੈ ਜਿਸ ਦਾ ਸੂਬਿਆਂ ਨੂੰ ਅਧਿਐਨ ਕਰਨਾ ਹੋਵੇਗਾ ਅਤੇ ਇਹ ਵੇਖਣਾ ਹੋਵੇਗਾ ਕਿ ਹਰ ਸੂਬੇ 'ਚ ਕਿੰਨੇ ਬਿਹਤਰ ਢੰਗ ਨਾਲ ਇਸ ਨੂੰ ਲਾਗੂ ਕੀਤਾ ਜਾ ਸਕਦਾ ਹੈ।
ਹਾੜ੍ਹੀ ਦੀ ਫ਼ਸਲ ਲਈ ਬਿਜਾਈ ਦੀ ਰਣਨੀਤੀ ਤਿਆਰ ਕਰਨ ਲਈ ਦੋ ਦਿਨਾਂ ਦੇ ਕੌਮੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਖੇਤੀ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਟੀਚਾ ਉਤਪਾਦਕਤਾ ਨੂੰ ਵਧਾਉਣਾ ਅਤੇ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਲਾਭਕਾਰੀ ਮੁੱਲ ਯਕੀਨੀ ਕਰਾਉਣਾ ਹੈ।
ਸਰਕਾਰ ਨੇ ਕਿਸਾਨਾਂ ਦੀ ਆਮਦਨ ਨੂੰ ਦੁਗਣਾ ਕਰਨ ਦਾ ਟੀਚਾ ਹਾਸਲ ਕਰਨ ਲਈ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ, ਪ੍ਰਧਾਨ ਮੰਤਰੀ ਖੇਤੀਬਾੜੀ ਸਿੰਜਾਈ ਯੋਜਨਾ, ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ, ਪਰੰਪਰਾਗਤ ਖੇਤੀ ਵਿਕਾਸ ਯੋਜਨਾ, ਮਿੱਟੀ ਸਿਹਤ ਕਾਰਡ ਯੋਜਨਾ, ਨਿੰਮ ਵਾਲਾ ਯੂਰੀਆ ਅਤੇ ਇਲੈਕਟ੍ਰਾਨਿਕ ਰਾਸ਼ਟਰੀ ਖੇਤੀ ਬਾਜ਼ਾਰ ਵਰਗੀਆਂ ਕਈ ਯੋਜਨਾਵਾਂ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਯੋਜਨਾਵਾਂ ਨੂੰ ਲਾਗੂ ਕਰਦੇ ਵੇਲੇ ਸੂਬਿਆਂ ਨੂੰ ਉਤਪਾਦਨ ਤੋਂ ਲੈ ਕੇ ਕਟਾਈ ਤੋਂ ਬਾਅਦ ਦੀਆਂ ਗਤੀਵਿਧੀਆਂ ਉਤੇ ਧਿਆਨ ਕੇਂਦਰਤ ਕਰਦਿਆਂ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਲਈ ਅਪਣੀ ਖ਼ੁਦ ਦੀ ਰਣਨੀਤੀ ਨੂੰ ਤਿਆਰ ਕਰਨਾ ਹੋਵੇਗਾ।
ਉਨ੍ਹਾਂ ਕਿਹਾ ਕਿ ਨਾ ਸਿਰਫ਼ ਵੱਖੋ-ਵੱਖ ਫ਼ਸਲਾਂ ਦੀ ਉਤਪਾਦਕਤਾ ਦੇ ਪੱਧਰ 'ਚ ਸੁਧਾਰ ਲਿਆਉਣ ਦੀ ਜ਼ਰੂਰਤ ਹੈ ਬਲਕਿ ਟਿੰਬਰ ਦੀ ਖੇਤੀ ਅਤੇ ਮਧੂਮੱਖੀ ਪਾਲਣ ਵਰਗੀਆਂ ਖੇਤੀ 'ਚ ਸਹਾਇਕ ਗਤੀਵਿਧੀਆਂ ਉਤੇ ਧਿਆਨ ਦੇਣ ਦੀ ਵੀ ਜ਼ਰੂਰਤ ਹੈ।
ਇਸੇ ਤਰ੍ਹਾਂ ਦੇ ਵਿਚਾਰਾਂ ਦਾ
ਪ੍ਰਗਟਾਵਾ ਕਰਦਿਆਂ ਖੇਤੀ ਸਕੱਤਰ ਐਸ.ਕੇ. ਪਟਨਾਇਕ ਨੇ ਸੂਬਿਆਂ ਨੂੰ ਈ-ਕਾਮ ਪ੍ਰਾਜੈਕਟ
ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕੀਤੀ ਅਤੇ ਇਸ ਲਈ ਮੁਢਲਾ ਢਾਂਚਾ ਤਿਆਰ ਕਰਨ ਨੂੰ ਕਿਹਾ
ਤਾਕਿ ਕਿਸਾਨ ਆਨਲਾਈਨ ਕਾਰੋਬਾਰ ਕਰ ਸਕਣ। ਉਨ੍ਹਾਂ ਕਿਹਾ ਕਿ ਇਕ ਵਾਰੀ ਇਹ ਯੋਜਨਾ
ਅਨੁਸਾਰ ਹੋ ਜਾਵੇ ਤਾਂ ਕਿਸਾਨਾਂ ਨੂੰ ਲਾਭਕਾਰੀ ਮੁੱਲ ਪ੍ਰਾਪਤ ਹੋਣਗੇ ਅਤੇ ਆਮਦਨ ਨੂੰ
ਦੁਗਣੀ ਕਰਨ 'ਚ ਮਦਦ ਮਿਲੇਗੀ। (ਪੀਟੀਆਈ)