
ਨਵੀਂ ਦਿੱਲੀ, 16 ਦਸੰਬਰ : ਕੋਲਾ ਬਲਾਕ ਵੰਡ ਘਪਲੇ ਨਾਲ ਜੁੜੇ ਮਾਮਲੇ ਵਿਚ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਮਧੂ ਕੋਡਾ ਅਤੇ ਸਾਬਕਾ ਕੋਲਾ ਸਕੱਤਰ ਐਚ ਸੀ ਗੁਪਤਾ ਨੂੰ ਵਿਸ਼ੇਸ਼ ਅਦਾਲਤ ਨੇ ਅੱਜ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ। ਵਿਸ਼ੇਸ਼ ਅਦਾਲਤ ਨੇ ਕੈਦ ਦੀ ਸਜ਼ਾ ਸੁਣਾਉਣ ਤੋਂ ਇਲਾਵਾ ਕੋਡਾ ਨੂੰ 25 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਜਦਕਿ ਗੁਪਤਾ ਨੂੰ ਇਕ ਲੱਖ ਦਾ ਜੁਰਮਾਨਾ ਦੇਣਾ ਪਵੇਗਾ। ਝਾਰਖੰਡ ਦੇ ਸਾਬਕਾ ਮੁੱਖ ਸਕੱਤਰ ਏ.ਕੇ. ਬਸੂ ਅਤੇ ਵੇਲੇ ਦੇ ਮੁੱਖ ਮੰਤਰੀ ਦੇ ਕਰੀਬੀ ਸਲਾਹਕਾਰ ਵਿਜੇ ਦੋਸ਼ ਨੂੰ ਵੀ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਗਈ।ਝਾਰਖੰਡ ਦੇ ਰਾਜਹਾਰਾ ਉਤਰੀ ਕੋਲਾ ਬਲਾਕਾਂ ਦਾ ਕੋਲਕਾਤਾ ਦੀ ਨਿਜੀ ਕੰਪਨੀ ਵਿਨੀ ਆਇਰਨ ਐਂਡ ਸਟੀਲ ਉਦਯੋਗ ਲਿਮਟਿਡ ਨੂੰ ਅਲਾਟ ਕਰਨ ਦੇ ਮਾਮਲੇ ਵਿਚ ਭ੍ਰਿਸ਼ਟ ਗਤੀਵਿਧੀਆਂ ਵਿਚ ਸ਼ਾਮਲ ਹੋਣ ਅਤੇ ਅਪਰਾਧਕ ਸਾਜ਼ਸ਼ ਰਚਣ ਲਈ ਇਹ ਸਜ਼ਾ ਸੁਣਾਈ ਗਈ ਹੈ।
ਵਿਸ਼ੇਸ਼ ਜੱਜ ਭਾਰਤ ਪਰਾਸ਼ਰ ਨੇ ਨਿਜੀ ਕੰਪਨੀ ਨੂੰ ਦੋਸ਼ੀ ਕਰਾਰ ਦਿਤਾ ਅਤੇ ਉਸ ਨੂੰ 50 ਲੱਖ ਰੁਪਏ ਦਾ ਜੁਰਮਾਨਾ ਲਾਇਆ। ਕੋਡਾ ਸਮੇਤ ਦੋਸ਼ੀ ਕਰਾਰ ਦਿਤੇ ਗਏ ਸਾਰਿਆਂ ਨੂੰ ਦੋਸ਼ੀ ਠਹਿਰਾਏ ਜਾਣ ਅਤੇ ਸਜ਼ਾ ਦੇ ਫ਼ੈਸਲੇ ਨੂੰ ਚੁਨੌਤੀ ਦੇਣ ਲਈ ਦੋ ਮਹੀਨਿਆਂ ਦਾ ਸਮਾਂ ਦਿਤਾ ਗਿਆ ਹੈ। ਕੋਡਾ ਨੇ ਕਿਹਾ ਕਿ ਅਪਣੇ ਅਣਥੱਕ ਯਤਨਾਂ ਦੇ ਬਾਵਜੂਦ ਉਹ ਖ਼ੁਦ ਨੂੰ ਬੇਗੁਨਾਹ ਸਾਬਤ ਨਹੀਂ ਕਰ ਸਕਿਆ। ਉਸ ਨੇ ਕਿਹਾ ਕਿ ਆਦੇਸ਼ ਮਿਲਣ ਅਤੇ ਅਪਣੇ ਵਕੀਲਾਂ ਨਾਲ ਸਲਾਹ ਕਰਨ ਮਗਰੋਂ ਉਹ ਸੁਪਰੀਮ ਕੋਰਟ ਵਿਚ ਪਟੀਸ਼ਨ ਪਾਉਣਗੇ। ਕੋਡਾ ਨੇ ਕਿਹਾ ਕਿ ਉਸ ਦੇ ਬੈਂਕ ਖਾਤਿਆਂ 'ਤੇ ਰੋਕ ਲਾ ਦਿਤੀ ਗਈ ਹੈ ਤੇ ਉਸ ਨੂੰ ਪੈਸੇ ਉਧਾਰ ਲੈਣੇ ਪੈਣਗੇ। (ਏਜੰਸੀ)