
ਨਵੀਂ ਦਿੱਲੀ, 4 ਨਵੰਬਰ: ਪ੍ਰਧਾਨ ਮੰਤਰੀ ਨੇ ਅੱਜ ਵਿਸ਼ਵਾਸ ਪ੍ਰਗਟ ਕੀਤਾ ਕਿ ਵਿਸ਼ਵ ਬੈਂਕ ਦੀ 'ਕਾਰੋਬਾਰ ਸੌਖ ਰੀਪੋਰਟ' ਵਿਚ ਅਗਲੇ ਸਾਲ ਜੀਐਸਟੀ 'ਤੇ ਵੀ ਗ਼ੌਰ ਕੀਤੇ ਜਾਣ ਮਗਰੋਂ ਭਾਰਤ ਦੀ ਰੈਂਕਿੰਗ ਹੋਰ ਬਿਹਤਰ ਹੋਵੇਗੀ। ਮੋਦੀ ਨੇ ਕਿਹਾ ਕਿ ਭਾਰਤ ਤਿੰਨ ਸਾਲਾਂ ਵਿਚ 42 ਅੰਕਾਂ ਦੀ ਛਾਲ ਮਾਰ ਕੇ ਇਸ ਰੀਪੋਰਟ ਵਿਚ ਉਪਰਲੇ 100 ਦੇਸ਼ਾਂ ਵਿਚ ਸ਼ਾਮਲ ਹੋ ਗਿਆ ਹੈ। ਇਸ ਰੀਪੋਰਟ ਵਿਚ ਦੇਸ਼ ਵਿਚ ਸਿਰਫ਼ ਬੀਤੀ ਮਈ ਦੇ ਅੰਤ ਤਕ ਦੇ ਸੁਧਾਰਾਂ ਦਾ ਨੋਟਿਸ ਲਿਆ ਗਿਆ ਹੈ ਜਦਕਿ ਭਾਰਤ ਨੇ ਇਕ ਜੁਲਾਈ 2017 ਨੂੰ ਜੀਐਸਟੀ ਲਾਗੂ ਕਰ ਦਿਤਾ ਸੀ। ਇਸ ਨੂੰ ਦੇਸ਼ ਵਿਚ ਆਾਜ਼ਾਦੀ ਮਗਰੋਂ ਸੱਭ ਤੋਂ ਵੱਡਾ ਕਰ ਸੁਧਾਰ ਦਸਿਆ ਜਾ ਰਿਹਾ ਹੈ।
ਮੋਦੀ ਨੇ ਕਿਹਾ ਕਿ ਜੀਐਸਟੀ ਨੇ ਨਾ ਸਿਰਫ਼ 1.2 ਅਰਬ ਲੋਕਾਂ ਦੇ ਇਸ ਦੇਸ਼ ਨੂੰ ਇਕੋ ਜਿਹੇ ਕਰ ਵਾਲੇ ਬਾਜ਼ਾਰ ਵਿਚ ਬਦਲ ਦਿਤਾ ਹੈ ਸਗੋਂ ਇਸ ਨਾਲ ਭਰੋਸੇਯੋਗ ਅਤੇ ਪਾਰਦਰਸ਼ੀ ਕਰ ਵਿਵਸਥਾ ਸਥਾਪਤ ਹੋਈ ਹੈ। ਰੈਂਕਿੰਗ 'ਤੇ ਸਵਾਲ ਚੁੱਕ ਰਹੇ ਵਿਰੋਧੀ ਧਿਰ ਦੇ ਆਗੂਆਂ ਨੂੰ ਨਿਸ਼ਾਨਾ ਬਣਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਹੜੇ ਲੋਕ ਵਿਸ਼ਵ ਬੈਂਕ ਨਾਲ ਪਹਿਲਾਂ ਕੰਮ ਕਰ ਚੁਕੇ ਹਨ, ਅੱਜ ਉਹੀ ਲੋਕ ਰੈਂਕਿੰਗ 'ਤੇ ਸਵਾਲ ਉਠਾ ਰਹੇ ਹਨ। ਉਨ੍ਹਾਂ ਕਿਹਾ ਕਿ ਕੁੱਝ ਲੋਕਾਂ ਨੂੰ ਭਾਰਤ ਦਾ 142 ਤੋਂ 100ਵੇਂ ਰੈਂਕ 'ਤੇ ਪਹੁੰਚਣਾ ਚੰਗਾ ਨਹੀਂ ਲੱਗ ਰਿਹਾ। ਜੀਐਸਟੀ ਬਾਰੇ ਉਨ੍ਹਾਂ ਕਿਹਾ ਕਿ ਮੰਤਰੀਆਂ ਦੇ ਸਮੂਹ ਨੇ ਵਪਾਰੀਆਂ ਅਤੇ ਕਾਰੋਬਾਰੀਆਂ ਦੀਆਂ ਸਮੱਸਿਆਵਾਂ ਦਾ ਹਾਂਪੱਖੀ ਨੋਟਿਸ ਲਿਆ ਹੈ ਅਤੇ ਜੀਐਸਟੀ ਪਰਿਸ਼ਦ 9-10 ਨਵੰਬਰ ਦੀ ਬੈਠਕ ਵਿਚ ਇਸ ਵਿਚ ਜ਼ਰੂਰੀ ਬਦਲਾਅ ਕਰੇਗੀ। ਉਨ੍ਹਾਂ ਕਿਹਾ ਕਿ ਭਾਰਤ ਬਿਹਤਰੀ ਵਲ ਤੇਜ਼ੀ ਨਾਲ ਵਧ ਰਿਹਾ ਹੈ। (ਏਜੰਸੀ)