22 ਨਵੰਬਰ ਨੂੰ ਗੂਗਲ ਨੇ ਇੱਕ ਡੂਡਲ ਰੁਕਮਾਬਾਈ ਨੂੰ ਸਮਰਪਿਤ ਕੀਤਾ ਹੈ। ਪਰ ਸਾਡੇ ਵਿੱਚੋਂ ਬਹੁਤਿਆਂ ਨੇ ਸ਼ਾਇਦ ਇਸ ਗੱਲ 'ਤੇ ਧਿਆਨ ਵੀ ਨਹੀਂ ਦਿੱਤਾ ਹੋਣਾ ਕਿ ਇਹ ਡੂਡਲ ਰੁਕਮਾਬਾਈ ਨੂੰ ਸਮਰਪਿਤ ਕੀਤਾ ਗਿਆ ਹੈ ਅਤੇ ਅਸਲ ਵਿੱਚ ਰੁਕਮਾਬਾਈ ਹੈ ਕੌਣ ? ਅਸੀਂ ਦੱਸਣ ਜਾ ਰਹੇ ਹਾਂ ਰੁਕਮਾਬਾਈ ਬਾਰੇ।
ਉਸ ਦਾ ਜਨਮ 1864 ਵਿਚ 22 ਨਵੰਬਰ ਨੂੰ ਹੋਇਆ। 1880 ਦੇ ਦਹਾਕੇ ਵਿੱਚ ਔਰਤਾਂ ਨੂੰ ਜਦੋਂ ਆਵਾਜ਼ ਚੁੱਕਣ ਦਾ ਹੱਕ ਨਹੀਂ ਸੀ ਉਸ ਵਕਤ ਇਸ ਔਰਤ ਨੇ ਹਾਲਾਤਾਂ ਦਾ ਮੁਕਾਬਲਾ ਕੀਤਾ ਅਤੇ ਅਸੰਭਵ ਨੂੰ ਸੰਭਵ ਕਰ ਦਿਖਾਇਆ। 11 ਸਾਲ ਦੀ ਉਮਰ ਵਿੱਚ ਬਾਲ ਵਿਆਹ ਦਾ ਸ਼ਿਕਾਰ ਹੋਈ ਰੁਕਮਾਬਾਈ ਨੇ ਆਪਣੇ ਪਤੀ ਦੇ ਦਾਅਵੇ ਨੂੰ ਖਾਰਜ ਕਰਨ ਲਈ ਇੱਕ ਲੰਮੀ ਕਾਨੂੰਨੀ ਲੜਾਈ ਲੜੀ। ਵਿਆਹ ਵੇਲੇ ਉਸਦੀ ਉਮਰ 11 ਸਾਲ ਸੀ ਅਤੇ ਉਸਦੇ ਪਤੀ ਦਾਦਾਜੀ ਭਿਕਾਜੀ ਦੀ ਉਮਰ 19 ਸਾਲ ਸੀ।
ਵਿਆਹ ਹੋਣ ਦੇ ਬਾਵਜੂਦ, ਰੁਕਮਾਬਾਈ ਅਤੇ ਦਾਦਾਜੀ ਕਦੇ ਵੀ ਇਕੱਠੇ ਨਹੀਂ ਰਹੇ। ਰੁਕਮਾਬਾਈ ਨੇ ਆਪਣੀ ਪੜ੍ਹਾਈ ਜਾਰੀ ਰੱਖੀ। ਰੁਕਮਾਬਾਈ ਅਤੇ ਦਾਦਾਜੀ ਇੱਕ ਲੰਮਾ ਸਮਾਂ ਵੱਖ ਰਹੇ ਜਿਸ ਦੌਰਾਨ ਦਾਦਾਜੀ ਨੇ ਕਦੇ ਵੀ ਆਪਣੀ 'ਪਤਨੀ' ਦੀ ਚਿੰਤਾ ਨਹੀਂ ਕੀਤੀ। ਬਾਅਦ ਵਿੱਚ ਉਸਨੇ ਰੁਕਮਾਬਾਈ ਨਾਲ ਜ਼ਰੂਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਿਸਦਾ ਕਾਰਨ ਸ਼ਾਇਦ ਰੁਕਮਾਬਾਈ ਨੂੰ ਮਾਂ ਦੀ ਮੌਤ ਤੋਂ ਬਾਅਦ ਮਿਲੀ ਜਾਇਦਾਦ ਸੀ ਅਤੇ ਰੁਕਮਾ ਨੇ ਜਾਣ ਤੋਂ ਇਨਕਾਰ ਕਰ ਦਿੱਤਾ। ਉਹ ਉਸ ਸਮੇਂ ਦੀਆਂ ਸਮਾਜਿਕ ਰੀਤੀਆਂ ਨੂੰ ਤੋੜਦੇ ਆਪਣੇ ਮਤਰੇਏ ਪਿਤਾ ਨਾਲ ਰਹਿੰਦੀ ਰਹੀ ਅਤੇ ਪੜ੍ਹਾਈ ਜਾਰੀ ਰੱਖੀ।
ਮਾਰਚ 1887 ਵਿੱਚ, ਰੁਕਮਾਬਾਈ ਨੂੰ ਹੁਕਮ ਮਿਲਿਆ ਕਿ ਜਾਂ ਤਾਂ ਉਹ ਆਪਣੇ ਪਤੀ ਨਾਲ ਰਹੇ ਜਾਂ ਫਿਰ ਛੇ ਮਹੀਨੇ ਜੇਲ੍ਹ ਵਿੱਚ ਬਿਤਾਵੇ। ਕਈ ਸੁਣਵਾਈਆਂ ਦੇ ਬਾਅਦ, ਵਿਆਹ ਦੀ ਪੁਸ਼ਟੀ ਹੋ ਗਈ ਜਦਕਿ ਰੁਕਮਾਬਾਈ ਨੇ ਇੱਕ ਖ਼ਤ ਰਾਣੀ ਵਿਕਟੋਰੀਆ ਨੂੰ ਲਿਖਿਆ।
ਰਾਣੀ ਨੇ ਅਦਾਲਤ ਦੇ ਫ਼ੈਸਲੇ ਨੂੰ ਰੱਦ ਕਰਕੇ ਵਿਆਹ ਨੂੰ ਭੰਗ ਕਰ ਦਿੱਤਾ। ਜੁਲਾਈ 1888 ਵਿੱਚ ਦਾਦਾਜੀ ਨੇ ਵਿਆਹ ਨੂੰ ਭੰਗ ਕਰਨ ਲਈ ਦੋ ਹਜ਼ਾਰ ਰੁਪਏ ਦੇ ਮੁਆਵਜ਼ੇ 'ਤੇ ਵਿਆਹ ਭੰਗ ਕਰਨਾ ਮਨਜ਼ੂਰ ਕਰ ਲਿਆ। ਉਸ ਦੇ ਇਸ ਕੇਸ ਤੋਂ ਬਾਅਦ ਬਹੁਤ ਲੋਕ ਉਸਦੇ ਸਮਰਥਨ ਵਿੱਚ ਆਏ। ਜਦੋਂ ਉਸਨੇ ਮੈਡੀਕਲ ਵਿਸ਼ੇ ਦੀ ਪੜ੍ਹਾਈ ਦੀ ਇੱਛਾ ਦਰਸਾਈ, ਤਾਂ ਉਸ ਲਈ ਬਹੁਤ ਸਾਰੀ ਮਾਇਕ ਸਹਾਇਤਾ ਇਕੱਠੀ ਹੋਈ ਜਿਸ ਸਦਕਾ ਉਸ ਨੂੰ ਲੰਡਨ ਸਕੂਲ ਆਫ ਮੈਡੀਸਨ ਵਿਖੇ ਦਾਖਲਾ ਮਿਲ ਗਿਆ। ਉਸਨੇ 5 ਸਾਲਾ ਡਿਗਰੀ ਕੋਰਸ ਸਫਲਤਾਪੂਰਵਕ ਪੂਰਾ ਕਰਕੇ ਸੂਰਤ ਦੇ ਇੱਕ ਮਹਿਲਾ ਹਸਪਤਾਲ ਵਿੱਚ ਕੰਮ ਕੀਤਾ। ਉਹ ਭਾਰਤ ਵਿਚ ਪਹਿਲੀ ਔਰਤ ਡਾਕਟਰ ਬਣੀ।
ਰੁਕਮਾਬਾਈ ਇਕ ਮਜ਼ਬੂਤ ਅਤੇ ਦ੍ਰਿੜ੍ਹ ਇਰਾਦੇ ਵਾਲੀ ਔਰਤ ਸੀ ਜਿਹੜੀ ਸਮਾਜ ਦੀਆਂ ਬੰਦਿਸ਼ਾਂ ਨੂੰ ਤੋੜ ਕੇ ਮਹਿਲਾ ਸ਼ਕਤੀ ਦਾ ਪ੍ਰਤੀਕ ਬਣੀ।
end-of