
ਨਵੀਂ ਦਿੱਲੀ, 12
ਸਤੰਬਰ : ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਵਿਚ ਰਾਜਨੀਤੀ ਤੋਂ ਲੈ
ਕੇ ਕਾਰੋਬਾਰ ਤਕ ਵੰਸ਼ਵਾਦ ਚਲਦਾ ਹੈ ਅਤੇ ਖ਼ਾਨਦਾਨ ਤੋਂ ਜ਼ਿਆਦਾ ਅਹਿਮ ਕਿਸੇ ਸ਼ਖ਼ਸ ਦੀ
ਕਾਬਲੀਅਤ ਹੁੰਦੀ ਹੈ। ਰਾਹੁਲ ਨੇ ਪ੍ਰਧਾਨ ਮੰਤਰੀ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ
ਵਿਰੁਧ ਲੋਕਾਂ ਨੂੰ ਵੰਡਣ ਦੀ ਰਾਜਨੀਤੀ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਇਹ ਵੀ ਕਿਹਾ ਕਿ
ਮੋਦੀ ਜੰਮੂ ਕਸ਼ਮੀਰ ਵਿਚ ਅਤਿਵਾਦ ਲਈ ਜਗ੍ਹਾ ਪੈਦਾ ਕਰ ਰਹੇ ਹਨ ਅਤੇ ਅਰਥਵਿਵਸਥਾ ਬਰਬਾਦ ਕਰ ਰਹੇ ਹਨ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਦੇਸ਼ ਨੀਤੀ ਦੀ ਵੀ ਆਲੋਚਨਾ ਕੀਤੀ।
ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਜੇ ਪਾਰਟੀ ਉਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਨਿਭਾਉਣ ਲਈ ਕਹਿੰਦੀ ਹੈ ਤਾਂ ਉਹ ਇਸ ਲਈ 'ਪੂਰੀ ਤਰ੍ਹਾਂ ਤਿਆਰ' ਹਨ। ਬਾਰਕਲੇ ਵਿਖੇ ਯੂਨੀਵਰਸਿਟੀ ਆਫ਼ ਕੈਲੇਫ਼ੋਰਨੀਆ ਦੇ ਵਿਦਿਆਰਥੀਆਂ ਨੂੰ ਸੰਬੋਧਤ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ 2012 ਦੇ ਨੇੜੇ-ਤੇੜੇ ਕਾਂਗਰਸ ਪਾਰਟੀ ਨੇ 'ਲੋਕਾਂ ਨਾਲ ਗੱਲਬਾਤ ਕਰਨੀ ਬੰਦ ਕਰ ਦਿਤੀ ਸੀ।' ਉਨ੍ਹਾਂ ਕਿਹਾ ਕਿ ਅਜਿਹਾ ਕਿਸੇ ਵੀ ਪਾਰਟੀ ਨਾਲ ਹੋ ਸਕਦਾ ਹੈ ਜੋ 10 ਸਾਲ ਤੋਂ ਸੱਤਾ ਵਿਚ ਹੋਵੇ।
47 ਸਾਲਾ ਰਾਹੁਲ ਗਾਂਧੀ ਨੇ ਕਿਹਾ, 'ਅਸੀਂ ਸਾਲ 2004 ਵਿਚ ਜੋ
ਯੋਜਨਾ ਬਣਾਈ ਸੀ, ਉਹ 10 ਸਾਲ ਦੇ ਹਿਸਾਬ ਨਾਲ ਤਿਆਰ ਕੀਤੀ ਗਈ ਸੀ ਅਤੇ ਇਸ ਨੇ 2010-11
ਵਿਚ ਆਉਂਦੇ ਆਉਂਦੇ ਕੰਮ ਕਰਨਾ ਬੰਦ ਕਰ ਦਿਤਾ।' ਉਨ੍ਹਾਂ ਕਿਹਾ, 'ਮੈਂ ਇਹ ਕਹਿ ਸਕਦਾ
ਹਾਂ ਕਿ ਸਾਲ 2012 ਦੇ ਨੇੜੇ ਤੇੜੇ ਕਾਂਗਰਸ ਪਾਰਟੀ ਵਿਚ ਕੁੱਝ ਹੰਕਾਰ ਆ ਗਿਆ ਸੀ ਅਤੇ ਇਸ
ਨੇ ਗੱਲਬਾਤ ਕਰਨੀ ਬੰਦ ਕਰ ਦਿਤੀ ਸੀ।' ਇਹ ਪੁੱਛੇ ਜਾਣ 'ਤੇ ਕੀ ਤੁਸੀਂ ਕਾਂਗਰਸ ਪਾਰਟੀ
ਵਿਚ ਵੱਡੀ ਭੂਮਿਕਾ ਨਿਭਾਉਣ ਲਈ ਤਿਆਰ ਹੋ ਤਾਂ ਉਨ੍ਹਾਂ ਕਿਹਾ, 'ਮੈਂ ਅਜਿਹਾ ਕਰਨ ਲਈ
ਪੂਰੀ ਤਰ੍ਹਾਂ ਤਿਆਰ ਹਾਂ।' ਉਂਜ ਉਨ੍ਹਾਂ ਇਸ ਸਬੰਧ ਵਿਚ ਫ਼ੈਸਲਾ ਪਾਰਟੀ 'ਤੇ ਛਡਦਿਆਂ
ਕਿਹਾ, 'ਸਾਡੀ ਜਥੇਬੰਦਕ ਕਵਾਇਦ ਹੈ ਜੋ ਇਹ ਫ਼ੈਸਲਾ ਕਰਦੀ ਹੈ ਅਤੇ ਇਹ ਕਵਾਇਦ ਇਸ ਸਮੇਂ
ਜਾਰੀ ਹੈ। ਸਾਡੇ ਕੋਲ ਅੰਦਰੂਨੀ ਪ੍ਰਬੰਧ ਹੈ ਜਿਸ ਤਹਿਤ ਅਸੀਂ ਤੈਅ ਪ੍ਰਤੀਨਿਧਾਂ ਨੂੰ
ਨਿਯੁਕਤ ਕਰਦੇ ਹਾਂ ਜਿਹੜੇ ਫ਼ੈਸਲਾ ਕਰਦੇ ਹਨ। ਜੇ ਮੈਂ ਕਹਿੰਦਾ ਹਾਂ ਕਿ ਇਹ ਮੇਰਾ ਫ਼ੈਸਲਾ
ਹੈ ਤਾਂ ਇਹ ਸਹੀ ਨਹੀਂ ਹੋਵੇਗਾ।' ਉਨ੍ਹਾਂ ਕਿਹਾ, 'ਇਹ ਫ਼ੈਸਲਾ ਕਾਂਗਰਸ ਪਾਰਟੀ ਨੇ ਕਰਨਾ
ਹੈ ਅਤੇ ਇਹ ਕਵਾਇਦ ਇਸ ਸਮੇਂ ਜਾਰੀ ਹੈ।'
ਰਾਹੁਲ ਨੇ ਕਿਹਾ, 'ਜਿਥੋਂ ਤਕ ਅਮਰੀਕਾ
ਨਾਲ ਸਬੰਧਾਂ ਦੀ ਗੱਲ ਹੈ, ਮੈਂ ਉਨ੍ਹਾਂ ਦੀ ਸਥਿਤੀ ਤੋਂ ਪੂਰੀ ਤਰ੍ਹਾਂ ਵਾਕਫ਼ ਹਾਂ ਪਰ
ਮੈਨੂੰ ਲਗਦਾ ਹੈ ਕਿ ਉਹ ਭਾਰਤ ਨੂੰ ਕਮਜ਼ੋਰ ਬਣਾ ਰਹੇ ਹਨ ਕਿਉਂਕਿ ਜੇ ਤੁਸੀਂ ਨੇਪਾਲ ਵਲ
ਵੇਖਦੇ ਹੋ ਤਾਂ ਚੀਨੀ ਉਥੇ ਹੈ। ਜੇ ਬਰਮਾ ਵਲ ਵੇਖਦੇ ਹੋ ਤਾਂ ਚੀਨੀ ਉਥੇ ਹੈ। ਜੇ ਮਾਲਦੀਵ
ਵਲ ਵੇਖਦੇ ਹੋ ਤਾਂ ਉਥੇ ਚੀਨੀ ਹੈ।' ਉਨ੍ਹਾਂ ਕਿਹਾ, 'ਮੈਂ ਅਮਰੀਕਾ ਨਾਲ ਦੋਸਤੀ,
ਅਮਰੀਕਾ ਨਾਲ ਨੇੜਲੇ ਸਬੰਧਾਂ ਪ੍ਰਤੀ ਸਹਿਮਤ ਹਾਂ ਪਰ ਭਾਰਤ ਨੂੰ ਅਲੱਗ-ਥਲੱਗ ਨਾ ਕਰੋ
ਕਿਉਂਕਿ ਇਹ ਖ਼ਤਰਨਾਕ ਹੈ।' ਰਾਹੁਲ ਨੇ ਕਿਹਾ ਕਿ ਨੋਟਬੰਦੀ ਕਾਰਨ ਲੱਖਾਂ ਵਪਾਰੀ ਬਰਬਾਦ ਹੋ
ਗਏ। ਕਿਸਾਨੀ ਸੰਕਟ ਵਿਚ ਹੈ। ਹਰ ਰੋਜ਼ 30 ਹਜ਼ਾਰ ਨੌਜਵਾਨ ਰੁਜ਼ਗਾਰ ਦੀ ਭਾਲ 'ਚ ਬਾਜ਼ਾਰ 'ਚ
ਦਾਖ਼ਲ ਹੋ ਰਹੇ ਹਨ। (ਏਜੰਸੀ)
ਮੋਦੀ ਦੇਸ਼ ਨੂੰ ਵੰਡ ਰਹੇ ਹਨ, ਅਰਥਚਾਰਾ ਬਰਬਾਦ ਕਰ ਰਹੇ ਹਨ
ਰਾਹੁਲ
ਨੇ ਕਿਹਾ, 'ਅੱਜ ਭਾਰਤ ਵਿਚ ਨਫ਼ਰਤ, ਗੁੱਸਾ, ਹਿੰਸਾ ਅਤੇ ਵੰਡੀਆਂ ਪਾਉਣ ਦੀ ਰਾਜਨੀਤੀ ਨੇ
ਅਪਣਾ ਸਿਰ ਚੁਕ ਲਿਆ ਹੈ। ਹਿੰਸਾ ਅਤੇ ਨਫ਼ਰਤ ਲੋਕਾਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ
ਤੋਂ ਭਟਕਾਉਂਦੀ ਹੈ। ਉਨ੍ਹਾਂ ਮੋਦੀ ਉਤੇ ਭਾਰਤ ਦੀ ਅਰਥਵਿਵਸਥਾ ਨੂੰ ਬਰਬਾਦ ਕਰਨ ਦਾ ਵੀ
ਦੋਸ਼ ਲਾਇਆ। ਗਊ ਰਖਿਅਕਾਂ ਵਲੋਂ ਕੀਤੀ ਜਾ ਰਹੀ ਹਿੰਸਾ ਅਤੇ ਪੱਤਰਕਾਰ ਗੌਰੀ ਲੰਕੇਸ਼ ਦੀ
ਹਤਿਆ ਦਾ ਹਵਾਲਾ ਦਿੰਦਿਆਂ ਰਾਹੁਲ ਨੇ ਕਿਹਾ, 'ਉਦਾਰਵਾਦੀ ਪੱਤਰਕਾਰਾਂ ਨੂੰ ਗੋਲੀ ਮਾਰੀ
ਜਾ ਰਹੀ ਹੈ। ਦਲਿਤ ਹੋਣ ਅਤੇ ਬੀਫ਼ ਖਾਣ ਦੇ ਸ਼ੱਕ ਵਿਚ ਮੁਸਲਮਾਨਾਂ ਦੀ ਹਤਿਆ ਕੀਤੀ ਜਾ ਰਹੀ
ਹੈ। ਇਹ ਗੱਲਾਂ ਭਾਰਤ ਵਿਚ ਨਵੀਆਂ ਹਨ ਅਤੇ ਭਾਰਤ ਦਾ ਬਹੁਤ ਨੁਕਸਾਨ ਕਰ ਰਹੀਆਂ ਹਨ।'
ਉਨ੍ਹਾਂ ਕਿਹਾ, 'ਨਫ਼ਰਤ ਦੀ ਰਾਜਨੀਤੀ ਵੰਡਦੀ ਹੈ ਅਤੇ ਭਾਰਤ ਵਿਚ ਵੰਡੀਆਂ ਪਾ ਰਹੀ ਹੈ ਜਿਸ
ਕਾਰਨ ਭਾਰਤ ਦੇ ਲੋਕਾਂ ਨੂੰ ਲੱਗ ਰਿਹਾ ਹੈ ਕਿ ਅਪਣੇ ਹੀ ਦੇਸ਼ ਵਿਚ ਉਨ੍ਹਾਂ ਦਾ ਭਵਿੱਖ
ਨਹੀਂ। '
ਸਾਰਾ ਦੇਸ਼ ਹੀ ਵੰਸ਼ਵਾਦ ਨਾਲ ਚਲਦੈ, ਮੇਰੇ ਪਿੱਛੇ ਨਾ ਪਵੋ
ਇਹ
ਪੁੱਛੇ ਜਾਣ 'ਤੇ ਕਿ ਕੀ ਕਾਂਗਰਸ ਪਾਰਟੀ ਵੰਸ਼ਵਾਦ ਦੀ ਰਾਜਨੀਤੀ ਨਾਲ ਜ਼ਿਆਦਾ ਜੁੜੀ ਹੈ ਤਾਂ
ਰਾਹੁਲ ਨੇ ਤਰਕ ਦਿੰਦਿਆਂ ਕਿਹਾ ਕਿ ਭਾਰਤ ਨੂੰ ਵੰਸ਼ ਚਲਾ ਰਹੇ ਹਨ। ਉਨ੍ਹਾਂ ਕਿਹਾ,
'ਭਾਰਤ ਵਿਚ ਬਹੁਤੀਆਂ ਪਾਰਟੀਆਂ ਵਿਚ ਇਹ ਸਮੱਸਿਆ ਹੈ। ਅਖਿਲੇਸ਼ ਯਾਦਵ ਵੰਸ਼ ਦੇ ਵਾਰਸ ਹਨ।
ਸਟਾਲਿਨ ਇਕ ਵੰਸ਼ ਦਾ ਵਾਰਸ ਹੈ। ਇਥੋਂ ਤਕ ਕਿ ਅਭਿਸ਼ੇਕ ਬੱਚਨ ਵੀ ਇਕ ਵੰਸ਼ ਦਾ ਵਾਰਸ ਹੈ।
ਭਾਰਤ ਇਸੇ ਤਰ੍ਹਾਂ ਚਲਦਾ ਹੈ। ਇਸ ਲਈ ਮੇਰੇ ਪਿੱਛੇ ਨਾ ਪਵੋ ਕਿਉਂਕਿ ਭਾਰਤ ਇਸੇ ਤਰ੍ਹਾਂ
ਚਲਦਾ ਹੈ। ਅੰਬਾਨੀ ਕਾਰੋਬਾਰ ਚਲਾ ਰਹੇ ਹਨ। ਇਨਫ਼ੋਸਿਸ ਵਿਚ ਵੀ ਇਹੋ ਹੈ। ਭਾਰਤ ਵਿਚ ਇੰਜ
ਹੀ ਹੁੰਦਾ ਹੈ।' ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਿਚ ਕਈ ਲੋਕ ਹਨ ਜਿਨ੍ਹਾਂ ਦਾ ਕਿਸੇ
ਸਿਆਸੀ ਪਰਵਾਰ ਨਾਲ ਸਬੰਧ ਨਹੀਂ।'
ਮੋਦੀ ਮੇਰੇ ਨਾਲੋਂ ਚੰਗੇ ਬੁਲਾਰੇ
ਰਾਹੁਲ
ਨੇ ਪ੍ਰਧਾਨ ਮੰਤਰੀ ਦੀ ਤਾਰੀਫ਼ ਵੀ ਕੀਤੀ। ਉਨ੍ਹਾਂ ਕਿਹਾ, 'ਮੋਦੀ ਚੰਗੇ ਬੁਲਾਰੇ ਹਨ,
ਚੰਗੇ ਕਮਿਊਨੀਕੇਟਰ ਹਨ। ਮੇਰੇ ਨਾਲੋਂ ਕਾਫ਼ੀ ਚੰਗੇ ਹਨ। ਉਹ ਸੱਭ ਜਾਣਦੇ ਹਨ ਕਿ ਭੀੜ ਵਿਚ
ਜਿਹੜੇ ਤਿੰਨ-ਚਾਰ ਅਲੱਗ ਸਮੂਹ ਹਨ, ਉਨ੍ਹਾਂ ਤਕ ਸੰਦੇਸ਼ ਕਿਵੇਂ ਪਹੁੰਚਾਇਆ ਜਾਵੇ। ਇਹੀ
ਕਾਰਨ ਹੈ ਕਿ ਉਨ੍ਹਾਂ ਦਾ ਸੰਦੇਸ਼ ਬਹੁਤੇ ਲੋਕਾਂ ਤਕ ਪਹੁੰਚ ਜਾਂਦਾ ਹੈ।' ਨਾਲ ਹੀ ਉਨ੍ਹਾਂ
ਚੋਭ ਲਾਉਂਦਿਆਂ ਕਿਹਾ ਕਿ ਅਜਿਹਾ ਲਗਦਾ ਹੈ ਕਿ ਉਹ ਭਾਜਪਾ ਵਾਲਿਆਂ ਦੀ ਗੱਲ ਨਹੀਂ
ਸੁਣਦੇ।'