
ਨਵੀਂ ਦਿੱਲੀ, 3 ਅਕਤੂਬਰ (ਸੁਖਰਾਜ ਸਿੰਘ): ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ. ਮਨਜਿੰਦਰ ਸਿੰਘ ਸਿਰਸਾ ਨੇ ਅੱਜ ਸ. ਜਗਮੀਤ ਸਿੰਘ ਨੂੰ ਕੈਨੇਡਾ ਵਿਚ ਪ੍ਰਮੁੱਖ ਸਿਆਸੀ ਪਾਰਟੀ ਦੀ ਅਗਵਾਈ ਕਰਨ ਲਈ ਪਹਿਲਾ ਸਿੱਖ ਤੇ ਪੰਜਾਬੀ ਆਗੂ ਬਣਨ 'ਤੇ ਮੁਬਾਰਕਬਾਦ ਦਿਤੀ। ਦੱਸਣਯੋਗ ਹੈ ਕਿ ਜਗਮੀਤ ਸਿੰਘ ਕੈਨੇਡਾ ਦੀ ਪ੍ਰਮੁੱਖ ਸਿਆਸੀ ਪਾਰਟੀ ਨਿਊ ਡੈਮੋਕਰੈਟਿਕ ਪਾਰਟੀ (ਐਨ.ਡੀ.ਪੀ) ਦੇ ਆਗੂ ਚੁਣੇ ਗਏ ਹਨ ਤੇ ਉਨ੍ਹਾਂ ਨੂੰ 50 ਫ਼ੀ ਸਦੀ ਤੋਂ ਜ਼ਿਆਦਾ ਵੋਟਾਂ ਮਿਲੀਆਂ ਹਨ। ਜਗਮੀਤ ਸਿੰਘ ਨੂੰ ਭੇਜੇ ਵਧਾਈ ਸੰਦੇਸ਼ ਵਿਚ ਸ. ਸਿਰਸਾ ਨੇ ਕਿਹਾ ਕਿ ਪਹਿਲੇ ਸਿੱਖ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖਾਂ ਨੂੰ ਵਰ ਦਿੱਤਾ ਸੀ ਕਿ ਉਹ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿਚ ਵਸ ਜਾਣਗੇ।
ਉਨ੍ਹਾਂ ਕਿਹਾ
ਕਿ ਗੁਰੂ ਸਾਹਿਬ ਦੇ ਹੁਕਮਾਂ ਅਨੁਸਾਰ ਅੱਜ ਸਿੱਖ ਦੁਨੀਆਂ ਭਰ ਵਿਚ ਇਕ ਤਾਕਤ ਵਜੋਂ ਉਭਰੇ
ਹਨ। ਉਨ੍ਹਾਂ ਕਿਹਾ ਕਿ ਜਦੋਂ ਸਾਰੀ ਦੁਨੀਆਂ ਪ੍ਰਮੁੱਖ ਵਿਸ਼ਵ ਅਰਥਚਾਰਿਆਂ ਵਿਚ ਸਿੱਖ
ਭਾਈਚਾਰੇ ਦੇ ਯੋਗਦਾਨ ਤੇ ਇਨ੍ਹਾਂ ਦੀ ਗਰੀਬ ਤੇ ਲਾਚਾਰ ਲੋਕਾਂ ਦੀ ਸੇਵਾ ਤੇ ਹੋਰ ਸਮਾਜਕ
ਖੇਤਰਾਂ ਵਿਚ ਕੰਮ ਨੂੰ ਮਾਨਤਾ ਦੇ ਰਹੇ ਹਨ, ਉਦੋਂ ਉਨ੍ਹਾਂ ਦੀ ਚੋਣ ਕੈਨੇਡਾ ਦੀ ਪ੍ਰਮੁੱਖ
ਪਾਰਟੀ ਦੀ ਅਗਵਾਈ ਵਾਸਤੇ ਹੋਣਾ, ਸਿੱਖਾਂ ਦਾ ਮਨੋਬਲ ਉਚਾ ਚੁੱਕਣ ਵਿਚ ਹੋਰ ਵੱਡਾ
ਯੋਗਦਾਨ ਪਾਵੇਗੀ।
ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਇਸ ਚੋਣ ਨੇ ਸਿੱਖ ਭਾਈਚਾਰੇ ਨੂੰ
ਇਹ ਮੌਕਾ ਵੀ ਪ੍ਰਦਾਨ ਕੀਤਾ ਹੈ ਕਿ ਪਹਿਲੀ ਵਾਰ ਦੁਨੀਆਂ ਦੇ ਕਿਸੇ ਮੁਲਕ ਦਾ ਪ੍ਰਧਾਨ
ਮੰਤਰੀ ਇਕ ਅੰਮ੍ਰਿਤਧਾਰੀ ਸਿੰਘ ਵੀ ਬਣ ਸਕਦਾ ਹੈ ਅਤੇ ਇਹ ਮੁਲਕ ਕੈਨੇਡਾ ਹੋਵੇ ਜੋ ਕਿ
ਵਿਸ਼ਵ ਵਿਚ ਪ੍ਰਮੁੱਖ ਅਰਥਚਾਰਾ ਹੈ ਤਾਂ ਇਸ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ। ਸ.
ਜਗਮੀਤ ਸਿੰਘ ਨੂੰ ਸ਼ੁਭ ਇੱਛਾਵਾਂ ਭੇਂਟ ਕਰਦਿਆਂ ਮਨਜਿੰਦਰ ਸਿੰਘ ਸਿਰਸਾ ਨੇ ਕੈਨੇਡਾ ਵਿਚ
ਵਸਦੇ ਸਿੱਖਾਂ ਨੂੰ ਵੀ ਅਪੀਲ ਕੀਤੀ ਕਿ ਉਹ ਜਗਮੀਤ ਸਿੰਘ ਦੀ ਪ੍ਰਾਪਤੀ ਦੀ ਸਿਫਤ ਕਰਨ।
ਸ. ਸਿਰਸਾ ਨੇ ਉਨ੍ਹਾਂ ਦੀ ਮਾਤਾ ਸਰਦਾਰਨੀ ਹਰਮੀਤ ਕੌਰ ਤੇ ਪਿਤਾ ਸ. ਜਗਤਾਰਨ ਸਿੰਘ ਨੂੰ ਵੀ ਉਨ੍ਹਾਂ ਦੇ ਸਪੁੱਤਰ ਜਗਮੀਤ ਸਿੰਘ ਦੀ ਚੋਣ ਦੀ ਵਧਾਈ ਦਿਤੀ।