
ਮੇਰਠ ਵਿਚ 25 ਕਰੋਡ਼ ਦੀ ਪੁਰਾਣੀ ਕਰੰਸੀ ਸਮੇਤ ਕੀਤੇ ਚਾਰ ਗ੍ਰਿਫ਼ਤਾਰ (Demonitization)
ਨੋਟਬੰਦੀ ਨੂੰ ਭਾਵੇਂ ਕਿ 13 ਮਹੀਨੇ ਦਾ ਸਮਾਂ ਬੀਤ ਚੁੱਕਾ ਹੈ ਪਰ ਅਜੇ ਵੀ ਪੁਰਾਣੀ ਕਰੰਸੀ ਫੜੇ ਜਾਣ ਦੇ ਮਾਮਲੇ ਸਾਹਮਣੇ ਆਈ ਜਾ ਰਹੇ ਹਨ। ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਜਿਹੜੇ ਲੋਕਾਂ ਕੋਲ 2 ਨੰਬਰ ਦਾ ਪੈਸਾ ਸੀ, ਉਨ੍ਹਾਂ ਨੇ ਸਰਕਾਰ ਦੀ ਨਿਗ੍ਹਾ ਤੋਂ ਬਚਣ ਲਈ ਉਸ ਨੂੰ ਬਾਹਰ ਕੱਢਣ ਦੀ ਬਜਾਏ ਅੰਦਰ ਹੀ ਛੁਪਾ ਕੇ ਰੱਖਣਾ ਸਹੀ ਸਮਝਿਆ। ਉਨ੍ਹਾਂ ਵਿਚੋਂ ਹੁਣ ਕੁੱਝ ਪੁਲਿਸ ਦੇ ਹੱਥੇ ਚੜ੍ਹ ਰਹੇ ਹਨ।
ਅਸਲ ਵਿਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਨੋਟਬੰਦੀ ਤੋਂ ਬਾਅਦ ਵੀ ਅੰਦਰਖ਼ਾਤੇ ਪੁਰਾਣੇ ਨੋਟਾਂ ਨੂੰ ਬਦਲਣ ਦਾ ਧੰਦਾ ਚੱਲ ਰਿਹਾ ਹੈ। ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਇਸ ਵਿਚ ਆਰਬੀਆਈ ਦੇ ਕੁਝ ਅਧਿਕਾਰੀ ਵੀ ਕਥਿਤ ਤੌਰ ‘ਤੇ ਸ਼ਾਮਲ ਹੋ ਸਕਦੇ ਹਨ। ਦੇਸ਼ ਵਿਚ ਕਈ ਥਾਵਾਂ ਤੋਂ ਨੋਟਬੰਦੀ ਤੋਂ ਇੰਨਾ ਸਮਾਂ ਬਾਅਦ ਵੀ ਪੁਰਾਣੀ ਕਰੰਸੀ ਭਾਰੀ ਮਾਤਰਾ ਵਿਚ ਬਰਾਮਦ ਹੋ ਚੁੱਕੀ ਹੈ।
ਨੋਟਬੰਦੀ ਦੇ 13 ਮਹੀਨੇ ਬਾਅਦ ਵੀ ਪੁਰਾਣੀ ਕਰੰਸੀ ਬਦਲਣ ਦਾ ਧੰਦਾ ਚੱਲ ਰਿਹਾ ਹੈ। ਪੁਲਿਸ ਨੇ ਦਿੱਲੀ ਰੋਡ ਸਥਿਤ ਰਾਜ ਕਮਲ ਇਨਕਲੇਵ ਦੇ ਪ੍ਰਾਪਰਟੀ ਡੀਲਰ ਸੰਜੇ ਮਿੱਤਲ ਦੇ ਦਫ਼ਤਰ ਤੋਂ 1000 ਅਤੇ 500 ਰੁਪਏ ਦੇ ਲਗਭਗ 25 ਕਰੋੜ ਰੁਪਏ ਮੁੱਲ ਦੀ ਕਰੰਸੀ ਬਰਾਮਦ ਕੀਤੀ ਹੈ। ਕਰੰਸੀ ਦੀ ਡੀਲ ਕਰਨ ਦੇ ਮਕਸਦ ਨਾਲ ਇੱਥੇ ਪਹੁੰਚੇ ਚਾਰ ਲੋਕਾਂ ਨੂੰ ਵੀ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ।
ਰਾਜਕਮਲ ਇਨਕਲੇਵ ਦੇ ਪ੍ਰਾਪਰਟੀ ਡੀਲਰ ਸੰਜੇ ਮਿੱਤਲ ਦਾ ਕੰਕਰਖੇੜਾ ਬਾਈਪਾਸ ‘ਤੇ ਇੱਕ ਪ੍ਰੋਜੈਕਟ ਡੀ-58 ਨਿਰਮਾਣ ਅਧੀਨ ਹੈ। ਕੰਕਰਖੇੜਾ ਥਾਣੇ ਨੂੰ ਇੱਥੋਂ ਸੂਚਨਾ ਮਿਲੀ ਕਿ ਦਿੱਲੀ ਦਾ ਕੋਈ ਦਲਾਲ ਵੱਡੀ ਗਿਣਤੀ ਵਿਚ ਪੁਰਾਣੀ ਕਰੰਸੀ ਨੂੰ ਕਮੀਸ਼ਨ ਦੇ ਏਵਜ਼ ਵਿਚ ਬਦਲਣ ਵਾਲਾ ਹੈ। ਇੱਥੋਂ ਪੁਲਿਸ ਨੇ ਉਕਤ ਦਲਾਲ ਦਾ ਪਿੱਛਾ ਕਰਨਾ ਸ਼ੁਰੂ ਕੀਤਾ। ਪੁਲਿਸ ਨੇ ਉਸ ਜਗ੍ਹਾ ਦਾ ਪਤਾ ਲਗਾ ਲਿਆ ਜਿੱਥੇ ਇਹ ਡੀਲ ਹੋਣੀ ਸੀ।
ਸ਼ੁੱਕਰਵਾਰ ਪੁਲਿਸ ਨੂੰ ਪੁਖ਼ਤਾ ਸੂਚਨਾ ਮਿਲੀ ਕਿ ਦਫ਼ਤਰ ਵਿਚ ਪੈਸਿਆਂ ਦੀ ਡੀਲ ਹੋਣੀ ਹੈ ਅਤੇ ਪੁਰਾਣੀ ਕਰੰਸੀ ਉੱਥੇ ਪਹੁੰਚ ਚੁੱਕੀ ਹੈ। ਮੌਕਾ ਦੇਖ ਕੇ ਪੁਲਿਸ ਨੇ ਉੱਥੇ ਛਾਪਾ ਮਾਰਿਆ ਅਤੇ ਮੌਕੇ ‘ਤੇ ਮੌਜੂਦਾ ਚਾਰ ਲੋਕਾਂ ਨੂੰ ਵੀ ਹਿਰਾਸਤ ਵਿਚ ਲੈ ਲਿਆ। ਸੂਤਰਾਂ ਅਨੁਸਾਰ ਦਿੱਲੀ ਦਾ ਇਹ ਦਲਾਲ ਕਿਸੇ ਵੱਡੇ ਰੈਕੇਟ ਦਾ ਸਰਗਨਾ ਹੈ ਜੋ ਪੁਰਾਣੀ ਕਰੰਸੀ ਨੂੰ ਵਿਦੇਸ਼ੀਆਂ ਨੂੰ ਦਿੰਦਾ ਹੈ। ਦੱਸ ਦੇਈਏ ਕਿ ਵਿਦੇਸ਼ਾਂ ਵਿਚ ਰਹਿ ਰਹੇ ਐੱਨਆਰਆਈ ਅਜੇ ਵੀ ਨੋਟਬੰਦੀ ਤੋਂ ਬਾਅਦ ਆਪਣੇ ਪੈਸੇ ਬਦਲਵਾ ਸਕਦੇ ਹਨ।
ਇਸ ਦੇ ਏਵਜ਼ ਵਿਚ ਮੋਟੀ ਰਕਮ ਲਈ ਜਾਂਦੀ ਹੈ। ਇਸ ਪੂਰੇ ਮਾਮਲੇ ਦੇ ਹੋਰ ਪਹਿਲੂਆਂ ਤੋਂ ਵੀ ਪਰਦਾ ਹਟਾਇਆ ਜਾ ਰਿਹਾ ਹੈ। ਸੂਚਨਾ ‘ਤੇ ਐੱਸਐੱਸਪੀ ਮੰਜ਼ਿਲ ਸੈਣੀ ਪਹੁੰਚੀ ਹੈ। ਰੁਪਏ ਦੀ ਗਿਣਤੀ ਕੀਤੀ ਗਈ, ਜਿਸ ਨੂੰ ਕਾਫੀ ਸਮਾਂ ਲੱਗ ਗਿਆ। ਅਨੁਮਾਨ ਦੇ ਮੁਤਾਬਕ ਫੜੀ ਗਈ ਰਕਮ 25 ਕਰੋੜ ਰੁਪਏ ਹੈ। ਪੁਲਿਸ ਇਸ ਮਾਮਲੇ ਵਿਚ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਫੜੇ ਗਏ ਵਿਅਕਤੀਆਂ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਮਾਮਲੇ ਦਾ ਅਸਲ ਸੱਚ ਸਾਹਮਣੇ ਆ ਸਕੇ।