
ਮੁੰਬਈ, 23 ਫ਼ਰਵਰੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬੇਟੇ ਅਤੇ ਚੋਟੀ ਦੇ ਰੀਐਲਟੀ ਕਾਰੋਬਾਰੀ ਡੋਨਾਲਡ ਜੌਨ ਟਰੰਪ ਨੇ ਕਿਹਾ ਕਿ ਉਸ ਦੇ ਪਿਤਾ ਦਾ ਰਾਸ਼ਟਰਪਤੀ ਵਜੋਂ ਕਾਰਜਕਾਲ ਉਸ ਦੇ ਪਰਵਾਰਕ ਕਾਰੋਬਾਰ ਲਈ ਨਾਂਹਪੱਖੀ ਹੈ ਪਰ ਰਾਸ਼ਟਰਪਤੀ ਅਹੁਦੇ ਦੀ ਜ਼ਿੰਮੇਵਾਰੀ ਤੋਂ ਮੁਕਤ ਹੋਣ ਮਗਰੋਂ ਉਹ ਵਾਪਸ ਕਾਰੋਬਾਰੀ ਖੇਤਰ ਵਿਚ ਆ ਜਾਣਗੇ। ਉਨ੍ਹਾਂ ਕਿਹਾ ਕਿ ਡੋਨਾਲਡ ਟਰੰਪ ਦੇ ਜਨਵਰੀ 2017 ਵਿਚ ਰਾਸ਼ਟਰਪਤੀ ਬਣਨ ਮਗਰੋਂ ਹੁਣ ਤਕ ਟਰੰਪ ਆਰਗਨਾਈਜ਼ੇਸ਼ਨ ਨੇ ਭਾਰਤ ਨਾਲ ਕਿਸੇ ਨਵੇਂ ਪ੍ਰਾਜੈਕਟ 'ਤੇ ਹਸਤਾਖਰ ਨਹੀਂ ਕੀਤੇ।
ਪਿਛਲੇ ਸਾਲ ਕੰਪਨੀ ਨੇ ਐਲਾਨ ਕੀਤਾ ਸੀ ਕਿ ਟਰੰਪ ਦੇ ਰਾਸ਼ਟਰਪਤੀ ਬਣੇ ਰਹਿਣ ਦੌਰਾਨ ਉਹ ਕਿਸੇ ਨਵੇਂ ਵਿਦੇਸ਼ੀ ਸੌਦੇ ਵਿਚ ਸ਼ਾਮਲ ਨਹੀਂ ਹੋਵੇਗੀ ਤਾਕਿ ਹਿਤਾਂ ਦੇ ਟਕਰਾਅ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਭਾਰਤੀ ਬਾਜ਼ਾਰ ਕੰਪਨੀ ਲਈ ਬਹੁਤ ਅਹਿਮ ਹੈ। ਇਥੇ ਕਲ ਸ਼ਾਮ ਲੋਢਾ ਸਮੂਹ ਦੇ ਸਮਾਗਮ ਵਿਚ ਉਨ੍ਹਾਂ ਕਿਹਾ ਕਿ ਭਾਰਤੀ ਬਾਜ਼ਾਰ ਉਨ੍ਹਾਂ ਲਈ ਕਾਫ਼ੀ ਅਹਿਮ ਹੈ ਪਰ ਹਾਲੇ ਉਹ ਇਧਰ ਨਹੀਂ ਆ ਸਕਦੇ। ਟਰੰਪ ਆਰਗੇਨਾਈਜ਼ੇਸ਼ਨ ਇਸੇ ਗਰੁਪ ਨਾਲ ਮਿਲ ਕੇ ਇਥੇ ਦੇਸ਼ ਦਾ ਪਹਿਲਾ ਟਰੰਪ ਟਾਵਰ ਬਣਾ ਰਹੀ ਹੈ।
(ਏਜੰਸੀ)