
ਊਧਮਪੁਰ, 6 ਜਨਵਰੀ : ਜੰਮੂ ਕਸ਼ਮੀਰ ਦੇ ਇਸ ਪਹਾੜੀ ਜ਼ਿਲ੍ਹੇ ਵਿਚ ਮਿੰਨੀ ਬੱਸ ਸੜਕ ਤੋਂ ਤਿਲਕ ਕੇ 100 ਫ਼ੁਟ ਡੂੰਘੀ ਖੱਡ ਵਿਚ ਡਿੱਗ ਗਈ ਜਿਸ ਨਾਲ ਛੇ ਮੁਸਾਫ਼ਰਾਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖ਼ਮੀ ਹੋ ਗਏ। ਪੁਲਿਸ ਬੁਲਾਰੇ ਨੇ ਦਸਿਆ ਕਿ ਇਹ ਹਾਦਸਾ ਇਥੋਂ ਕਰੀਬ 30 ਕਿਲੋਮੀਟਰ ਦੂਰ ਕਰੋਵਾ ਲਾਗੇ ਦੁਪਹਿਰ ਕਰੀਬ ਡੇਢ ਵਜੇ ਵਾਪਰਿਆ। ਉਨ੍ਹਾਂ ਦਸਿਆ ਕਿ ਮਿੰਨੀ ਬੱਸ ਊਧਮਪੁਰ ਤੋਂ ਰਾਮਨਗਰ ਜਾ ਰਹੀ ਸੀ ਅਤੇ ਕਰੋਵਾ ਪਹੁੰਚਣ 'ਤੇ ਚਾਲਕ ਨੇ ਵਾਹਨ ਤੋਂ ਅਪਣਾ ਕੰਟਰੋਲ ਗਵਾ ਲਿਆ ਜਿਸ ਕਾਰਨ ਵਾਹਨ ਖੱਡ ਵਿਚ ਜਾ ਡਿੱਗੀ।
ਬਚਾਅ ਕਾਮੇ ਤੁਰਤ ਹਰਕਤ ਵਿਚ ਆ ਗਏ ਅਤੇ ਉਨ੍ਹਾਂ ਮੌਕੇ 'ਤੇ ਜਾ ਕੇ ਚਾਰ ਜਣਿਆਂ ਦੀਆਂ ਲਾਸ਼ਾਂ ਬਾਹਰ ਕਢੀਆਂ। ਅਧਿਕਾਰੀਆਂ ਨੇ ਦਸਿਆ ਕਿ 17 ਹੋਰ ਜ਼ਖ਼ਮੀਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ ਜਿਨ੍ਹਾਂ ਵਿਚ ਦੋ ਨੇ ਅਪਣੀ ਸੱਟ ਕਾਰਨ ਦਮ ਤੋੜ ਦਿਤਾ। ਪੰਜ ਦੀ ਹਾਲਤ ਗੰਭੀਰ ਦੱਸੀ ਗਈ ਹੈ। (ਏਜੰਸੀ)