
ਨਵੀਂ ਦਿੱਲੀ, 7 ਫ਼ਰਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਦੇ ਭਾਸ਼ਨ ਮਗਰੋਂ ਧਨਵਾਦੀ ਮਤੇ 'ਤੇ ਕਰੀਬ ਡੇਢ ਘੰਟੇ ਤਕ ਲੋਕ ਸਭਾ ਵਿਚ ਭਾਸ਼ਨ ਦਿਤਾ। ਉਨ੍ਹਾਂ ਜਦ ਬੋਲਣਾ ਸ਼ੁਰੂ ਕੀਤਾ ਤਾਂ ਸੱਭ ਤੋਂ ਪਹਿਲਾਂ ਸਹਿਯੋਗੀ ਪਾਰਟੀ ਤੇਲਗੂ ਦੇਸਮ ਦੇ ਮੈਂਬਰਾਂ ਨੇ ਨਾਹਰੇਬਾਜ਼ੀ ਸ਼ੁਰੂ ਕੀਤੀ। ਫਿਰ ਕਾਂਗਰਸ ਸਮੇਤ ਹੋਰ ਵਿਰੋਧੀ ਧਿਰਾਂ ਨੇ ਵੀ ਨਾਹਰੇਬਾਜ਼ੀ ਸ਼ੁਰੂ ਕਰ ਦਿਤੀ। ਕਾਫ਼ੀ ਦੇਰ ਤਕ ਨਾਹਰੇਬਾਜ਼ੀ ਹੁੰਦੀ ਰਹੀ। ਟੀਡੀਪੀ ਆਂਧਰਾ ਨੂੰ ਬਜਟ ਵਿਚ ਆਰਥਕ ਪੈਕੇਜ ਨਾ ਦਿਤੇ ਜਾਣ ਤੋਂ ਨਾਰਾਜ਼ ਹੈ। ਪਿਛਲੇ ਦਿਨੀਂ ਟੀਡੀਪੀ ਨੇ ਐਨਡੀਏ ਛੱਡਣ ਦੀ ਵੀ ਧਮਕੀ ਦਿਤੀ ਸੀ। ਟੀਡੀਪੀ ਮੈਂਬਰਾਂ ਨੇ ਨਾਹਰੇ ਲਾਏ ਕਿ ਆਂਧਰਾ ਦੇ ਮੁੱਦੇ 'ਤੇ ਡਰਾਮਾ ਬੰਦ ਕਰੋ। ਕਾਂਗਰਸ ਮੈਂਬਰਾਂ ਨੇ ਕਿਹਾ ਕਿ ਰਾਫ਼ੇਲ ਸੌਦੇ
ਵਿਚ ਘਪਲਾ ਹੋਇਆ ਹੈ। ਉਨ੍ਹਾਂ ਕਿਹਾ ਕਿ ਮੋਦੀ ਜੀ ਜੁਮਲੇਬਾਜ਼ੀ ਬੰਦ ਕਰਨ, ਝੂਠਾ ਭਾਸ਼ਨ ਬੰਦ ਹੋਵੇ। 15 ਲੱਖ ਦਾ ਕੀ ਹੋਇਆ? ਮੋਦੀ ਦਾ ਭਾਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਸੰਸਦ ਮੈਂਬਰਾਂ ਨੇ ਹੰਗਾਮਾ ਸ਼ੁਰੂ ਕਰ ਦਿਤਾ। ਮੋਦੀ ਨੇ ਰੌਲੇ-ਰੱਪੇ ਵਿਚ ਹੀ ਭਾਸ਼ਨ ਜਾਰੀ ਰਖਿਆ। ਕਾਂਗਰਸ ਦੇ ਮੈਂਬਰ ਨਾਹਰੇਬਾਜ਼ੀ ਕਰਦੇ ਰਹੇ ਅਤੇ ਭਾਸ਼ਨ ਖ਼ਤਮ ਹੁੰਦਿਆਂ ਹੀ ਸਦਨ ਵਿਚੋਂ ਵਾਕਆਊਟ ਕਰ ਗਏ। ਭਾਜਪਾ ਸੰਸਦ ਮੈਂਬਰਾਂ ਨੇ ਕਾਂਗਰਸ ਨੇਤਾ ਵੀਰੱਪਾ ਮੋਇਲੀ ਦੇ ਭਾਸ਼ਨ ਦੌਰਾਨ ਹੰਗਾਮਾ ਕੀਤਾ। ਉਦੋਂ ਉਹ ਕੇਂਦਰੀ ਬਜਟ ਚਰਚਾ ਵਿਚ ਹਿੱਸਾ ਲੈ ਰਹੇ ਸਨ। ਭਾਜਪਾ ਮੈਂਬਰ ਕਹਿ ਰਹੇ ਸਨ, 'ਮਾਫ਼ੀ ਮੰਗੋ, ਕਾਂਗਰਸ ਸ਼ਰਮ ਕਰੋ, ਸੋਨੀਆ ਗਾਂਧੀ ਹਾਏ ਹਾਏ।' ਇਸ ਦੌਰਾਨ ਸਦਨ ਵਿਚ ਸੋਨੀਆ ਗਾਂਧੀ ਅਤੇ ਵਿੱਤ ਮੰਤਰੀ ਅਰੁਣ ਜੇਤਲੀ ਵੀ ਮੌਜੂਦ ਸਨ। (ਏਜੰਸੀ)