
ਨਵੀਂ ਦਿੱਲੀ, 4 ਅਕਤੂਬਰ : ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੇ 'ਕਿਸਾਨ ਅਤੇ ਰੁਜ਼ਗਾਰ' ਜਿਹੇ ਦੋ ਵੱਡੇ ਮੁੱਦਿਆਂ ਦਾ ਹੱਲ ਨਹੀਂ ਕਰ ਸਕਦੇ ਤਾਂ ਕਹਿ ਦੇਣ ਅਤੇ ਅਸੀਂ ਛੇ ਮਹੀਨੇ ਵਿਚ ਇਹ ਕੰਮ ਕਰ ਕੇ ਵਿਖਾ ਦੇਵਾਂਗੇ। ਰਾਹੁਲ ਅਪਣੇ ਲੋਕ ਸਭਾ ਹਲਕੇ ਅਮੇਠੀ ਦੇ ਤਿੰਨ ਦਿਨਾ ਦੌਰੇ 'ਤੇ ਆਏ ਹਨ। ਉਨ੍ਹਾਂ ਅਪਣੇ ਦੌਰੇ ਦੇ ਪਹਿਲੇ ਦਿਨ ਜਗਦੀਸ਼ਪੁਰ ਦੇ ਪਿੰਡ ਵਿਚ ਸੱਥ ਲਾਈ। ਰਾਹੁਲ ਨੇ ਕਿਹਾ, 'ਦੋ ਮੁੱਦੇ ਹਨ ਹਿੰਦੁਸਤਾਨ ਵਿਚ-ਕਿਸਾਨ ਅਤੇ ਰੁਜ਼ਗਾਰ ਦਾ ਮਸਲਾ। ਇਨ੍ਹਾਂ ਦਾ ਹੱਲ ਸਰਕਾਰ ਨੂੰ ਕਰਨਾ ਚਾਹੀਦਾ ਹੈ।
ਮੋਦੀ ਇਨ੍ਹਾਂ ਦਾ ਹੱਲ ਨਹੀਂ ਕਰ ਸਕਦੇ ਤਾਂ ਕਹਿ ਦੇਣ, ਅਸੀਂ ਕਰ ਕੇ ਵਿਖਾ ਦੇਵਾਂਗੇ ਤੇ ਉਹ ਵੀ ਛੇ ਮਹੀਨੇ ਵਿਚ।' ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਸੱਭ ਤੋਂ ਅਹਿਮ ਮੁੱਦਾ ਹੈ ਪਰ ਪ੍ਰਧਾਨ ਮੰਤਰੀ ਰੁਜ਼ਗਾਰ ਨਹੀਂ ਦੇਸਕੇ। ਇਹ ਸਚਾਈ ਹੈ ਅਤੇ ਇਸ ਦਾ ਪੂਰੇ ਦੇਸ਼ ਨੂੰ ਪਤਾ ਹੈ। ਰਾਹੁਲ ਨੇ ਕਿਹਾ ਕਿ ਮੋਦੀ ਨੇ ਕਿਹਾ ਸੀ ਕਿ ਦੋ ਕਰੋੜ ਨੌਜਵਾਨਾਂ ਨੂੰ ਹਰ ਸਾਲ ਰੁਜ਼ਗਾਰ ਮਿਲੇਗਾ ਪਰ ਇਹ ਇਸ ਵਿਅਕਤੀ ਦੇ ਵੱਸ ਦੀ ਗੱਲ ਨਹੀਂ। ਗੁੱਸਾ ਵਧਦਾ ਜਾ ਰਿਹਾ ਹੈ। ਨੌਜਵਾਨਾਂ ਨੂੰ ਲੱਗ ਰਿਹਾ ਹੈ ਕਿ ਉਹ ਦੇਸ਼ ਲਈ ਕੰਮ ਕਰਨਾ ਚਾਹੁੰਦੇ ਹਨ ਪਰ ਮੌਕਾ ਹੀ ਨਹੀਂ ਹੈ। ਕਿਸਾਨ ਆਤਮਹਤਿਆ ਕਰ ਰਹੇ ਹਨ। ਰਾਹੁਲ ਨੇ ਕਿਹਾ ਕਿ ਹਿੰਦੁਸਤਾਨ ਵਿਚ ਹਰ ਰੋਜ਼ 30 ਹਜ਼ਾਰ ਨੌਜਵਾਨ ਨੌਕਰੀ ਲੱਭਣ ਨਿਕਲਦੇ ਹਨ ਪਰ ਸਿਰਫ਼ 450 ਜਣਿਆਂ ਨੂੰ ਰੁਜ਼ਗਾਰ ਮਿਲਦਾ ਹੈ। (ਏਜੰਸੀ)