
ਨਵੀਂ ਦਿੱਲੀ, 7 ਮਾਰਚ : ਕਾਂਗਰਸ ਨੇ ਤਾਮਿਲਨਾਡੂ ਵਿਚ ਸਮਾਜ ਸੁਧਾਰਕ ਪੇਰੀਆਰ ਦੀ ਮੂਰਤੀ ਸਮੇਤ ਦੇਸ਼ ਦੇ ਵੱਖ ਵੱਖ ਖੇਤਰਾਂ ਵਿਚ ਉਘੀਆਂ ਹਸਤੀਆਂ ਦੀਆਂ ਮੂਰਤੀਆਂ ਤੋੜਨ ਦੀ ਨਿਖੇਧੀ ਕਰਦਿਆਂ ਜ਼ਿੰਮੇਵਾਰ ਵਿਅਕਤੀਆਂ ਵਿਰੁਧ ਕਾਰਵਾਈ ਦੀ ਮੰਗ ਕੀਤੀ ਹੈ। ਨਾਲ ਹੀ ਪਾਰਟੀ ਨੇ ਦੋਸ਼ ਲਾਇਆ ਕਿ ਭਾਜਪਾ ਤੇ ਆਰਐਸਐਸ ਦੇ ਲੋਕਾਂ ਅੰਦਰ ਸਹਿਣਸ਼ੀਲਤਾ ਖ਼ਤਮ ਹੁੰਦੀ ਜਾ ਰਹੀ ਹੈ ਅਤੇ ਉਹ ਦੇਸ਼ ਨੂੰ ਤੋੜਨ ਦੇ ਯਤਨਾਂ ਵਿਚ ਲੱਗੇ ਹੋਏ ਹਨ।
ਕਾਂਗਰਸ ਦੇ ਸੀਨੀਅਰ ਆਗੂ ਮਲਿਕਾਅਰਜੁਨ ਖੜਗੇ ਨੇ ਸੰਸਦ ਭਵਨ ਦੇ ਵਿਹੜੇ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, 'ਅੱਜ ਦੇਸ਼ ਭਰ ਵਿਚ ਭਾਜਪਾ ਤੇ ਆਰਐਸਐਸ ਦੇ ਆਗੂ ਗੁੰਡਾਗਰਦੀ ਕਰ ਰਹੇ ਹਨ। ਤਾਮਿਲਨਾਡੂ ਵਿਚ ਪੇਰੀਆਰ ਦੀ ਮੂਰਤੀ ਨੂੰ ਹਟਾਇਆ ਜਾਣਾ ਉਨ੍ਹਾਂ ਦਾ ਅਪਮਾਨ ਹੈ। ਸਾਨੂੰ ਸਾਰਿਆਂ ਨੂੰ ਵੀ ਬਹੁਤ ਧੱਕਾ ਲੱਗਾ ਹੈ।' ਉਨ੍ਹਾਂ ਕਿਹਾ, 'ਮਹਾਤਮਾ ਫੁਲੇ ਹੋਣ ਜਾਂ ਪੇਰੀਆਰ, ਉਨ੍ਹਾਂ ਨੇ ਸਮਾਜ ਨੂੰ ਬਦਲਣ ਵਿਚ ਯੋਗਦਾਨ ਪਾਇਆ ਹੈ ਪਰ ਭਾਜਪਾ ਵਾਲੇ ਇਹ ਬਰਦਾਸ਼ਤ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਇਹ ਲੋਕ ਹਿੰਦੂਵਾਦ ਦੇ ਨਾਮ 'ਤੇ ਮਨੂਵਾਦ ਦਾ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਮਹੂਰੀਅਤ ਵਿਚ ਹਰ ਕਿਸੇ ਦੀ ਵਿਚਾਰਧਾਰਾ ਦਾ ਸਤਿਕਾਰ ਕਰਨਾ ਚਾਹੀਦਾ ਹੈ। (ਏਜੰਸੀ)