
ਨਵੀਂ ਦਿੱਲੀ, 7 ਫ਼ਰਵਰੀ : ਭਾਜਪਾ ਦੇ ਸੰਸਦ ਮੈਂਬਰ ਵਿਨੇ ਕਟਿਆਰ ਨੇ ਵਿਵਾਦਮਈ ਬਿਆਨ ਦਿੰਦਿਆਂ ਕਿਹਾ ਕਿ ਮੁਸਲਮਾਨਾਂ ਦੀ ਭਾਰਤ ਵਿਚ ਕੋਈ ਲੋੜ ਨਹੀਂ। ਉਨ੍ਹਾਂ ਇਹ ਵੀ ਕਿਹਾ ਕਿ ਮੁਸਲਮਾਨਾਂ ਨੂੰ ਇਸ ਦੇਸ਼ ਵਿਚ ਰਹਿਣਾ ਹੀ ਨਹੀਂ ਚਾਹੀਦਾ। ਜ਼ਿਕਰਯੋਗ ਹੈ ਕਿ ਕਲ ਲੋਕ ਸਭਾ ਵਿਚ ਭਾਰਤੀ ਮੁਸਲਮਾਨਾਂ ਨੂੰ ਪਾਕਿਸਤਾਨੀ ਕਹੇ ਜਾਣ ਦੇ ਰੁਝਾਨ ਨੂੰ ਵੇਖਦਿਆਂ ਹੈਦਰਾਬਾਦ ਤੋਂ ਸੰਸਦ ਮੈਂਬਰ ਅਸਾਸੂਦੀਨ ਓਵੈਸੀ ਨੇ ਅਜਿਹੇ ਬਿਆਨ ਦੇਣ ਵਾਲਿਆਂ ਲਈ ਤਿੰਨ ਸਾਲ ਕੈਦ ਦੀ ਸਜ਼ਾ ਮੰਗੀ ਸੀ। ਵਿਨੇ ਕਟਿਆਰ ਨੇ ਕਿਹਾ ਕਿ ਜੇ ਮੁਸਲਮਾਨਾਂ ਨੂੰ ਪਾਕਿਸਤਾਨੀ ਕਹਿਣ 'ਤੇ ਸਜ਼ਾ ਦੇਣ ਦੀ ਗੱਲ ਹੈ ਤਾਂ ਸਜ਼ਾ ਉਨ੍ਹਾਂ ਲੋਕਾਂ ਨੂੰ ਵੀ ਦਿਤੀ ਜਾਣੀ ਚਾਹੀਦੀ ਹੈ ਜਿਹੜੇ ਕੌਮੀ ਤਰਾਨਾ ਵੰਦੇ ਮਾਤਰਮ ਨਹੀਂ ਗਾਉਂਦੇ ਜਾਂ
ਉਸ ਗੀਤ ਦਾ ਸਤਿਕਾਰ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਸਜ਼ਾ ਉਨ੍ਹਾਂ ਲੋਕਾਂ ਨੂੰ ਵੀ ਦਿਤੀ ਜਾਣੀ ਚਾਹੀਦੀ ਹੈ ਜਿਹੜੇ ਰਾਸ਼ਟਰੀ ਝੰਡੇ ਦੀ ਬੇਇਜ਼ਤੀ ਕਰਦੇ ਹਨ, ਦੇਸ਼ ਵਿਚ ਪਾਕਿਸਤਾਨੀ ਝੰਡਾ ਲਹਿਰਾਉਂਦੇ ਹਨ। ਓਵੈਸੀ 'ਤੇ ਪਲਟਵਾਰ ਕਰਦਿਆਂ ਕਟਿਆਰ ਨੇ ਕਿਹਾ ਕਿ ਮੁਸਮਲਾਨਾਂ ਨੂੰ ਇਸ ਦੇਸ਼ ਵਿਚ ਰਹਿਣਾ ਹੀ ਨਹੀਂ ਚਾਹੀਦਾ। ਦੇਸ਼ ਦੇ ਬਟਵਾਰੇ ਦਾ ਕਾਰਨ ਹੀ ਮੁਸਲਮਾਨ ਸਨ ਅਤੇ ਆਬਾਦੀ ਦੇ ਆਧਾਰ 'ਤੇ ਉਨ੍ਹਾਂ ਦਾ ਬਟਵਾਰਾ ਕਰ ਦਿਤਾ ਗਿਆ ਸੀ ਤਾਂ ਫਿਰ ਉਹ ਦੇਸ਼ ਵਿਚ ਕਿਉਂ ਰਹਿ ਰਹੇ ਹਨ?
(ਏਜੰਸੀ)