
ਅਗਰਤਲਾ, 7 ਮਾਰਚ: ਤ੍ਰਿਪੁਰਾ ਦੇ ਬੇਲੋਨੀਆ 'ਚ ਕੁੱਝ ਲੋਕਾਂ ਵਲੋਂ ਡੇਗੀ ਗਈ ਕਮਿਊਨਿਸਟ ਨੇਤਾ ਵਲਾਦੀਮੀਰ ਲੈਨਿਨ ਦੀ ਮੂਰਤੀ ਨੂੰ ਨਗਰ ਨਿਗਮ ਦੇ ਦਫ਼ਤਰ 'ਚ ਰਖਿਆ ਜਾਵੇਗਾ। ਕਰੀਬ 11 ਫ਼ੁਟ ਉੱਚੀ ਫ਼ਾਈਬਰ ਗਲਾਸ ਦੀ ਇਸ ਮੂਰਤੀ ਨੂੰ ਜੇ.ਸੀ.ਬੀ. ਮਸ਼ੀਨ ਦੀ ਮਦਦ ਨਾਲ ਡੇਗ ਦਿਤਾ ਗਿਆ ਸੀ।ਬੇਲੋਨੀਆ ਨਗਰ ਨਿਗਮ ਦਫ਼ਤਰ ਦੇ ਸੀ.ਈ.ਓ. ਅਮਿਤ ਘੋਸ਼ ਨੇ ਕਿਹਾ ਕਿ ਪਹਿਲਾਂ ਇਹ ਮੂਰਤੀ ਉਥੇ ਹੀ ਛੱਡ ਦਿਤੀ ਗਈ ਸੀ ਕਿਉਂਕਿ ਲੋਕਾਂ ਦੇ ਮਿਜ਼ਾਜ ਬਾਰੇ ਪਤਾ ਨਹੀਂ ਸੀ। ਉਨ੍ਹਾਂ ਕਿਹਾ, 'ਅਸੀਂ ਚਾਹੁੰਦੇ ਸੀ ਕਿ ਸਥਿਤੀ ਥੋੜੀ ਠੀਕ ਹੋ ਜਾਵੇ ਪਰ ਅਧਿਕਾਰੀਆਂ ਵਲੋਂ ਨਿਰਦੇਸ਼ ਮਿਲਣ ਤੋਂ ਬਾਅਦ ਮੂਰਤੀ ਲਿਜਾਣ ਅਤੇ ਅਪਣੇ ਦਫ਼ਤਰ 'ਚ ਰੱਖਣ ਦਾ ਫ਼ੈਸਲਾ ਕੀਤਾ ਗਿਆ
ਹੈ ਹਾਲਾਂਕਿ ਉਨ੍ਹਾਂ ਇਹ ਯਕੀਨੀ ਨਹੀਂ ਕੀਤਾ ਕਿ ਮੂਰਤੀ ਨੂੰ ਦਫ਼ਤਰ ਦੇ ਅੰਦਰ ਰੱਖਿਆ ਜਾਵੇਗਾ ਤਾਂ ਬਾਹਰ।'ਸੀ.ਈ.ਓ. ਨੇ ਕਿਹਾ, 'ਮੂਰਤੀ ਦਾ ਸਿਰ ਗ਼ਾਇਬ ਹੈ। ਅਸੀਂ ਇਸ ਨੂੰ ਕਿਸੇ ਚੀਜ ਨਾਲ ਢਕਣ ਦੀ ਕੋਸ਼ਿਸ ਕਰਾਂਗੇ। ਜੋ ਹੋਇਆ ਨਿੰਦਾਯੋਗ ਹੈ, ਲੈਨਿਨ ਕੌਮਾਂਤਰੀ ਨੇਤਾ ਹਨ। ਘਟਨਾ ਸਥਾਨ 'ਤੇ ਕੋਈ ਸੀ.ਸੀ.ਟੀ.ਵੀ. ਕੈਮਰਾ ਨਹੀਂ ਸੀ। ਮਾਕਪਾ ਅਤੇ ਤ੍ਰਿਣਮੂਲ ਕਾਂਗਰਸ ਨੇ ਭਾਜਪਾ ਨੂੰ ਘਟਨਾ ਲਈ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਦਸਿਆ ਕਿ ਇਸ ਮੂਰਤੀ 'ਤੇ 5 ਲੱਖ ਰੁਪਏ ਦਾ ਖ਼ਰਚਾ ਆਇਆ ਸੀ। (ਪੀਟੀਆਈ)