
ਅਹਿਮਦਾਬਾਦ,
12 ਸਤੰਬਰ : ਸਾਲ 2002 ਦੇ ਨਰੋਦਾ ਦੰਗਾ ਮਾਮਲੇ ਦੀ ਸੁਣਵਾਈ ਕਰ ਰਹੀ ਵਿਸ਼ੇਸ਼ ਐਸਆਈਟੀ
ਅਦਾਲਤ ਨੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਇਸ ਮਾਮਲੇ ਦੀ ਅਹਿਮ ਮੁਲਜ਼ਮ ਮਾਇਆ ਕੋਡਨਾਨੀ
ਜਿਹੜੀ ਗੁਜਰਾਤ ਦੀ ਮੰਤਰੀ ਰਹਿ ਚੁਕੀ ਹੈ, ਦੇ ਗਵਾਹ ਵਜੋਂ ਪੇਸ਼ ਹੋਣ ਲਈ ਸੰਮਨ ਜਾਰੀ
ਕੀਤਾ ਹੈ।
ਜੱਜ ਪੀ ਬੀ ਦੇਸਾਈ ਨੇ ਕੋਡਨਾਨੀ ਦੀ ਅਰਜ਼ੀ 'ਤੇ ਸ਼ਾਹ ਨੂੰ 18 ਸਤੰਬਰ ਨੂੰ
ਅਦਾਲਤ ਵਿਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ। ਅਦਾਲਤ ਨੇ ਇਹ ਵੀ ਕਿਹਾ ਕਿ ਜੇ ਉਹ ਪੇਸ਼
ਨਹੀਂ ਹੁੰਦੇ ਤਾਂ ਦੁਬਾਰਾ ਸੰਮਨ ਜਾਰੀ ਨਹੀਂ ਕੀਤਾ ਜਾਵੇਗਾ। ਕੋਡਨਾਨੀ ਦੇ ਵਕੀਲ ਅਮਿਤ
ਪਟੇਲ ਨੇ ਅਦਾਲਤ ਵਿਚ ਸ਼ਾਹ ਦੇ ਅਹਿਮਦਾਬਾਦ ਦੇ ਥਲਤੇਜ ਇਲਾਕੇ ਦਾ ਰਿਹਾਇਸ਼ੀ ਪਤਾ ਦਿਤਾ
ਜਿਸ 'ਤੇ ਸੰਮਨ ਜਾਰੀ ਕੀਤਾ ਗਿਆ। ਪਹਿਲਾਂ ਕੋਡਨਾਨੀ ਦੱਸ ਨਾ ਸਕਦੀ ਕਿ ਕਿਹੜੇ ਪਤੇ 'ਤੇ
ਸੰਮਨ ਜਾਰੀ ਕੀਤਾ ਜਾਵੇ। ਉਸ ਦੇ ਵਕੀਲ ਨੇ ਇਸ ਵਾਸਤੇ ਦੋ ਚਾਰ ਦਿਨ ਦਾ ਸਮਾਂ ਮੰਗਿਆ।
ਕੋਡਨਾਨੀ
ਨੇ ਬੇਗੁਨਾਹੀ ਸਾਬਤ ਕਰਨ ਲਈ ਅਰਜ਼ੀ ਵਿਚ ਕਿਹਾ ਸੀ ਕਿ ਘਟਨਾ ਵਾਲੇ ਦਿਨ ਉਹ ਵਿਧਾਨ ਸਭਾ
ਤੋਂ ਬਾਅਦ ਸੋਲਾ ਸਿਵਲ ਹਸਪਤਾਲ ਪਹੁੰਚੀ ਸੀ ਤੇ ਉਸ ਵਕਤ ਹਸਪਤਾਲ ਵਿਚ ਸ਼ਾਹ ਵੀ ਮੌਜੂਦ ਸੀ
ਜਿਹੜੇ ਉਸ ਸਮੇਂ ਵਿਧਾਇਕ ਸਨ। ਸਾਬਰਮਤੀ ਟਰੇਨ ਅੱਗ ਕਾਂਡ ਵਿਚ ਮਾਰੇ ਗਏ ਕਾਰਸੇਵਕਾਂ
ਦੀਆਂ ਲਾਸ਼ਾਂ ਗੋਧਰਾ ਤੋਂ ਇਸੇ ਹਸਪਤਾਲ ਵਿਚ ਲਿਆਏ ਗਏ ਸਨ। ਨਰੋਦਾ ਵਾਲਾ ਕਤਲੇਆਮ 2002
ਦੇ 9 ਵੱਡੇ ਫ਼ਿਰਕੂ ਦੰਗਿਆਂ ਵਿਚੋਂ ਇਕ ਹੈ ਜਿਸ ਦੀ ਜਾਂਚ ਵਿਸ਼ੇਸ਼ ਜਾਂਚ ਟੀਮ ਕਰ ਰਹੀ ਹੈ।
ਇਨ੍ਹਾਂ ਦੰਗਿਆਂ ਵਿਚ 11 ਜਣਿਆਂ ਦੀ ਜਾਨ ਚਲੀ ਗਈ ਸੀ। ਇਸ ਮਾਮਲੇ 'ਚ ਕੋਡਨਾਨੀ ਨੂੰ 28
ਸਾਲ ਦੀ ਸਜ਼ਾ ਸੁਣਾਈ ਜਾ ਚੁਕੀ ਹੈ। (ਏਜੰਸੀ)