
ਜੇਕਰ ਤੁਸੀਂ ਵੀ ਨਵੇਂ ਸਾਲ ਨੂੰ ਲੈ ਕੇ ਇਨੀਂ ਦਿਨੀਂ ਮਾਤਾ ਵੈਸ਼ਨੋ ਦੇਵੀ ਜਾਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਖਬਰ ਖਾਸ ਹੈ। ਦੱਸਣਯੋਗ ਹੈ ਕਿ ਜਲੰਧਰ ਸਿਟੀ ਅਤੇ ਕੈਂਟ ਤੋਂ ਲੰਘਣ ਵਾਲੀਆਂ ਜੰਮੂ ਦੀਆਂ ਲਗਭਗ ਸਾਰੀਆਂ ਟਰੇਨਾਂ 'ਚ 30 ਤੋਂ ਲੈ ਕੇ 100 ਤੱਕ ਵੈਟਿੰਗ ਚੱਲ ਰਹੀ ਹੈ। ਇਨ੍ਹਾਂ 'ਚ ਜ਼ਿਆਦਾਤਰ ਨਵੇਂ ਸਾਲ 'ਤੇ ਕੱਟੜਾ ਸਥਿਤ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਨੂੰ ਜਾਣ ਵਾਲੇ ਸ਼ਰਧਾਲੂ ਹਨ। ਹਾਲਾਂਕਿ 24 ਦਸੰਬਰ ਤੱਕ ਜੰਮੂ ਨੂੰ ਜਾਣ ਵਾਲੀਆਂ ਕੁਝ ਹਫਤਾਵਾਰ ਟਰੇਨਾਂ 'ਚ ਸੀਟ ਮਿਲਣ ਦੀ ਗੁੰਜਾਇਸ਼ ਸੀ ਪਰ ਪ੍ਰਮੁੱਖ ਟਰੇਨਾਂ 'ਚ ਹੁਣ ਲੋਕਾਂ ਦੇ ਕੋਲ ਕਨਫਰਮ ਟਿਕਟ ਹਾਸਲ ਕਰਨ ਦਾ ਸਿਰਫ ਇਕੋਂ ਬਦਲ ਤੁਰੰਤ ਹੀ ਰਹਿ ਗਿਆ ਹੈ ਪਰ ਤੁਰੰਤ ਟਿਕਟ ਮਿਲਣ ਦਾ ਸਮਾਂ ਨਿਯਮਿਤ ਹੋਣ ਦੇ ਚਲਦਿਆਂ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਕੂਲਾਂ-ਕਾਲਜਾਂ 'ਚ ਛੁੱਟੀਆਂ ਪੈਣ ਦੇ ਨਾਲ ਹੀ ਲੋਕ ਪਰਿਵਾਰ ਸਮੇਤ ਸਾਲ ਦੇ ਅਖੀਰ 'ਚ ਤਾਂ ਬਰਫਬਾਰੀ ਦਾ ਮਜ਼ਾ ਲੈਣ ਕਸ਼ਮੀਰ ਚਲੇ ਜਾਂਦੇ ਹਨ। ਕਸ਼ਮੀਰ 'ਚ ਹਾਲਾਤ ਪੂਰੀ ਤਰ੍ਹਾਂ ਠੀਕ ਨਾ ਹੋਣ ਕਰਕੇ ਉਥੇ ਹੁਣ ਸੈਲਾਨੀਆਂ ਦੀ ਗਿਣਤੀ 'ਚ ਖਾਸ ਅਸਰ ਪੈ ਰਿਹਾ ਹੈ ਪਰ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਨੂੰ ਜਾਣ ਲਈ ਸ਼ਰਧਾਲੂਆਂ ਦੀ ਗਿਣਤੀ 'ਚ ਕੋਈ ਕਮੀ ਨਹੀਂ ਆਈ ਹੈ। ਇਸ ਕਾਰਨ ਜਲੰਧਰ ਕੈਂਟ ਅਤੇ ਜਲੰਧਰ ਸਿਟੀ ਤੋਂ ਜੰਮੂ ਵੱਲ ਜਾਣ ਵਾਲੀਆਂ ਸਾਰੀਆਂ ਟਰੇਨਾਂ 'ਚ ਸਾਰੇ ਸ਼੍ਰੇਣੀਆਂ ਦੀਆਂ ਟਿਕਟਾਂ ਵੈਟਿੰਗ 'ਚ ਚੱਲ ਰਹੀਆਂ ਹਨ।
26 ਦਸੰਬਰ ਨੂੰ ਨਹੀਂ ਚੱਲੇਗੀ ਸਿਆਲਦਾਹ ਐਕਸਪ੍ਰੈੱਸ
ਰੇਲਵੇ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ 26 ਦਸੰਬਰ ਨੂੰ ਜਾਣ ਵਾਲੀ ਕੋਲਕਾਤਾ-ਜੰਮੂਤਵੀ ਐਕਸਪ੍ਰੈੱਸ 13151 ਨੂੰ ਰੱਦ ਕਰ ਦਿੱਤਾ ਗਿਆ ਹੈ।
ਕਈ ਡੀ. ਐੱਮ. ਯੂ. ਟਰੇਨਾਂ ਵੀ ਰਹਿਣਗੀਆਂ ਰੱਦ
ਜਲੰਧਰ ਤੋਂ ਮਨਨਵਾਲਾ ਜਾਣ ਵਾਲੀ ਗੱਡੀ ਨੰਬਰ 74641, ਅੰਮ੍ਰਿਤਸਰ ਤੋਂ ਜਲੰਧਰ ਸਿੱਟੀ ਆਉਣ ਵਾਲੀ ਗੱਡੀ ਨੰਬਰ 74642, ਜਲੰਧਰ ਤੋਂ ਅੰਮ੍ਰਿਤਸਰ ਜਾਣ ਵਾਲੀ ਗੱਡੀ ਨੰਬਰ 74643, ਲੁਧਿਆਣਾ ਤੋਂ ਜਲੰਧਰ ਆਉਣ ਵਾਲੀ ਡੀ. ਐੱਮ. ਯੂ. ਗੱਡੀ ਨੰਬਰ 74647, ਜਲੰਧਰ ਤੋਂ ਲੁਧਿਆਣਾ ਜਾਣ ਵਾਲੀ ਗੱਡੀ ਨੰਬਰ 74648, ਪਠਾਨਕੋਟ ਤੋਂ ਅੰਮ੍ਰਿਤਸਰ ਜਾਣ ਵਾਲੀ ਗੱਡੀ ਨੰਬਰ 74675, ਹੁਸ਼ਿਆਰਪੁਰ ਤੋਂ ਜਲੰਧਰ ਆਉਣ ਵਾਲੀ ਗੱਡੀ ਨੰਬਰ 74911, ਜਲੰਧਰ ਤੋਂ ਹੁਸ਼ਿਆਰਪੁਰ ਜਾਣ ਵਾਲੀ 74912, ਫਿਰੋਜ਼ਪੁਰ ਤੋਂ ਜਲੰਧਰ ਆਉਣ ਵਾਲੀ ਗੱਡੀ ਨੰਬਰ 74932 ਸਮੇਤ ਜਲੰਧਰ ਤੋਂ ਫਿਰੋਜ਼ਪੁਰ ਜਾਣ ਵਾਲੀ ਗੱਡੀ ਨੰਬਰ 74939 ਨੂੰ ਰੱਦ ਕਰ ਦਿੱਤਾ ਗਿਆ ਹੈ।