
ਕਿਹਾ-ਫ਼ੌਜੀਆਂ ਦੇ ਹਿੱਤ ਸੁਰੱਖਿਅਤ ਰਹਿਣਗੇ
ਨਵੀਂ
ਦਿੱਲੀ, 7 ਸਤੰਬਰ : ਨਿਰਮਲਾ ਸੀਤਾਰਮਨ ਨੇ ਅੱਜ ਪਹਿਲੀ ਕੁਲਵਕਤੀ ਮਹਿਲਾ ਰਖਿਆ ਮੰਤਰੀ
ਵਜੋਂ ਕੰਮਕਾਜ ਸੰਭਾਲ ਲਿਆ। ਉਨ੍ਹਾਂ ਕਿਹਾ ਕਿ ਫ਼ੌਜੀ ਤਿਆਰੀਆਂ, ਫ਼ੌਜੀ ਉਪਕਰਨਾਂ ਦਾ
ਉਤਪਾਦਨ ਭਾਰਤ ਵਿਚ ਕਰਨਾ, ਬਹੁਤ ਸਮੇਂ ਤੋਂ ਲਟਕੇ ਮੁੱਦਿਆਂ ਦਾ ਹੱਲ ਕਰਨਾ ਅਤੇ ਫ਼ੌਜੀਆਂ
ਦੀ ਭਲਾਈ ਉਨ੍ਹਾਂ ਦੀਆਂ ਪਹਿਲਾਂ 'ਚ ਸ਼ਾਮਲ ਹਨ।
ਨਿਰਮਲਾ ਨੇ ਅਰੁਣ ਜੇਤਲੀ ਦੀ ਹਾਜ਼ਰੀ
'ਚ ਕੰਮਕਾਜ ਸੰਭਾਲਿਆ ਜਿਹੜੇ ਉਨ੍ਹਾਂ ਤੋਂ ਪਹਿਲਾਂ ਰਖਿਆ ਮੰਤਰੀ ਸਨ। ਇਸ ਤੋਂ ਪਹਿਲਾਂ
1970 ਦੇ ਦਹਾਕੇ 'ਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਕੋਲ ਇਹ ਮੰਤਰਾਲਾ ਸੀ।
ਸੀਤਾਰਮਨ ਵਲੋਂ ਕੰਮਕਾਜ ਸੰਭਾਲਣ ਤੋਂ ਪਹਿਲਾਂ ਪੁਜਾਰੀ ਨੇ ਰਖਿਆ ਮੰਤਰੀ ਦੇ ਕਮਰੇ 'ਚ
ਪੂਜਾ ਕੀਤੀ। ਨਿਰਮਲਾ ਨੇ ਕੰਮਕਾਜ ਸੰਭਾਲਣ ਮਗਰੋਂ ਇਥੇ ਮੌਜੂਦ ਸੀਨੀਅਰ ਅਧਿਕਾਰੀਆਂ ਨਾਲ
ਸੰਖੇਪ ਗੱਲਬਾਤ ਕੀਤੀ। ਇਸ ਮੌਕੇ ਨਿਰਮਲਾ ਦੇ ਮਾਪੇ ਵੀ ਮੌਜੂਦ ਸਨ।
ਰਖਿਆ ਮੰਤਰੀ ਨੇ ਕਿਹਾ ਕਿ ਰਖਿਆ ਸਮਰਥਾ 'ਚ 'ਮੇਕ ਇਨ ਇੰਡੀਆ' ਨੂੰ ਵੱਡੀ ਭੂਮਿਕਾ ਨਿਭਾਉਣ ਦੀ ਜ਼ਰੂਰਤ ਹੈ ਕਿਉਂਕਿ ਇਹ ਸਰਕਾਰ ਲਈ ਬਹੁਤ ਜ਼ਰੂਰੀ ਹੈ।
ਫ਼ੌਜੀਆਂ
ਬਾਰੇ ਨਿਰਮਲਾ ਨੇ ਕਿਹਾ ਕਿ ਫ਼ੌਜੀ ਮੁਸ਼ਕਲ ਸਰਹੱਦਾਂ ਉਤੇ ਅਪਣਾ ਫ਼ਰਜ਼ ਨਿਭਾਉਂਦੇ ਹਨ ਅਤੇ
ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪ੍ਰਵਾਰਾਂ ਦੀ ਭਲਾਈ ਯਕੀਨੀ ਕਰਨਾ ਉਨ੍ਹਾਂ ਦੀ ਕੋਸ਼ਿਸ਼
ਰਹੇਗੀ। ਉਨ੍ਹਾਂ ਕਿਹਾ ਕਿ ਫ਼ੌਜੀ ਇਸ ਬਾਰੇ ਆਸਵੰਦ ਰਹਿਣ ਕਿ ਉਨ੍ਹਾਂ ਦੇ ਹਿੱਤ ਸੁਰੱਖਿਅਤ
ਰਹਿਣਗੇ। ਨਿਰਮਲਾ ਰਖਿਆ ਬਾਰੇ ਮਹੱਤਵਪੂਰਨ ਕੈਬਨਿਟ ਕਮੇਟੀ ਦੀ ਮੈਂਬਰ ਹੋਣਗੇ। ਪ੍ਰਧਾਨ
ਮੰਤਰੀ, ਗ੍ਰਹਿ ਮੰਤਰੀ, ਵਿਦੇਸ਼ ਮੰਤਰੀ ਅਤੇ ਵਿੱਤ ਮੰਤਰੀ ਵੀ ਇਸ ਕਮੇਟੀ ਦੇ ਮੈਂਬਰ ਹਨ।
(ਏਜੰਸੀ)