
ਮੁੰਬਈ, 23 ਫ਼ਰਵਰੀ: ਬਾਲੀਵੁਡ ਅਦਾਕਾਰਾ ਪ੍ਰਿਅੰਕਾ ਚੋਪੜਾ ਹੁਣ ਨੀਰਵ ਮੋਦੀ ਦੇ ਬ੍ਰਾਂਡ ਦਾ ਪ੍ਰਚਾਰ ਨਹੀਂ ਕਰੇਗੀ ਕਿਉਂਕਿ ਪੰਜਾਬ ਨੈਸ਼ਨਲ ਬੈਂਕ ਨਾਲ ਹੋਈ 11400 ਕਰੋੜ ਰੁਪਏ ਦੀ ਧੋਖਾਧੜੀ ਨੀਰਵ ਮੋਦੀ ਦੀ ਸ਼ਮੂਲੀਅਤ ਤੋਂ ਬਾਅਦ ਪ੍ਰਿਅੰਕਾ ਚੋਪੜਾ ਨੇ ਉੁਸ ਦੀ ਕੰਪਨੀ ਨਾਲ ਹੋਇਆ ਅਪਣਾ ਸਮਝੌਤਾ ਤੋੜ ਦਿਤਾ ਹੈ। ਪ੍ਰਿਅੰਕਾ ਚੋਪੜਾ, ਨੀਰਵ ਮੋਦੀ ਦੀ ਕੰਪਨੀ ਦੇ ਇਕ ਇਸ਼ਤਿਹਾਰ ਵਿਚ ਸਿਧਾਰਥ ਮਲਹੋਤਰਾ ਨਾਲ ਨਜ਼ਰ ਆਈ ਸੀ। ਪ੍ਰਿਅੰਕਾ ਚੋਪੜਾ ਦੇ ਬੁਲਾਰੇ ਨੇ ਕਿਹਾ ਕਿ ਨੀਰਵ ਮੋਦੀ ਦਾ ਨਾਂ ਘਪਲੇ ਵਿਚ ਸਾਹਮਣੇ ਆਉਣ ਤੋਂ ਬਾਅਦ ਉਸ ਨੇ ਇਹ ਸਮਝੌਤਾ ਤੋੜਨਾ ਹੀ ਚੰਗਾ ਸਮਝਿਆ। ਇਸ ਸਬੰਧੀ ਹਾਲ ਹੀ ਵਿਚ ਸਿਧਾਰਥ ਮਲਹੋਤਰਾ ਨੇ ਕਿਹਾ ਸੀ ਕਿ ਨੀਰਵ ਮੋਦੀ ਦੇ ਬ੍ਰਾਂਡ ਨਾਲ ਉਨ੍ਹਾਂ ਦਾ ਸਮਝੌਤਾ ਪਹਿਲਾਂ ਹੀ ਖ਼ਤਮ ਹੋ ਚੁੱਕਾ ਹੈ, ਇਸ ਲਈ ਉਹ ਕੋਈ ਕਾਨੂੰਨੀ ਕਾਰਵਾਈ ਨਹੀਂ ਚਾਹੁੰਦੇ।
ਗੀਤਾਂਜਲੀ ਜੈਮਸ ਦੇ ਇਸ਼ਤਿਹਾਰ ਵਿਚ ਵਿਖਾਈ ਦੇਣ ਵਾਲੀ ਅਦਾਕਾਰਾ ਬਿਪਾਸ਼ਾ ਬਾਸੂ ਨੇ ਦਾਅਵਾ ਕੀਤਾ ਕਿ ਮੋਦੀ ਦੇ ਮਾਮਾ ਮੇਹੁਲ ਚੌਕਸੀ ਦਾ ਬ੍ਰਾਂਡ ਉਨ੍ਹਾਂ ਦੀਆਂ ਤਸਵੀਰਾਂ ਦੀ ਹਾਲੇ ਵੀ ਵਰਤੋਂ ਕਰ ਰਿਹਾ ਹੈ ਜਦਕਿ ਉਨ੍ਹਾਂ ਦਾ ਬ੍ਰਾਂਡ ਨਾਲ ਸਮਝੌਤਾ ਖ਼ਤਮ ਹੋ ਚੁੱਕਾ ਹੈ। ਬਿਪਾਸ਼ਾ ਦੇ ਬੁਲਾਰੇ ਨੇ ਕਿਹਾ ਕਿ ਇਸ ਦੇ ਬਾਵਜੂਦ ਬਿਪਾਸ਼ਾ ਕੰਪਨੀ ਵਿਰੁਧ ਕੋਈ ਕਾਨੂੰਨੀ ਕਾਰਵਾਈ ਕਰਨ ਦੀ ਇਛੁਕ ਨਹੀਂ ਹੈ। (ਪੀ.ਟੀ.ਆਈ.)