
ਆਰ.ਬੀ.ਆਈ. ਦੀਆਂ ਵਿਆਜ ਦਰਾਂ 'ਚ ਨਹੀਂ ਕੋਈ ਬਦਲਾਅ
ਨਵੀਂ ਦਿੱਲੀ, 7 ਫ਼ਰਵਰੀ: ਆਰ.ਬੀ.ਆਈ. ਨੇ ਅੱਜ ਅਪਣੀ ਕਰਜ਼ਾ ਨੀਤੀ ਦਾ ਐਲਾਨ ਕਰਦਿਆਂ ਵਿਆਜ ਦਰਾਂ 'ਚ ਕੋਈ ਬਦਲਾਅ ਨਹੀਂ ਕੀਤਾ। ਉਮੀਦ ਮੁਤਾਬਕ ਹੀ ਆਰ.ਬੀ.ਆਈ. ਨੇ ਰੈਪੋ ਰੇਟ, ਰਿਵਰਸ ਰੈਪੋ ਰੇਟ ਨੂੰ ਪਹਿਲੇ ਪੱਧਰ 'ਤੇ ਹੀ ਕਾਇਮ ਰਖਿਆ ਹੈ।ਜ਼ਿਕਰਯੋਗ ਹੈ ਕਿ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਗਵਰਨਰ ਉਰਜਿਤ ਪਟੇਲ ਦੀ ਅਗਵਾਈ ਵਾਲੀ ਛੇ ਮੈਂਬਰੀ ਮੁਦਰਾ ਨੀਤੀ ਕਮੇਟੀ (ਐਮ.ਪੀ.ਸੀ.) ਦੀ 6 ਅਤੇ 7 ਫ਼ਰਵਰੀ ਨੂੰ ਮੀਟਿੰਗ ਹੋਈ। ਬੈਂਕ ਨੇ ਰੈਪੋ ਰੇਟ 6 ਫ਼ੀ ਸਦੀ ਅਤੇ ਰਿਵਰਸ ਰੈਪੋ ਰੇਟ 5.75 ਫ਼ੀ ਸਦੀ 'ਤੇ ਬਰਕਰਾਰ ਰਖਿਆ ਹੈ।ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਅੱਜ ਕਿਹਾ ਕਿ ਜੀ.ਐਸ.ਟੀ. ਸਥਿਰ ਹੋ ਰਿਹਾ ਹੈ। ਆਰਥਕ ਗਤੀਵਿਧੀਆਂ ਵਧ ਰਹੀਆਂ ਹਨ ਅਤੇ ਨਿਵੇਸ਼ 'ਚ ਸੁਧਾਰ ਦੇ ਸ਼ੁਰੂਆਤੀ ਸੰਕੇਤ ਮਿਲ ਰਹੇ ਹਨ। ਉਥੇ, ਰਿਜ਼ਰਵ ਬੈਂਕ ਨੇ 2017-18 ਲਈ ਆਰਥਕ ਵਾਧਾ ਦਰ ਦੇ ਅਨੁਮਾਨ ਨੂੰ 6.7 ਤੋਂ ਘਟਾ ਕੇ 6.6 ਫ਼ੀ ਸਦੀ ਕੀਤਾ ਹੈ। ਅਗਲੇ ਵਿੱਤੀ ਸਾਲ 'ਚ ਵਾਧਾ ਦਰ 7.2 ਫ਼ੀ ਸਦੀ ਰਹਿਣ ਦਾ ਅਨੁਮਾਨ ਲਾਇਆ ਹੈ।
ਕੇਂਦਰੀ ਬੈਂਕ ਦਾ ਮੰਨਣਾ ਹੈ ਕਿ ਸਰਕਾਰ ਦੇ ਉੱਚੇ ਖ਼ਰਚੇ ਕਾਰਨ ਮੁਦਰਾਸਫ਼ੀਤੀ ਵਧੇਗੀ। ਇਸ ਦੇ ਨਾਲ ਹੀ ਆਰਬੀਆਈ ਨੇ ਖ਼ਜ਼ਾਨੇ ਦੇ ਘਾਟੇ ਦੇ ਜੋਖਮਾਂ ਬਾਰੇ ਚਿੰਤਾ ਪ੍ਰਗਟ ਕੀਤੀ। ਚਾਲੂ ਵਿੱਤ ਸਾਲ ਦੀ ਛੇਵੀਂ ਅਤੇ ਆਖ਼ਰੀ ਸਮੀਖਿਆ ਵਿਚ ਰਿਜ਼ਰਵ ਬੈਂਕ ਨੇ ਅਪਣਾ ਰੁਖ਼ ਸਥਿਰ ਰਖਿਆ ਹੈ। ਜ਼ਿਆਦਾਤਰ ਜਾਣਕਾਰ ਇਹੀ ਮੰਨ ਵੀ ਰਹੇ ਹਨ ਕਿ ਮੁਦਰਾ ਸਫ਼ੀਤੀ 'ਚ ਵਾਧਾ, ਤੇਲ ਦੀਆਂ ਕੀਮਤਾਂ 'ਚ ਤੇਜ਼ੀ ਅਤੇ ਸਰਕਾਰ ਦੀ ਫ਼ਸਲ ਦਾ ਸਮਰਥਨ ਮੁੱਲ ਵਧਾਉਣ ਦੀ ਯੋਜਨਾ ਨੂੰ ਵੇਖਦਿਆਂ ਨੀਤੀਗਤ ਦਰਾਂ 'ਚ ਕਟੌਤੀ ਦੋਂ ਪ੍ਰਹੇਜ਼ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਆਰ.ਬੀ.ਆਈ. ਨੇ ਦਸੰਬਰ 'ਚ ਮੁਦਰਾ ਨੀਤੀ ਸਮੀਖਿਆ 'ਚ ਮੁਦਰਾ ਸਫ਼ੀਤੀ 'ਚ ਵਾਧੇ ਦੀ ਸੰਭਾਵਨਾ ਨੂੰ ਵੇਖਦਿਆਂ ਮਾਨਕ ਨੀਤੀਗਤ ਦਰ 'ਚ ਕੋਈ ਬਦਲਾਅ ਨਹੀਂ ਕੀਤਾ ਸੀ। ਨਾਲ ਹੀ ਚਾਲੂ ਵਿੱਤੀ ਸਾਲ ਲਈ ਆਰਥਕ ਵਾਧਾ ਦਰ ਦੇ ਅਨੁਮਾਨ ਨੂੰ ਘੱਟ ਕਰ ਕੇ 6.7 ਫ਼ੀ ਸਦੀ
ਕੀਤਾ ਸੀ। (ਏਜੰਸੀ)