
ਨਵੀਂ ਦਿੱਲੀ, 8 ਨਵੰਬਰ : ਨੋਟਬੰਦੀ ਦਾ ਇਕ ਸਾਲ ਪੂਰਾ ਹੋਣ 'ਤੇ ਵਿਰੋਧੀ ਪਾਰਟੀਆਂ ਨੇ ਅੱਜ ਦੇ ਦਿਨ ਨੂੰ 'ਕਾਲੇ ਦਿਵਸ' ਵਜੋਂ ਮਨਾਇਆ। ਜਿਥੇ ਰਾਹੁਲ ਗਾਂਧੀ ਨੇ ਸੂਰਤ ਵਿਚ ਨੋਟਬੰਦੀ ਵਿਰੁਧ ਕੇਂਦਰ ਸਰਕਾਰ 'ਤੇ ਹਮਲਾ ਕੀਤਾ, ਉਥੇ ਤ੍ਰਿਣਮੂਲ ਕਾਂਗਰਸ ਨੇ ਸਾਰੇ ਸੂਬੇ ਵਿਚ ਪ੍ਰਦਰਸ਼ਨ ਕੀਤੇ। ਖੱਬੇਪੱਖੀਆਂ, ਬਸਪਾ, ਅੰਨਾਡੀਐਮਕੇ, 'ਆਪ' ਪਾਰਟੀਆਂ ਨੇ ਵੀ ਸਰਕਾਰ 'ਤੇ ਤਿੱਖੇ ਹਮਲੇ ਕਰਦਿਆਂ ਪ੍ਰਦਰਸ਼ਨ ਕੀਤੇ।ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਨੋਟਬੰਦੀ ਅਤੇ ਜੀਐਸਟੀ ਲਾਗੂ ਹੋਣ ਨਾਲ ਸੂਰਤ ਦੇ ਕਪੜਾ ਅਤੇ ਹੀਰਾ ਕਾਰੋਬਾਰ ਦੀ ਲੱਕ ਟੁੱਟ ਗਿਆ ਹੈ। ਗਾਂਧੀ ਨੇ ਅੱਜ ਇਥੇ ਕਾਤਰਗਾਮ ਉਦਯੋਗਿਕ ਵਿਕਾਸ ਖੇਤਰ ਦੇ ਇਕ ਕਾਰਖ਼ਾਨੇ ਵਿਚ ਉਦਯੋਗ ਦੇ ਪ੍ਰਤੀਨਿਧਾਂ ਅਤੇ ਵਰਕਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਕ ਸਾਲ ਪਹਿਲਾਂ ਦੇਸ਼ ਦੀ ਅਰਥਵਿਵਸਥਾ 'ਤੇ ਹਮਲਾ ਕੀਤਾ ਗਿਆ ਸੀ। ਕਾਂਗਰਸ ਮੀਤ ਪ੍ਰਧਾਨ ਨੇ ਕਿਹਾ, 'ਮੈਂ ਇਥੇ ਲੋਕਾਂ ਨਾਲ ਗੱਲਬਾਤ ਕੀਤੀ ਹੈ।
ਉਨ੍ਹਾਂ ਦਸਿਆ ਕਿ ਨੋਟਬੰਦੀ ਅਤੇ ਉਸ ਮਗਰੋਂ ਜੀਐਸਟੀ ਨੇ ਸੂਰਤ ਦੇ ਉਦਯੋਗ ਦੀ ਲੱਤ ਤੋੜ ਦਿਤੀ। ਇਨ੍ਹਾਂ ਦੋ ਝਟਕਿਆਂ ਨਾਲ ਸਿਰਫ਼ ਸੂਰਤ ਦਾ ਨਹੀਂ ਸਗੋਂ ਪੂਰੇ ਦੇਸ਼ ਵਿਚ ਉਦਯੋਗ ਖ਼ਤਮ ਹੋ ਗਿਆ ਹੈ।' ਗਾਂਧੀ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, 'ਲੋਕਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਡਰਾਇਆ ਜਾ ਰਿਹਾ ਹੈ ਪਰ ਸੱਚ ਨੂੰ ਦਬਾਇਆ ਨਹੀਂ ਜਾ ਸਕਦਾ। ਇਹ ਸਾਹਮਣੇ ਆਵੇਗਾ।' ਰਾਹੁਲ ਨੇ ਕਿਹਾ, 'ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਕਿਹਾ ਸੀ ਕਿ ਜੀਐਸਟੀ ਨੂੰ ਇਸ ਤਰੀਕੇ ਨਾਲ ਲਾਗੂ ਨਾ ਕੀਤਾ ਜਾਏ।' ਉਨ੍ਹਾਂ ਕਿਹਾ, 'ਇਹ ਕੋਈ ਰਾਜਨੀਤਕ ਚੀਜ਼ ਨਹੀਂ ਹੈ ਜਿਹੜੀ ਕਾਂਗਰਸ ਅਤੇ ਭਾਜਪਾ ਵਿਚਲੀ ਗੱਲ ਹੋਵੇ। ਇਹ ਦੇਸ਼ ਦੇ ਭਵਿੱਖ ਦੀ ਗੱਲ ਹੈ, ਅਸੀਂ ਚੀਨ ਨਾਲ ਮੁਕਾਬਲਾ ਕਰਨਾ ਹੈ। ਕ੍ਰਿਪਾ ਕਰ ਕੇ ਤੁਸੀਂ ਸਾਡੇ ਉਦਯੋਗ ਅਤੇ ਕਾਰੋਬਾਰ ਨੂੰ ਨਾ ਮਾਰੋ।' (ਏਜੰਸੀ)