
ਨਵੀਂ ਦਿੱਲੀ: ਬੀਤੇ ਕੁੱਝ ਦਿਨਾਂ ਤੋਂ ਪਿਆਜ਼ ਦੇ ਮੁੱਲ ਵਧ ਰਹੇ ਹਨ। ਇਸ ਸਮੇਂ ਦਿੱਲੀ ਦੇ ਪਰਚੂਨ ਬਾਜ਼ਾਰ 'ਚ ਪਿਆਜ਼ 60 ਤੋਂ 80 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਵਿਕ ਰਿਹਾ ਹੈ ਪਰ ਪਿਆਜ਼ ਦੀ ਨਵੀਂ ਆਮਦ ਵਧਣ 'ਤੇ ਅਗਲੇ ਕੁੱਝ ਦਿਨਾਂ 'ਚ ਪਿਆਜ਼ ਸਸਤੇ ਹੋ ਜਾਣਗੇ। ਹਫਤੇ ਭਰ 'ਚ ਦਿੱਲੀ ਦੀਆਂ ਮੰਡੀਆਂ 'ਚ ਪਿਆਜ਼ ਦੇ ਥੋਕ ਮੁੱਲ 10 ਰੁਪਏ, ਮੁੱਖ ਉਤਪਾਦਕ ਮਹਾਰਾਸ਼ਟਰ ਦੀਆਂ ਮੰਡੀਆਂ 'ਚ 7 ਰੁਪਏ ਕਿਲੋ ਤਕ ਵਧ ਚੁੱਕੇ ਹਨ।
ਹਾਲਾਂਕਿ ਮੰਗਲਵਾਰ ਨੂੰ ਥੋਕ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ ਪਰ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਪਿਆਜ਼ ਤਿੰਨ ਗੁਣ ਵਧ ਮਹਿੰਗਾ ਵਿਕ ਰਿਹਾ ਹੈ। ਦਿੱਲੀ ਦੇ ਇਲਾਵਾ ਹੋਰ ਸ਼ਹਿਰਾਂ 'ਚ ਵੀ ਪਿਆਜ਼ 50 ਤੋਂ 70 ਰੁਪਏ ਪ੍ਰਤੀ ਕਿਲੋ 'ਤੇ ਵੇਚਿਆ ਜਾ ਰਿਹਾ ਹੈ। ਉੱਥੇ ਹੀ ਪੰਜਾਬ 'ਚ ਵੀ ਕੀਮਤਾਂ 50 ਰੁਪਏ ਦੇ ਲਗਭਗ ਹਨ ਪਰ 15 ਦਸੰਬਰ ਤੱਕ ਥੋਕ ਕੀਮਤਾਂ ਡਿੱਗ ਕੇ 15-20 ਰੁਪਏ ਕਿਲੋ ਤੱਕ ਆਉਣ ਦਾ ਅੰਦਾਜ਼ਾ ਹੈ।
ਰਾਸ਼ਟਰੀ ਬਾਗਬਾਨੀ ਰਿਸਰਚ ਅਤੇ ਵਿਕਾਸ ਸੰਸਥਾਨ ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਸਾਉਣੀ ਵਾਲੇ ਪਿਆਜ਼ ਦੀ ਬਿਜਾਈ ਘੱਟ ਹੋਈ ਸੀ। ਇਸ ਦੇ ਨਾਲ ਹੀ ਉਤਪਾਦਕ ਖੇਤਰਾਂ 'ਚ ਮੀਂਹ ਪੈਣ ਨਾਲ ਪਿਆਜ਼ ਦੀ ਸਪਲਾਈ ਘੱਟ ਹੋਈ, ਜਿਸ ਨਾਲ ਮੰਡੀਆਂ 'ਚ ਸਪਲਾਈ 20 ਤੋਂ 25 ਫੀਸਦੀ ਘੱਟ ਰਹੀ। ਇਸ ਕਾਰਨ ਬੀਤੇ ਕੁੱਝ ਦਿਨਾਂ ਤੋਂ ਪਿਆਜ਼ ਮਹਿੰਗੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਨਵੇਂ ਪਿਆਜ਼ ਆਉਣੇ ਸ਼ੁਰੂ ਹੋ ਚੁੱਕੇ ਹਨ ਅਤੇ ਇਨ੍ਹਾਂ ਪਿਆਜ਼ਾਂ ਦੀ ਗੁਣਵੱਤਾ ਵੀ ਚੰਗੀ ਦਿਸ ਰਹੀ ਹੈ।
ਉੱਥੇ ਹੀ ਸਰਕਾਰ ਨੇ ਘਰੇਲੂ ਬਾਜ਼ਾਰ 'ਚ ਸਪਲਾਈ ਵਧਾਉਣ ਲਈ ਪਿਆਜ਼ਾਂ 'ਤੇ 850 ਡਾਲਰ ਪ੍ਰਤੀ ਟਨ ਘੱਟੋ-ਘੱਟ ਐਕਸਪੋਰਟ ਮੁੱਲ ਵੀ ਤੈਅ ਕਰ ਦਿੱਤਾ ਹੈ। ਅਜਿਹੇ 'ਚ ਜਲਦ ਹੀ ਪਿਆਜ਼ਾਂ ਦੀਆਂ ਕੀਮਤਾਂ ਹੇਠਾਂ ਆ ਜਾਣਗੀਆਂ। ਅਧਿਕਾਰੀ ਨੇ ਕਿਹਾ ਕਿ 15 ਦਸੰਬਰ ਤਕ ਪਿਆਜ਼ ਦੇ ਥੋਕ ਮੁੱਲ 15-20 ਰੁਪਏ ਕਿਲੋ ਦੇ ਦਾਇਰੇ 'ਚ ਆਉਣ ਦੀ ਉਮੀਦ ਹੈ। ਅਗਲੇ ਮਹੀਨੇ ਤੋਂ ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼ ਦੇ ਨਾਲ ਰਾਜਸਥਾਨ ਦੇ ਅਲਵਰ ਤੋਂ ਨਵੇਂ ਪਿਆਜ਼ ਦੀ ਸਪਲਾਈ ਵੱਡੀ ਮਾਤਰਾ 'ਚ ਵਧੇਗੀ। ਉੱਧਰ ਕੇਂਦਰ ਸਰਕਾਰ ਨੇ ਐੱਮ. ਐੱਮ. ਟੀ. ਸੀ. ਨੂੰ 2000 ਟਨ ਪਿਆਜ਼ ਦਰਾਮਦ ਕਰਨ ਅਤੇ ਨੈਫੇਡ ਤੇ ਐੱਸ. ਐੱਫ. ਏ. ਸੀ. ਨੂੰ ਕਿਸਾਨਾਂ ਕੋਲੋਂ ਪਿਆਜ਼ ਖਰੀਦਣ ਅਤੇ ਖਪਤਕਾਰ ਖੇਤਰਾਂ 'ਚ ਸਪਲਾਈ ਕਰਨ ਨੂੰ ਕਿਹਾ ਹੈ। ਇਨ੍ਹਾਂ ਸਭ ਕਦਮਾਂ ਨਾਲ ਪਿਆਜ਼ ਸਸਤੇ ਹੋ ਜਾਣਗੇ।