
ਨਵੀਂ ਦਿੱਲੀ, 31 ਜਨਵਰੀ: ਰੂੜੀਵਾਦੀ ਧਾਰਮਕ ਵਿਚਾਰਧਾਰਾਵਾਂ ਦੇ ਉਭਾਰ ਅਤੇ ਧਰਮ ਦੇ ਨਾਂ ਤੇ ਗ਼ੈਰਜ਼ਰੂਰੀ ਚੌਕਸੀ ਅਤੇ ਘੱਟ ਗਿਣਤੀਆਂ ਵਿਰੁਧ ਹਿੰਸਾ ਵਧਣ ਕਰ ਕੇ ਭਾਰਤ ਨੂੰ ਇਕ ਵਿਦੇਸ਼ੀ ਮੀਡੀਆ ਸੰਸਥਾ ਵਲੋਂ ਪ੍ਰਕਾਸ਼ਤ ਸਾਲਾਨਾ 'ਕੋਮਾਂਤਰੀ ਲੋਕਤੰਤਰ ਸੂਚਕਅੰਕ' 'ਚ 165 ਦੇਸ਼ਾਂ 'ਚੋਂ 42ਵੇਂ ਸਥਾਨ 'ਤੇ ਰਖਿਆ ਗਿਆ ਹੈ ਜੋ ਇਕ ਸਾਲ ਪਹਿਲਾਂ ਮੁਕਾਬਲੇ 10 ਕਦਮ ਹੇਠਾਂ ਹੈ। ਪਿਛਲੇ ਸਾਲ ਇਕ ਸੂਚਕਅੰਕ 'ਚ ਭਾਰਤ ਦਾ ਸਥਾਨ 32ਵਾਂ ਸੀ। ਬਰਤਾਨੀਆ ਦੀ ਮੀਡੀਆ ਸੰਸਥਾ 'ਦ ਇਕੋਨਾਮਿਸਟ ਗਰੁੱਪ' ਦੀ ਆਰਥਕ ਸੂਚਨਾ ਇਕਾਈ ਵਲੋਂ ਤਿਆਰ ਇਸ ਸੂਚਕਅੰਕ 'ਚ ਨਾਰਵੇ ਇਕ ਵਾਰੀ ਫਿਰ ਸਿਖਰਲੇ ਸਥਾਨ 'ਤੇ ਰਿਹਾ ਹੈ। ਆਇਲੈਂਡ ਅਤੇ ਸਵੀਡਨ ਲੜੀਵਾਰ ਦੂਜੇ ਅਤੇ ਤੀਜੇ ਸਥਾਨ 'ਤੇ ਰਹੇ।ਰੀਪੋਰਟ 'ਚ ਭਾਰਤ ਦੋਸ਼ਪੂਰਨ ਲੋਕਤੰਤਰ ਵਾਲੇ ਦੇਸ਼ਾਂ ਦੇ ਵਰਗ 'ਚ ਸ਼ਾਮਲ ਕੀਤਾ ਗਿਆ ਹੈ। ਬਾਕੀ ਤਿੰਨ ਵਰਗ ਦੇ ਦੇਸ਼ਾਂ 'ਚ ਪੂਰਨ ਲੋਕਤੰਤਰ, ਮਿਲੀਜੁਲੀ ਵਿਵਸਥਾ ਅਤੇ ਤਾਨਾਸ਼ਾਹੀ ਵਿਵਸਥਾ ਵਾਲੇ ਦੇਸ਼ਾਂ ਦੇ ਹਨ। ਸੂਚਕਅੰਕ 'ਚ ਭਾਰਤ ਦੇ ਅੰਕ ਕੁਲ ਮਿਲਾ ਕੇ 7.23 'ਤੇ ਆ ਗਏ ਹਨ। ਚੋਣ ਪ੍ਰਕਿਰਿਆ ਅਤੇ ਬਹੁਵਾਦ 'ਚ 9.17 ਅੰਕ ਪ੍ਰਾਪਤ ਕਰਨ ਤੋਂ ਬਾਅਦ ਵੀ ਹੋਰ ਚਾਰ ਪੈਮਾਨਿਆਂ 'ਤੇ ਬੁਰੇ ਪ੍ਰਦਰਸ਼ਨ ਕਰ ਕੇ ਦੇਸ਼ ਦਾ ਸੂਚਕਅੰਕ ਡਿੱਗਾ ਹੈ।
ਆਰਥਕ ਚੌਕਸੀ ਇਕਾਈ ਅਨੁਸਾਰ, ''ਰੂੜੀਵਾਦੀ ਧਾਰਮਕ ਵਿਚਾਰਧਾਰਾਵਾਂ ਦੇ ਉਭਾਰ ਨੇ ਭਾਰਤ ਨੂੰ ਪ੍ਰਭਾਵਤ ਕੀਤਾ ਹੈ ਧਰਮਨਿਰਪੱਖ ਦੇਸ਼ ਹੋਣ ਦੇ ਬਾਵਜੂਦ ਦੱਖਣਪੰਥੀ ਹਿੰਦੂ ਸਮੂਹਾਂ ਦੇ ਮਜ਼ਬੂਤ ਹੋਣ ਨਾਲ ਘੱਟ ਗਿਣਤੀ ਫ਼ਿਰਕਿਆਂ, ਵਿਸ਼ੇਸ਼ ਕਰ ਕੇ ਮੁਸਲਮਾਨਾਂ ਵਿਰੁਧ ਬਿਨਾਂ ਕਾਰਨ ਨਿਗਰਾਨੀ ਅਤੇ ਹਿੰਸਾ ਵਧੀ ਹੈ।ਅਮਰੀਕਾ, ਜਾਪਾਨ, ਇਟਲੀ, ਫ਼ਰਾਂਸ ਇਜ਼ਰਾਇਲ, ਸਿੰਗਾਪੁਰ ਅਤੇ ਹਾਂਗਕਾਂਗ ਨੂੰ ਵੀ ਦੋਸ਼ਪੂਰਨ ਲੋਕਤੰਤਰਾਂ ਦੀ ਸੂਚੀ 'ਚ ਰਖਿਆ ਗਿਆ ਹੈ। ਸੂਚਕ ਅੰਕਕ 'ਚ ਸਿਖਰਲੇ ਦਸ ਦੇਸ਼ਾਂ 'ਚ ਨਿਊਜ਼ੀਲੈਂਡ, ਡੈਨਮਾਰਕ, ਆਇਰਲੈਂਡ, ਕੈਨੇਡਾ, ਆਸਟਰੇਲੀਆ, ਫ਼ਿਨਲੈਂਡ ਅਤੇ ਸਵਿਟਜ਼ਰਲੈਂਡ ਸ਼ਾਮਲ ਹਨ। (ਪੀਟੀਆਈ)