
ਸ੍ਰੀਨਗਰ, 26 ਫ਼ਰਵਰੀ: ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿਚ ਪੁਲਿਸ ਥਾਣੇ 'ਤੇ ਅਤਿਵਾਦੀਆਂ ਵਲੋਂ ਗ੍ਰੇਨੇਡ ਸੁੱਟਣ ਤੋਂ ਬਾਅਦ ਹਿਰਾਸਤ ਵਿਚ ਬੰਦ ਉਨ੍ਹਾਂ ਦੇ ਸਾਥੀ ਦੀ ਮੌਤ ਹੋ ਗਈ। ਅਤਿਵਾਦੀਆਂ ਨੇ ਅਪਣੇ ਸਾਥੀ ਨੂੰ ਛੁਡਾਉਣ ਲਈ ਥਾਣੇ 'ਤੇ ਗ੍ਰੇਨੇਡ ਨਾਲ ਹਮਲਾ ਕੀਤਾ ਸੀ। ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਹਮਲੇ ਵਿਚ ਅਤਿਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਦੇ ਮੈਂਬਰ ਮੁਸ਼ਤਾਕ ਅਹਿਮਦ ਚੋਪਨ ਦੀ ਮੌਤ ਹੋ ਗਈ। ਘਟਨਾ ਸਮੇਂ ਉਹ ਬੁਰਕਾ ਪਾ ਕੇ ਤ੍ਰਾਲ ਪੁਲਿਸ ਸਟੇਸ਼ਨ ਤੋਂ ਫ਼ਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਹਮਲੇ ਵਿਚ ਪੁਲਿਸ ਕਾਂਸਟੇਬਲ ਮੇਹਰਾਜ ਦੀਨ ਵੀ ਜ਼ਖ਼ਮੀ ਹੋ ਗਿਆ। ਘਟਨਾ ਲਗਭਗ ਸਾਢੇ 12 ਵਜੇ ਵਾਪਰੀ।
ਹਿਜ਼ਬੁਲ ਮੁਜਾਹਿਦੀਨ ਦੇ ਅਤਿਵਾਦੀ ਮੁਸ਼ਤਾਕ ਚੋਪਨ ਨੇ ਬੁਰਕਾ ਪਾ ਕੇ ਥਾਣੇ ਵਿਚੋਂ ਭੱਜਣ ਦੀ ਕੋਸ਼ਿਸ਼ ਕੀਤੀ। ਉਹ ਜਦ ਮੁੱਖ ਗੇਟ ਕੋਲ ਪੁੱਜਾ ਤਾਂ ਕਿਸੇ ਨੇ ਉਸ ਵਲੋਂ ਧਿਆਨ ਲਾਂਭੇ ਕਰਨ ਲਈ ਸਾਜ਼ਸ਼ ਤਹਿਤ ਬਾਹਰ ਤੋਂ ਥਾਣੇ 'ਤੇ ਗ੍ਰੇਨੇਡ ਸੁੱਟ ਦਿਤਾ ਤਾਕਿ ਉਹ ਆਸਾਨੀ ਨਾਲ ਫ਼ਰਾਰ ਹੋ ਸਕੇ ਪਰ ਇਹ ਗ੍ਰੇਨੇਡ ਚੋਪਨ ਕੋਲ ਹੀ ਫਟ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਮੈਜਿਸਟ੍ਰੇਟੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ ਅਤੇ ਉਨ੍ਹਾਂ ਹਾਲਾਤ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਜਿਨ੍ਹਾਂ 'ਚ ਉਹ ਫ਼ਰਾਰ ਹੋ ਰਿਹਾ ਸੀ। ਪਿਛਲੇ 24 ਘੰਟਿਆਂ ਵਿਚ ਪੁਲਿਸ 'ਤੇ ਇਹ ਤੀਜਾ ਹਮਲਾ ਕੀਤਾ ਗਿਆ ਹੈ। (ਪੀ.ਟੀ.ਆਈ.)