ਰਾਫ਼ੇਲ ਸੌਦੇ ਬਾਰੇ ਜਾਣਕਾਰੀ ਜਨਤਕ ਨਹੀਂ ਕਰ ਸਕਦੇ : ਜੇਤਲੀ
Published : Feb 8, 2018, 11:15 pm IST
Updated : Feb 8, 2018, 5:48 pm IST
SHARE ARTICLE

ਕਿਹਾ - ਨੋਟਬੰਦੀ, ਜੀਐਸਟੀ ਜਿਹੇ ਸਖ਼ਤ ਫ਼ੈਸਲਿਆਂ ਦੇ ਬਾਵਜੂਦ ਭਾਰਤੀ ਅਰਥਚਾਰਾ ਦੁਨੀਆਂ ਦਾ 'ਰੌਸ਼ਨ ਪ੍ਰਕਾਸ਼ਪੁੰਜ'
ਨਵੀਂ ਦਿੱਲੀ, 8 ਫ਼ਰਵਰੀ : ਰਾਫ਼ੇਲ ਜਹਾਜ਼ ਸੌਦੇ ਦੇ ਮਾਮਲੇ ਵਿਚ ਕਾਂਗਰਸ 'ਤੇ ਤਿੱਖਾ ਹਮਲਾ ਕਰਦਿਆਂ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਇਸ ਸੌਦੇ ਦੀ ਜਾਣਕਾਰੀ ਜਨਤਕ ਕਰਨ ਦੀ ਮੰਗ ਕਰ ਕੇ ਰਾਹੁਲ ਗਾਂਧੀ ਭਾਰਤ ਦੀ ਰਾਸ਼ਟਰੀ ਸੁਰੱਖਿਆ ਨਾਲ ਗੰਭੀਰ ਸਮਝੌਤਾ ਕਰ ਰਹੇ ਹਨ ਅਤੇ ਇਸ ਬਾਰੇ ਉਨ੍ਹਾਂ ਨੂੰ ਵੇਲੇ ਦੇ ਰਖਿਆ ਮੰਤਰੀ ਪ੍ਰਣਬ ਮੁਖਰਜੀ ਕੋਲੋਂ ਸਿਖਣਾ ਚਾਹੀਦਾ ਹੈ। ਜੇਤਲੀ ਨੇ ਕਿਹਾ, 'ਮੇਰਾ ਦੋਸ਼ ਹੈ ਕਿ ਕਾਂਗਰਸ ਪ੍ਰਧਾਨ ਭਾਰਤ ਦੀ ਸੁਰੱਖਿਆ ਨਾਲ ਗੰਭੀਰ ਸਮਝੌਤਾ ਕਰ ਰਹੇ ਹਨ।' ਬਜਟ 'ਤੇ ਚਰਚਾ ਦਾ ਜਵਾਬ ਦਿੰਦਿਆਂ ਜੇਤਲੀ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਦੇ ਰਹੇ ਹਨ ਤੇ ਹੁਣ ਮੌਜੂਦਾ ਸਰਕਾਰ ਵਿਚ ਭ੍ਰਿਸ਼ਟਾਚਾਰ ਲੱਭਣ ਦੇ ਯਤਨ ਹੋ ਰਹੇ ਹਨ। ਜਦ ਕੁੱਝ ਨਹੀਂ ਮਿਲਿਆ ਤਾਂ ਰਾਫ਼ੇਲ ਦਾ ਮੁੱਦਾ ਚੁੱਕ ਲਿਆ ਹੈ।' ਕਾਂਗਰਸ ਮੈਂਬਰ ਸ਼ਸ਼ੀ ਥਰੂਰ ਦੁਆਰਾ ਸਵਾਲ ਚੁੱਕੇ ਜਾਣ 'ਤੇ ਜੇਤਲੀ ਨੇ ਕਿਹਾ, 'ਤੁਹਾਡੀ ਪਾਰਟੀ ਦੇ ਪ੍ਰਧਾਨ ਨੇ ਅਜਿਹੇ ਦੋਸ਼ ਕੌਮੀ ਸੁਰੱਖਿਆ ਦੀ ਕੀਮਤ 'ਤੇ ਲਾਏ ਹਨ।' ਵਿੱਤ ਮੰਤਰੀ ਨੇ ਰਾਹੁਲ ਦਾ ਨਾਮ ਨਹੀਂ ਲਿਆ, ਸਿਰਫ਼ ਕਾਂਗਰਸ ਪ੍ਰਧਾਨ ਕਹਿ ਕੇ ਸੰਬੋਧਨ ਕੀਤਾ। ਜੇਤਲੀ ਨੇ ਕਿਹਾ ਕਿ ਰਾਫ਼ੇਲ ਸੌਦੇ ਦੀ ਜਾਣਕਾਰੀ ਦੇਸ਼ ਹਿੱਤ ਵਿਚ ਜਗ-ਜ਼ਾਹਰ ਨਹੀਂ ਕੀਤੀ ਜਾ ਸਕਦੀ ਕਿਉਂਕਿ ਅਜਿਹਾ ਕਰਨ ਨਾਲ ਦੁਸ਼ਮਣ ਨੂੰ ਉਸ ਹਥਿਆਰ ਦਾ ਵੇਰਵਾ ਮਿਲ ਜਾਵੇਗਾ। ਕਿਸੇ ਵੀ ਦੇਸ਼ ਨਾਲ ਜਦ ਅਜਿਹਾ ਸੌਦਾ ਹੁੰਦਾ ਹੈ ਤਾਂ ਸੁਰੱਖਿਆ ਸਮਝੌਤੇ ਵਿਚ ਇਹ ਸ਼ਾਮਲ ਹੁੰਦਾ ਹੈ ਅਤੇ ਜੇ ਇਸ ਦਾ ਵੇਰਵਾ ਦੇਵਾਂਗੇ ਤਾਂ ਹਥਿਆਰ ਪ੍ਰਣਾਲੀ ਦੀ ਸਮਰੱਥਾ ਪਤਾ ਲੱਗ ਜਾਵੇਗੀ। ਉਨ੍ਹਾਂ ਕਿਹਾ ਕਿ ਜਦ ਪ੍ਰਣਬ ਮੁਖਰਜੀ ਰਖਿਆ ਮੰਤਰੀ ਸਨ ਤਾਂ ਉਨ੍ਹਾਂ ਨੇ ਕੌਮੀ ਸੁਰੱਖਿਆ ਦਾ ਹਵਾਲਾ ਦੇ ਕੇ ਅਮਰੀਕਾ ਨਾਲ ਹਥਿਆਰ ਖ਼ਰੀਦ ਦੀ ਜਾਣਕਾਰੀ ਜਨਤਕ ਨਹੀਂ ਕੀਤੀ ਸੀ। ਏ ਕੇ ਐਂਟਨੀ ਨੇ ਵੀ ਇਜ਼ਰਾਈਲ ਨਾਲ ਹਥਿਆਰ ਖ਼ਰੀਦ ਦੀ ਜਾਣਕਾਰੀ ਨਹੀਂ ਦਿਤੀ ਸੀ। ਜੇਤਲੀ ਦੇ ਜਵਾਬ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਦਨ ਵਿਚ ਆਏ ਅਤੇ ਉਹ ਕੁੱਝ ਕਹਿਣਾ ਚਾਹੁੰਦੇ ਸੀ ਪਰ ਉਨ੍ਹਾਂ ਨੂੰ ਪ੍ਰਵਾਨਗੀ ਨਾ ਮਿਲੀ। ਇਸ 'ਤੇ ਕਾਂਗਰਸ ਮੈਂਬਰ ਨਾਹਰੇਬਾਜ਼ੀ ਕਰਨ ਲੱਗ ਪਏ। ਭਾਰਤ ਨੂੰ 2019 ਦੇ ਅਖ਼ੀਰ ਤਕ ਫ਼ਰਾਂਸ ਤੋਂ 36 ਰਾਫ਼ੇਲ ਲੜਾਕੂ ਜਹਾਜ਼ ਮਿਲਣੇ ਹਨ। ਸਤੰਬਰ 2016 ਵਿਚ 36 ਜਹਾਜ਼ਾਂ ਦੀ ਖ਼ਰੀਦ ਸਬੰਧੀ ਭਾਰਤ ਅਤੇ ਫ਼ਰਾਂਸ ਨੇ ਕਰਾਰ ਕੀਤਾ ਸੀ। 


ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਕਿਹਾ ਕਿ ਸੰਸਾਰ ਆਰਥਕ ਮੰਦੀ ਦੀ ਹਾਲਤ ਦੇ ਬਾਵਜੂਦ ਕੇਂਦਰ ਸਰਕਾਰ ਦੁਆਰਾ ਕੀਤੇ ਗਏ ਸੁਧਾਰਾਂ ਸਦਕਾ ਭਾਰਤ ਦੀ ਆਰਥਕ ਵਾਧਾ ਦਰ ਪਿਛਲੇ ਤਿੰਨ ਸਾਲਾਂ ਵਿਚ ਦੁਨੀਆਂ ਵਿਚ ਸੱਭ ਤੋਂ ਉੱਚੀ ਰਹੀ ਹੈ ਅਤੇ ਜੀਐਸਟੀ ਤੇ ਨੋਟਬੰਦੀ ਜਿਹੇ ਸਖ਼ਤ ਫ਼ੈਸਲਿਆਂ ਦੇ ਬਾਵਜੂਦ ਭਾਰਤੀ ਅਰਥਚਾਰ ਦੁਨੀਆਂ ਦਾ ਰੌਸ਼ਨ ਪ੍ਰਕਾਸ਼ ਪੁੰਜ ਹੈ। ਲੋਕ ਸਭਾ ਵਿਚ ਕੇਂਦਰੀ ਬਜਟ ਬਾਰੇ ਚਰਚਾ ਦਾ ਜਵਾਬ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਕਾਂਗਰਸ ਅਰਥਚਾਰੇ ਦੀ ਧੁੰਦਲੀ ਤਸਵੀਰ ਪੇਸ਼ ਕਰ ਰਹੀ ਹੈ ਪਰ ਅੰਕੜੇ ਗਵਾਹ ਹਨ ਕਿ ਖ਼ਜ਼ਾਨੇ ਦੀ ਹਾਲਤ ਤੋਂ ਲੈ ਕੇ ਜੀਡੀਪੀ, ਮੁਦਰਾਸਫ਼ੀਤੀ, ਵਿਦੇਸ਼ੀ ਮੁਦਰਾ ਭੰਡਾਰ ਜਿਹੇ ਪੈਮਾਨੇ 'ਤੇ ਅੱਜ ਦੇਸ਼ ਦੀ ਹਾਲਤ ਕਾਂਗਰਸ ਦੀ ਪਿਛਲੀ ਸਰਕਾਰ ਦੇ ਮੁਕਾਬਲੇ ਬਿਹਤਰ ਹੈ। ਰਾਫ਼ੇਲ ਵਿਵਾਦ ਬਾਰੇ ਜੇਤਲੀ ਨੇ ਕਿਹਾ ਕਿ ਜਹਾਜ਼ਾਂ ਦੀ ਕੀਮਤ ਨਹੀਂ ਦੱਸ ਸਕਦੇ। ਉਨ੍ਹਾਂ 2005 ਵਿਚ ਵੇਲੇ ਦੇ ਰਖਿਆ ਮੰਤਰੀ ਪ੍ਰਣਬ ਮੁਖਰਜੀ ਦੇ ਬਿਆਨ ਦਾ ਹਵਾਲਾ ਵੀ ਦਿਤਾ। ਜੇਤਲੀ ਨੇ ਕਿਹਾ ਕਿ ਮੁਖਰਜੀ ਨੇ ਵੀ ਕਿਹਾ ਸੀ ਕਿ ਹਥਿਆਰਾਂ ਦੀ ਕੀਮਤ ਨਹੀਂ ਦੱਸੀ ਜਾ ਸਕਦੀ। ਵਿੱਤ ਮੰਤਰੀ ਨੇ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਰਾਹੁਲ ਗਾਂਧੀ ਨੇ ਰਾਸ਼ਟਰੀ ਸੁਰੱਖਿਆ ਨੂੰ ਦਾਅ 'ਤੇ ਲਾ ਕੇ ਇਹ ਮੁੱਦਾ ਖੜਾ ਕੀਤਾ ਹੈ। 


ਆਈਐਮਐਫ਼ ਅਤੇ ਹੋਰ ਰੇਟਿੰਗ ਏਜੰਸੀਆਂ ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਜੇਤਲੀ ਨੇ ਕਿਹਾ, 'ਸਾਨੂੰ ਅਰਥਚਾਰੇ ਦੇ ਸੰਦਰਭ ਵਿਚ ਜਿਹੜੀਆਂ ਚੀਜ਼ਾਂ ਵਿਰਾਸਤ ਵਿਚ ਮਿਲੀਆਂ ਹਨ, ਉਨ੍ਹਾਂ ਦੇ ਬਾਵਜੂਦ ਸਾਡੀ ਸਰਕਾਰ ਨੇ ਢਾਂਚਾਗਤ ਸੁਧਾਰ ਕੀਤੇ ਜਿਸ ਕਾਰਨ ਹਾਲਤ ਹੁਣ ਬਿਲਕੁਲ ਵਖਰੀ ਹੋ ਗਈ ਹੈ। ਕੇਂਦਰ ਵਿਚ ਸਾਡੀ ਸਰਕਾਰ ਦੇ ਆਉਣ ਮਗਰੋਂ ਪਿਛਲੇ ਤਿੰਨ ਸਾਲਾਂ ਵਿਚ ਭਾਰਤ ਦੀ ਵਾਧਾ ਦਰ ਸੱਭ ਤੋਂ ਉਪਰਲੇ ਪੱਧਰ 'ਤੇ ਰਹੀ ਹੈ। ਉਨ੍ਹਾਂ ਕਿਹਾ, '2014-15 ਵਿਚ ਜੀਡੀਪੀ ਦਰ 7.5 ਫ਼ੀ ਸਦੀ, 2015 ਵਿਚ 7.6 ਫ਼ੀ ਸਦੀ ਅਤੇ 2016-17 ਵਿਚ 7.1 ਫ਼ੀ ਸਦੀ ਰਹੀ। ਇਸ ਸਾਲ ਇਸ ਦੇ 6.7 ਫ਼ੀ ਸਦੀ ਰਹਿਣ ਦਾ ਅਨੁਮਾਨ ਹੇ।' ਜੇਤਲੀ ਨੇ ਕਿਹਾ ਕਿ ਹਾਲੇ ਵੀ ਚਰਚਾ ਹੋ ਰਹੀ ਹੈ ਕਿ ਕੀ ਇਸ ਸਾਲ ਭਾਰਤ 0.1 ਫ਼ੀ ਸਦੀ ਨਾਲ ਦੁਨੀਆਂ ਵਿਚ ਸੱਭ ਤੋਂ ਤੇਜ਼ ਗਤੀ ਨਾਲ ਵਧਣ ਵਾਲੀ ਅਰਥਵਿਵਸਥਾ ਹੋਣ ਤੋਂ ਖੁੰਝ ਜਾਵੇਗਾ। ਉਨ੍ਹਾਂ ਪੁਛਿਆ ਕਿ ਖੇਤੀ, ਗ਼ਰੀਬੀ, ਰੁਜ਼ਗਾਰ ਜਿਹੀਆਂ ਚੁਨੌਤੀਆਂ ਕੀ ਪਿਛਲੇ ਚਾਰ ਸਾਲਾਂ ਵਿਚ ਖੜੀਆਂ ਹੋਈਆਂ ਹਨ? (ਏਜੰਸੀ)

SHARE ARTICLE
Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement