
ਨਵੀਂ ਦਿੱਲੀ, 26 ਫ਼ਰਵਰੀ : ਦੇਸ਼ ਦੇ ਦਖਣੀ ਰਾਜ ਦੇ ਰਾਜਪਾਲ ਵਿਰੁਧ ਔਰਤਾਂ ਦੇ ਜਿਸਮਾਨੀ ਸ਼ੋਸ਼ਣ ਦੇ ਦੋਸ਼ ਲੱਗੇ ਹਨ। ਗਵਰਨਰ ਵਿਰੁਧ ਗ੍ਰਹਿ ਮੰਤਰਾਲੇ ਨੂੰ ਸ਼ਿਕਾਇਤ ਮਿਲੀ ਹੈ ਕਿ ਰਾਜਭਵਨ ਵਿਚ ਕੰਮ ਕਰਨ ਵਾਲੀਆਂ ਔਰਤਾਂ ਉਤੇ ਸਰੀਰਕ ਸਬੰਧ ਬਣਾਉਣ ਦਾ ਦਬਾਅ ਪਾਇਆ ਜਾਂਦਾ ਹੈ। ਗ੍ਰਹਿ ਮੰਤਰਾਲਾ ਇਨ੍ਹਾਂ ਦੋਸ਼ਾਂ ਦੀ ਜਾਂਚ ਕਰਵਾ ਰਿਹਾ ਹੈ। ਗ੍ਰਹਿ ਮੰਤਰਾਲੇ ਨੂੰ ਭੇਜੀ ਗਈ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਗਵਰਨਰ ਉਨ੍ਹਾਂ ਨਾਲ ਸਰੀਰਕ ਸਬੰਧ ਬਣਾਉਣ ਲਈ ਦਬਾਅ ਪਾਉਂਦਾ ਹੈ। ਗ੍ਰਹਿ ਮੰਤਰਾਲਾ ਗਵਰਨਰ ਦੀ ਪਛਾਣ ਗੁਪਤ ਰੱਖ ਰਿਹਾ ਹੈ ਅਤੇ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿਤੇ ਗਏ ਹਨ। ਜੇ ਗਵਰਨਰ ਵਿਰੁਧ ਦੋਸ਼ ਸਹੀ ਸਾਬਤ ਹੁੰਦੇ ਹਨ ਤਾਂ ਉਸ ਕੋਲੋਂ ਅਸਤੀਫ਼ਾ ਲਿਆ ਜਾ ਸਕਦਾ ਹੈ।
ਹਾਲੇ ਕੇਂਦਰ ਸਰਕਾਰ ਨੇ ਗਵਰਨਰ ਨੂੰ ਨੋਟਿਸ ਨਹੀਂ ਭੇਜਿਆ। ਸਰਕਾਰ ਜਾਂਚ ਰੀਪੋਰਟ ਦੀ ਉਡੀਕ ਕਰ ਰਹੀ ਹੈ।ਇਸ ਤੋਂ ਪਹਿਲਾਂ ਮੇਘਾਲਿਆ ਦੇ ਰਾਜਪਾਲ ਵਿਰੁਧ ਅਜਿਹੇ ਦੋਸ਼ ਲੱਗੇ ਸਨ ਅਤੇ ਉਸ ਨੂੰ ਅਸਤੀਫ਼ਾ ਦੇਣਾ ਪਿਆ ਸੀ। ਉਸ ਵਿਰੁਧ ਰਾਜਭਵਨ ਨੂੰ 'ਲੇਡੀਜ਼ ਕਲੱਬ' ਜਿਹਾ ਬਣਾ ਦੇਣ ਦਾ ਦੋਸ਼ ਲੱਗਾ ਸੀ। ਉਸ ਦੀ ਸ਼ਿਕਾਇਤ ਵੇਲੇ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਕੀਤੀ ਗਈ ਸੀ। ਸਾਲ 2009 ਵਿਚ ਕਾਂਗਰਸ ਦੇ ਸੀਨੀਅਰ ਆਗੂ ਤੇ ਆਂਧਰਾ ਦੇ ਉਸ ਵੇਲੇ ਦੇ ਰਾਜਪਾਲ ਨਾਰਾਇਣ ਦੱਤ ਤਿਵਾੜੀ ਦੀ ਕਥਿਤ ਸੈਕਸ ਵੀਡੀਉ ਸਾਹਮਣੇ ਆਈ ਸੀ। (ਏਜੰਸੀ)