
ਨਵੀਂ ਦਿੱਲੀ, 5 ਮਾਰਚ : ਰਾਮ ਮੰਦਰ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਸ੍ਰੀ ਸ੍ਰੀ ਰਵੀਸ਼ੰਕਰ ਨੇ ਕਿਹਾ ਹੈ ਕਿ ਜੇ ਅਯੋਧਿਆ ਵਿਵਾਦ ਨਾ ਸੁਲਝਿਆ ਤਾਂ ਦੇਸ਼ ਵਿਚ ਸੀਰੀਆ ਜਿਹੇ ਹਾਲਾਤ ਪੈਦਾ ਹੋ ਜਾਣਗੇ। ਉਨ੍ਹਾਂ ਕਿਹਾ ਕਿ ਇਸ ਦੇਸ਼ ਦੇ ਭਵਿੱਖ ਨੂੰ ਅਜਿਹੇ ਲੋਕਾਂ ਹਵਾਲੇ ਨਾ ਕੀਤਾ ਜਾਵੇ ਜਿਹੜੇ ਸੰਘਰਸ਼ ਨੂੰ ਹੀ ਅਪਣਾ ਵਜੂਦ ਸਮਝਦੇ ਹਨ। ਉਨ੍ਹਾਂ ਕਿਹਾ, 'ਇਥੇ ਸ਼ਾਂਤੀ ਰਹਿਣ ਦਿਉ। ਸਾਡੇ ਦੇਸ਼ ਨੂੰ ਸੀਰੀਆ ਜਿਹਾ ਨਾ ਬਣਾਉ। ਅਜਿਹੀ ਹਰਕਤ ਇਥੇ ਹੋ ਗਈ ਤਾਂ ਸਤਿਆਨਾਸ ਹੋ ਜਾਵੇਗਾ।'
ਰਵੀਸ਼ੰਕਰ ਨੇ ਕਿਹਾ ਕਿ ਫ਼ੈਸਲਾ ਅਦਾਲਤ ਨੇ ਦਿਤਾ ਤਾਂ ਵੀ ਕੋਈ ਰਾਜ਼ੀ ਨਹੀਂ ਹੋਵੇਗਾ। ਜੇ ਫ਼ੈਸਲਾ ਅਦਾਲਤ ਕਰੇਗੀ ਤਾਂ ਕਿਸੇ ਇਕ ਧਿਰ ਨੂੰ ਹਾਰ ਮੰਨਣੀ ਪਵੇਗੀ। ਅਜਿਹੇ ਹਾਲਾਤ ਵਿਚ ਹਾਰੀ ਹੋਈ ਧਿਰ ਕੁੱਝ ਸਮੇਂ ਬਾਅਦ ਫਿਰ ਰੌਲਾ ਪਾਉਣ ਲੱਗ ਪਵੇਗੀ ਜੋ ਸਮਾਜ ਲਈ ਚੰਗਾ ਨਹੀਂ ਹੋਵੇਗਾ। ਉਨ੍ਹਾਂ ਇਸ ਮਾਮਲੇ ਨੂੰ ਅਦਾਲਤੋਂ ਬਾਹਰ ਹੱਲ ਕਰਨ ਦੀ ਅਪੀਲ ਕੀਤੀ। ਆਰਟ ਆਫ਼ ਲਿਵਿੰਗ ਸੰਸਥਾ ਦੇ ਮੁਖੀ ਨੇ ਕਿਹਾ ਕਿ ਅਯੋਧਿਆ ਮੁਸਲਮਾਨਾਂ ਦਾ ਧਾਰਮਕ ਸਥਾਨ ਨਹੀਂ ਹੈ। ਉਹ ਇਸ ਉਤੇ ਅਪਣਾ ਦਾਅਵਾ ਛੱਡ ਕੇ ਮਿਸਾਲ ਪੇਸ਼ ਕਰਨ। (ਏਜੰਸੀ)