
ਬਠਿੰਡਾ : ਮੌਡ਼ ਮੰਡੀ ਬੰਬ ਬਲਾਸਟ ਮਾਮਲੇ ਦੇ ਤਾਰ ਡੇਰੇ ਨਾਲ ਜੁਡ਼ਨ ਨੂੰ ਲੈ ਕੇ ਖੁਫੀਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹੋ ਚੁੱਕੀਆਂ ਹਨ। ਪੁਲਸ ਦੇ ਹੱਥ ਕੁਝ ਅਜਿਹੇ ਸੁਰਾਗ ਲੱਗੇ ਹਨ, ਜਿਸ ਵਿਚ ਹਨੀਪ੍ਰੀਤ ਦੀ ਭੂਮਿਕਾ ਸ਼ੱਕੀ ਨਜ਼ਰ ਆ ਰਹੀ ਹੈ। ਐੱਸ. ਆਈ. ਟੀ. ਨੂੰ ਮਿਲੇ ਇਨਪੁਟ ਵਿਚ ਜਦੋਂ ਮੌਡ਼ ਮੰਡੀ ਬਲਾਸਟ ਲਈ ਵਰਕਸ਼ਾਪ ਵਿਚ ਕਾਰ ਨੂੰ ਤਿਆਰ ਕੀਤਾ ਜਾ ਰਿਹਾ ਸੀ ਤਾਂ ਹਨੀਪ੍ਰੀਤ ਦਾ ਉਥੇ ਆਉਣਾ-ਜਾਣਾ ਜਾਰੀ ਸੀ। ਡੇਰਾ ਮੁਖੀ ਗੁਰਮੀਤ ਰਾਮ ਰਹੀਮ ਵੀ ਉਸਦੇ ਨਾਲ ਹੀ ਵਰਕਸ਼ਾਪ ਵਿਚ ਆਉਂਦਾ-ਜਾਂਦਾ ਰਹਿੰਦਾ ਸੀ। ਪੁਲਸ ਵੱਲੋਂ ਬਣਾਈ ਗਈ ਐੱਸ. ਆਈ. ਟੀ. ਜਲਦ ਹੀ ਡੇਰਾ ਮੁਖੀ ਤੇ ਹਨੀਪ੍ਰੀਤ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਪੰਜਾਬ ਲਿਆ ਕੇ ਪੁੱਛਗਿੱਛ ਕਰ ਸਕਦੀ ਹੈ।
ਡੇਰਾ ਮੁਖੀ ਦੇ ਸੁਰੱਖਿਆ ਕਰਮਚਾਰੀ ਅਮਰੀਕ ਸਿੰਘ ਦੀ ਵੀ ਇਸ ਮਾਮਲੇ ਵਿਚ ਨਿਭਾਈ ਅਹਿਮ ਭੂਮਿਕਾ ਸਬੰਧੀ ਪੁਲਸ ਦੇ ਹੱਥ ਕੁਝ ਸੁਰਾਗ ਲੱਗੇ ਹਨ, ਜਿਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਪੁਲਸ ਲਈ ਡੇਰੇ ਦੀ ਵਰਕਸ਼ਾਪ ਦੇ ਇੰਚਾਰਜ ਗੁਰਤੇਜ ਕਾਲਾ ਦੀ ਗ੍ਰਿਫਤਾਰੀ ਅਹਿਮ ਹੈ ਜੋ ਡੱਬਵਾਲੀ ਦੇ ਪਿੰਡ ਆਲੀਕੇ ਦਾ ਰਹਿਣ ਵਾਲਾ ਹੈ। ਇਸ ਨੇ ਹੀ ਕਬਾਡ਼ ਵਿਚੋਂ ਖਰੀਦੀ ਗਈ ਮਾਰੂਤੀ ਕਾਰ ਦੀ ਡੈਂਟਿੰਗ-ਪੇਂਟਿੰਗ ਕਰਵਾਈ ਸੀ। ਸ਼ੱਕ ਹੈ ਕਿ ਆਰ. ਡੀ. ਐਕਸ. ਵੀ ਇਸਨੇ ਹੀ ਫਿਟ ਕਰਵਾਇਆ ਸੀ। ਪੁਲਸ ਨੇ ਇਨ੍ਹਾਂ ਦੋਵਾਂ ਦੀ ਗ੍ਰਿਫਤਾਰੀ ਲਈ ਪੰਜਾਬ, ਹਰਿਆਣਾ ਤੇ ਰਾਜਸਥਾਨ ਵਿਚ ਕੁਝ ਟੀਮਾਂ ਭੇਜ ਕੇ ਛਾਪੇਮਾਰੀ ਕੀਤੀ ਹੈ ਪਰ ਹਾਲੇ ਤੱਕ ਉਸਦੇ ਹੱਥ ਦੋਵਾਂ ਵਿਚੋਂ ਕੋਈ ਨਹੀਂ ਲੱਗਾ ਹੈ। ਐੱਸ. ਆਈ. ਟੀ. ਦਾ ਕਹਿਣਾ ਹੈ ਕਿ ਇਨ੍ਹਾਂ ਦੋਵਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਅੱਗੇ ਦੀਆਂ ਕਡ਼ੀਆਂ ਜੁਡ਼ਨਗੀਆਂ।
ਡੇਰੇ 'ਚ ਆਖਿਰ ਆਰ. ਡੀ. ਐਕਸ. ਕਿਵੇਂ ਪਹੁੰਚਿਆ, ਇਸ ਸਬੰਧੀ ਪੰਜਾਬ ਪੁਲਸ ਨੇ ਹਰਿਆਣਾ ਪੁਲਸ ਨਾਲ ਲਗਾਤਾਰ ਸੰਪਰਕ ਬਣਾਈ ਰੱਖਿਆ ਹੈ ਅਤੇ ਤੇਜ਼ੀ ਨਾਲ ਇਸਦੀ ਜਾਂਚ ਕੀਤੀ ਜਾ ਰਹੀ ਹੈ। ਹਰਿਆਣਾ ਪੁਲਸ ਨੇ ਵੀ ਇਸ ਮਾਮਲੇ ਨੂੰ ਲੈ ਕੇ ਇਕ ਐੱਸ. ਆਈ. ਟੀ. ਗਠਿਤ ਕੀਤੀ ਹੈ। ਮੌਡ਼ ਮੰਡੀ ਬੰਬ ਬਲਾਸਟ ਵਿਚ ਜਿਸ ਕਾਲਾ ਨੂੰ ਸ਼ਾਮਲ ਮੰਨਿਆ ਜਾ ਰਿਹਾ ਹੈ, ਉਹ ਬੰਬ ਕਾਂਡ ਸਮੇਂ ਫਰਾਰ ਨਹੀਂ ਹੋਇਆ ਪਰ 25 ਅਗਸਤ 2017 ਨੂੰ ਜਦੋਂ ਡੇਰਾ ਮੁਖੀ ਨੂੰ ਸਜ਼ਾ ਹੋਈ ਤਾਂ ਪੰਜਾਬ ਤੇ ਹਰਿਆਣਾ ਵਿਚ ਵੱਡੇ ਪੱਧਰ 'ਤੇ ਦੰਗੇ ਭਡ਼ਕ ਗਏ।
ਇਸੇ ਦੌਰਾਨ ਡੇਰੇ ਵਿਚ ਇਕ ਲੈਕਸਸ ਕਾਰ ਸਾਡ਼ ਦਿੱਤੀ ਗਈ, ਜਿਸ ਦੇ ਨਾਲ ਕੁਝ ਖਾਸ ਸਬੂਤ ਸਾਡ਼ੇ ਜਾਣ ਦਾ ਸ਼ੱਕ ਸੀ। ਕਾਰ ਸਾਡ਼ਨ ਦੇ ਦੋਸ਼ਾਂ ਤਹਿਤ ਸਿਰਸਾ ਪੁਲਸ ਨੇ ਜਦੋਂ ਕਾਲਾ ਨੂੰ ਨਾਮਜ਼ਦ ਕੀਤਾ ਤਾਂ ਕਾਲਾ ਫਰਾਰ ਹੋ ਗਿਆ ਅਤੇ ਅੱਜ ਤਕ ਗ੍ਰਿਫਤਾਰ ਨਹੀਂ ਹੋ ਸਕਿਆ। ਜੇਕਰ ਕਾਲਾ ਡੇਰਾ ਮੁਖੀ ਦੀ ਸ਼ਹਿ 'ਤੇ ਬੰਬ ਕਾਂਡ ਦੇ ਬਾਵਜੂਦ ਡੇਰੇ ਵਿਚ ਡਟਿਆ ਰਿਹਾ ਤਾਂ ਸਪੱਸ਼ਟ ਹੈ ਕਿ ਬੰਬ ਕਾਂਡ ਦੇ ਬਾਰੇ ਵਿਚ ਡੇਰਾ ਮੁਖੀ ਨੂੰ ਵੀ ਜਾਣਕਾਰੀ ਸੀ। ਸੂਤਰਾਂ ਦੀ ਮੰਨੀਏ ਤਾਂ ਕਾਲਾ ਕਰੀਬ ਡੇਢ ਮਹੀਨਾ ਡੇਰਾ ਮੁਖੀ ਦੇ ਪੁਸ਼ਤੈਨੀ ਪਿੰਡ ਗੁਰੂਸਰ ਮੌਡ਼ੀਆ ਵਿਚ ਲੁਕਿਆ ਰਿਹਾ।
ਇਨ੍ਹਾਂ 'ਤੇ ਵੀ ਹੈ ਸ਼ੱਕ ਦੀ ਸੂਈ
* ਅਵਤਾਰ ਸਿੰਘ ਤਾਰੀ ਨਿਵਾਸੀ ਮਜੂਮਾਜਰਾ (ਹਰਿਆਣਾ), ਜੋ ਬਾਰੂਦ ਤੇ ਧਮਾਕਿਆਂ ਦਾ ਮਾਹਿਰ ਹੈ ਅਤੇ ਡੇਰਾ ਮੁਖੀ ਦੀਆਂ ਫਿਲਮਾਂ ਵਿਚ ਬੰਬ ਧਮਾਕਿਆਂ ਦੇ ਸੀਨ ਕਰਵਾਉਂਦਾ ਸੀ, 'ਤੇ ਸ਼ੱਕ ਹੈ ਕਿ ਇਸਨੇ ਧਮਾਕਿਆਂ ਦਾ ਸਾਮਾਨ ਤਿਆਰ ਕੀਤਾ ਸੀ।
* ਅਮਰੀਕ ਸਿੰਘ ਨਿਵਾਸੀ ਭਿੱਖੀ, ਜੋ ਡੇਰਾ ਮੁਖੀ ਦਾ ਪੀ. ਐੱਸ. ਓ. ਰਿਹਾ ਹੈ, 'ਤੇ ਸ਼ੱਕ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਬੰਬ ਧਮਾਕੇ ਵਿਚ ਇਸਤੇਮਾਲ ਕੀਤਾ ਗਿਆ ਕੁੱਕਰ ਸੁਨਾਮ ਦੀ ਇਕ ਫੈਕਟਰੀ ਵਿਚ ਬਣਿਆ ਹੋਇਆ ਸੀ।
ਬੰਬ ਕਾਂਡ ਦਾ ਮੁੱਖ ਦੋਸ਼ੀ ਕਦੇ ਨਹੀਂ ਚਾਹੇਗਾ ਕਿ ਪੁਲਸ ਉਸ ਤਕ ਪਹੁੰਚੇ, ਇਸ ਲਈ ਹੋ ਸਕਦਾ ਹੈ ਕਿ ਉਹ ਪੁਲਸ ਵੱਲੋਂ ਕਾਲਾ ਤਕ ਪਹੁੰਚਣ ਤੋਂ ਪਹਿਲਾਂ ਹੀ ਉਸਦਾ ਕਤਲ ਕਰਵਾ ਦੇਵੇ। ਇਹ ਵੀ ਸੰਭਵ ਹੈ ਕਿ ਉਸਦਾ ਕਤਲ ਹੀ ਹੋ ਚੁੱਕਾ ਹੋਵੇ। ਡੀ. ਆਈ. ਜੀ. ਰਣਵੀਰ ਸਿੰਘ ਦਾ ਕਹਿਣਾ ਹੈ ਕਿ ਇਹ ਗੰਭੀਰ ਮਾਮਲਾ ਹੈ। ਇਸ ਲਈ ਉਹ ਅਜੇ ਕੁਝ ਖਾਸ ਨਹੀਂ ਦੱਸ ਸਕਦੇ ਪਰ ਉਨ੍ਹਾਂ ਦੀ ਟੀਮ ਮਾਮਲਾ ਹੱਲ ਕਰਨ ਦੇ ਕਾਫੀ ਨੇਡ਼ੇ ਪਹੁੰਚ ਚੁੱਕੀ ਹੈ। ਜਲਦੀ ਹੀ ਮੁੱਖ ਦੋਸ਼ੀਆਂ ਤਕ ਪਹੁੰਚ ਕੇ ਮਾਮਲੇ ਦਾ ਖੁਲਾਸਾ ਕੀਤਾ ਜਾਵੇਗਾ।