
ਅੰਮ੍ਰਿਤਸਰ, 14 ਨਵੰਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ 16 ਨਵੰਬਰ ਭਲਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆ ਰਹੇ ਹਨ। ਉਹ ਜਲ੍ਹਿਆਂ ਵਾਲਾ ਬਾਗ਼ ਦੇ ਸ਼ਹੀਦਾਂ ਨੂੰ ਅਕੀਦਤ ਦੇ ਫੁੱਲ ਭੇਂਟ ਕਰਨਗੇ। ਇਸ ਤੋਂ ਬਾਅਦ ਦੁਰਗਿਆਣਾ ਮੰਦਿਰ ਨਤਮਸਤਕ ਹੋਣਗੇ। ਉਨ੍ਹਾਂ ਦੀ ਆਮਦ ਨੂੰ ਮੁੱਖ ਰਖਦਿਆਂ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੇ ਸੁਰੱਖਿਆ ਤੇ ਪ੍ਰਬੰਧਕੀ ਬੰਦੋਬਸਤ ਕਰਨ ਲਈ ਅੱਜ ਅਹਿਮ ਮੀਟਿੰਗਾਂ ਸਬੰਧਤ ਅਧਿਕਾਰੀਆਂ ਨਾਲ ਕੀਤੀਆਂ। ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਚ ਅਧਿਕਾਰੀਆਂ ਸੂਚਨਾ ਮਿਲਦਿਆਂ ਹੀ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨਾਲ ਸੰਪਰਕ ਕਰ ਕੇ ਪ੍ਰਬੰਧਾਂ ਤੇ ਸਨਮਾਨ ਸਬੰਧੀ ਵਿਚਾਰਾਂ ਕੀਤੀਆਂ। ਰਾਸ਼ਟਰਪਤੀ ਦੀ ਅਚਾਨਕ ਗੁਰੂ ਨਗਰੀ ਆਮਦ ਤੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਜਿਨ੍ਹਾਂ ਤੁਰਤ ਸੁਰੱਖਿਆ ਪ੍ਰਬੰਧ ਕਰਨ ਲਈ ਡਿਊਟੀਆਂ ਉੱਚ ਪੁਲਿਸ ਅਫ਼ਸਰਾਂ ਦੀਆਂ ਲਾਈਆਂ। ''ਕੱਚੇ ਕੋਠੇ ਤੋਂ ਰਾਸ਼ਟਰਪਤੀ ਭਵਨ ਤਕ ਦਾ ਸਫ਼ਰ'': ਜ਼ਿਕਰਯੋਗ ਹੈ ਕਿ ਦੇਸ਼ ਦੇ 14ਵੇਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਕਮਰਸ 'ਚ ਗਰੈਜੂਏਟ ਹੋਣ ਬਾਅਦ ਉਨ੍ਹਾਂ ਕਾਨਪੁਰ ਯੂਨੀਵਰਸਟੀ ਤੋਂ ਵਕਾਲਤ ਕੀਤੀ। ਉਨ੍ਹਾਂ ਦਾ ਜਨਮ ਯੂ ਪੀ ਦੇ ਪਿੰਡ ਪਾਰੁਖਪਿੰਡ ਵਿਚ ਹੋਇਆ।
ਦਲਿਤ ਪਰਵਾਰ ਨਾਲ ਸਬੰਧਤ ਰਾਮਨਾਥ ਕੋਵਿੰਦ ਕੱਚੇ ਕੋਠੇ ਵਿਚ ਜਨਮੇ। ਉਹ 5 ਸਾਲਾਂ ਦੇ ਸਨ ਜਦ ਉਨ੍ਹਾਂ ਦੀ ਮਾਤਾ ਦਾ ਦਿਹਾਂਤ ਹੋ ਗਿਆ। ਉਹ 5 ਭਰਾਵਾਂ 'ਚੋਂ ਸੱਭ ਤੋਂ ਛੋਟੇ ਹਨ। ਉਨ੍ਹਾਂ ਦੀਆਂ ਦੋ ਭੈਣਾਂ ਹਨ। ਉਨ੍ਹਾਂ ਦੇ ਪਿਤਾ ਮਾਈਕ ਲਾਲ ਛੋਟੀ ਜਿਹੀ ਦੁਕਾਨਦਾਰੀ ਕਰਦੇ ਸਨ। ਪੰਜਵੀਂ ਪਾਸ ਕਰਨ ਬਾਅਦ ਕੋਵਿੰਦ ਅੱਠ ਕਿਲੋਮੀਟਰ ਪੈਦਲ ਪੜ੍ਹਾਈ ਕਰਨ ਜਾਂਦੇ ਰਹੇ।
ਉਨ੍ਹਾਂ ਮੁਕਾਬਲੇ ਦੀ ਸਿਵਲ ਪ੍ਰੀਖਿਆ ਤੀਸਰੀ ਵਾਰੀ ਪਾਸ ਕੀਤੀ ਪਰ ਉਹ ਆਈ ਏ ਐਸ ਨਾ ਬਣ ਸਕੇ। ਉਹ ਬਾਰ ਕੌਂਸਲ ਦਿੱਲੀ ਦੇ ਮੈਂਬਰ 1971 'ਚ ਬਣੇ। ਉਨ੍ਹਾਂ ਦਿੱਲੀ ਹਾਈ ਕੋਰਟ 'ਚ 1977 ਤੋਂ 1979 ਤਕ ਵਕਾਲਤ ਕੀਤੀ ਤੇ ਲਗਭਗ ਇਕ ਸਾਲ ਤਕ ਉਸ ਸਮੇਂ ਦੇ ਪ੍ਰਧਾਨ ਮੰਤਰੀ ਮੁਰਾਰਜੀ ਦਿਸਾਈ ਦੇ ਪੀ ਏ ਵੀ ਰਹੇ। ਉਹ ਸੁਪਰੀਮ ਕੋਰਟ ਦੇ ਵਕੀਲ ਰਹੇ, ਗ਼ਰੀਬਾਂ ਅਤੇ ਦੱਬੇ ਕੁਚਲੇ ਲੋਕਾਂ ਔਰਤਾਂ, ਪਛੜੇ ਵਰਗਾਂ ਦੇ ਕੇਸਾਂ ਦੀ ਉਨ੍ਹਾਂ ਮੁਫ਼ਤ ਪੈਰਵੀ ਕੀਤੀ। 1991 'ਚ ਉਨ੍ਹਾਂ ਭਾਜਪਾ 'ਚ ਸ਼ਮੂਲੀਅਤ ਕੀਤੀ। ਉਹ ਰਾਜ ਸਭਾ ਮੈਂਬਰ ਕਰੀਬ 12 ਸਾਲ ਰਹੇ। ਬਤੌਰ ਸੰਸਦ ਮੈਂਬਰ ਵੱਖ-ਵੱਖ ਕਮੇਟੀਆਂ ਦੇ ਉਹ ਮੈਂਬਰ ਰਹੇ ਅਤੇ ਐਮ ਪੀ ਫ਼ੰਡ 'ਚੋਂ ਸਕੂਲਾਂ ਦੀ ਬੇਹਤਰੀ ਲਈ ਵਿਸ਼ੇਸ਼ ਧਿਆਨ ਦਿਤਾ। 2015 'ਚ ਉਨ੍ਹਾਂ ਨੂੰ ਬਿਹਾਰ ਦਾ ਰਾਜਪਾਲ ਬਣਾਇਆ ਗਿਆ ਤਾਂ ਉਸ ਸਮੇਂ ਨਿਤੀਸ਼ ਕੁਮਾਰ ਮੁੱਖ ਮੰਤਰੀ ਨੇ ਵਿਰੋਧਤਾ ਕੀਤੀ ਕਿ ਨਿਯੁਕਤੀ ਦੌਰਾਨ ਮੋਦੀ ਸਰਕਾਰ ਨੇ ਸਲਾਹ ਨਹੀਂ ਲਈ। ਉਹ ਜਦ ਭਾਜਪਾ ਵਲੋਂ ਰਾਸ਼ਟਰਪਤੀ ਉਮੀਦਵਾਰ ਬਣੇ ਤਾਂ ਨਿਤੀਸ਼ ਕੁਮਾਰ ਨੇ ਉਨ੍ਹਾਂ ਦੀ ਮਦਦ ਕੀਤੀ। ਰਾਮਨਾਥ ਕੋਵਿੰਦ ਨੇ ਬਤੌਰ ਰਾਸ਼ਟਰਪਤੀ ਉਮੀਦਵਾਰ 65 ਫ਼ੀ ਸਦੀ ਤੋਂ ਵੱਧ ਵੋਟ ਲਏ ਤੇ ਉਨ੍ਹਾਂ ਦੇ ਨਜ਼ਦੀਕੀ ਵਿਰੋਧੀ ਮੀਰਾ ਕੁਮਾਰ ਸਾਬਕਾ ਸਪੀਕਰ ਲੋਕ ਸਭਾ ਨੂੰ 34.35 ਫ਼ੀ ਸਦੀ ਵੋਟ ਮਿਲੇ।