
ਨਵੀਂ ਦਿੱਲੀ, 3 ਫ਼ਰਵਰੀ: ਭਾਰਤੀ ਅੰਡਰ-19 ਟੀਮ ਦੇ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਰਾਜਨੀਤਕ, ਖੇਡ ਅਤੇ ਸਿਨੇਮਾ ਨਾਲ ਜੁੜੇ ਲੋਕਾਂ ਨੇ ਟੀਮ ਦੇ ਨਾਲ ਕੋਚ ਰਾਹੁਲ ਦ੍ਰਾਵਿੜ ਨੂੰ ਵੀ ਵਧਾਈ ਦਿਤੀ ਹੈ।ਰਾਸ਼ਟਰਪਤੀ ਨੇ ਟਵੀਟ ਕੀਤਾ,''ਅੰਡਰ-19 ਵਿਸ਼ਵ ਕੱਪ ਜਿੱਤਣ ਲਈ ਭਾਰਤੀ ਨੌਜਵਾਨ ਕ੍ਰਿਕਟ ਟੀਮ ਨੂੰ ਵਧਾਈ। ਕਪਤਾਨ ਪ੍ਰਿਥਵੀ ਸ਼ਾਅ ਅਤੇ ਉਨ੍ਹਾਂ ਦੇ ਸਾਥੀਆਂ ਨਾਲ ਹੀ ਕੋਚ ਰਾਹੁਲ ਦ੍ਰਾਵਿੜ ਅਤੇ ਸਖ਼ਤ ਮਿਹਨਤ ਕਰਨ ਵਾਲੇ ਸਹਿਯੋਗੀ ਮੈਂਬਰਾਂ 'ਤੇ ਸਾਨੂੰ ਮਾਣ ਹੈ।''
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ 'ਤੇ ਲਿਖਿਆ,''ਸਾਡੇ ਨੌਜਵਾਨ ਕ੍ਰਿਕਟ ਖਿਡਾਰੀਆਂ ਦੀ ਸ਼ਾਨਦਾਰ ਉਪਲਬੱਧੀ ਨਾਲ ਮੈਂ ਬਹੁਤ ਖ਼ੁਸ਼ ਹਾਂ। ਅੰਡਰ-19 ਵਿਸ਼ਵ ਕੱਪ ਜਿੱਤਣ ਲਈ ਉਨ੍ਹਾਂ ਨੂੰ ਵਧਾਈ।'' ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਟਵੀਟ 'ਤੇ ਪੋਸਟ ਕੀਤੀ ਗਈ ਇਕ ਵੀਡੀਉ ਵਿਚ ਕਿਹਾ,''ਭਾਰਤੀ ਅੰਡਰ-19 ਟੀਮ ਨੂੰ ਬਹੁਤ-ਬਹੁਤ ਵਧਾਈ। ਕੋਚ ਰਾਹੁਲ ਦ੍ਰਾਵਿੜ ਤੋਂ ਇਲਾਵਾ ਦੂਜੇ ਸਹਾਇਕ ਕੋਚ ਨੇ ਕਮਾਲ ਕਰ ਦਿਤਾ। ਇਨ੍ਹਾਂ ਨੌਜਵਾਨਾਂ ਦੇ ਮਾਰਗ ਦਰਸ਼ਨ ਵਿਚ ਤੁਹਾਡੇ ਯੋਗਦਾਨ ਲਈ ਧਨਵਾਦ।'' ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵੀ ਅੰਡਰ-19 ਟੀਮ ਨੂੰ ਵਧਾਈ ਦਿਤੀ ਹੈ। (ਪੀ.ਟੀ.ਆਈ)