
ਨਵੀਂ ਦਿੱਲੀ, 11
ਸਤੰਬਰ : ਰਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਅੱਜ ਕਿਹਾ ਕਿ ਪਾਕਿਸਤਾਨ ਨਾਲ ਲੱਗੀ
ਗੁਜਰਾਤ ਸਰਹੱਦ 'ਤੇ ਸਥਿਤ ਸਰ ਕ੍ਰੀਕ ਕੌਮੀ ਸੁਰੱਖਿਆ ਵਿਸ਼ੇਸ਼ ਤੌਰ 'ਤੇ ਗੁਜਰਾਤ ਦੀ
ਸੁਰੱਖਿਆ ਲਈ 'ਬਹੁਤ ਅਹਿਮ ਸਥਾਨ' ਹੈ। ਸੀਤਾਰਮਣ ਨੇ ਕਿਹਾ ਕਿ ਉਹ ਇਹ ਪਤਾ ਲਾਉਣ ਲਈ ਸਰ
ਕ੍ਰੀਕ ਦਾ ਦੌਰਾ ਕਰੇਗੀ ਕਿ ਗੁਜਰਾਤ ਦੀ ਸਰਹੱਦ ਦੀ ਰਾਖੀ ਲਈ ਹੋਰ ਕੀ ਕਰਨ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਉਹ ਉਥੇ ਤੈਨਾਤ ਸੁਰੱਖਿਆ ਬਲਾਂ ਦਾ ਹੌਸਲਾ ਵਧਾਉਣ ਲਈ ਉਨ੍ਹਾਂ ਨਾਲ
ਕੁੱਝ ਸਮਾਂ ਬਿਤਾਏਗੀ।
ਉਨ੍ਹਾਂ ਇਥੇ ਭਾਜਪਾ ਮੁੱਖ ਦਫ਼ਤਰ 'ਚ ਪੱਤਰਕਾਰਾਂ ਨੂੰ ਕਿਹਾ,
'ਸਰ ਕ੍ਰੀਕ ਨਾ ਸਿਰਫ਼ ਰਾਸ਼ਟਰੀ ਸੁਰੱਖਿਆ ਸਗੋਂ ਗੁਜਰਾਤ ਦੀ ਸੁਰੱਖਿਆ ਲਈ ਵੀ ਬਹੁਤ ਅਹਿਮ
ਹੈ। ਸਾਡੀਆਂ ਫ਼ੌਜਾਂ ਸਰ ਕ੍ਰੀਕ 'ਚ ਚੰਗਾ ਕੰਮ ਕਰ ਰਹੀਆਂ ਹਨ।' 96 ਕਿਲੋਮੀਟਰ ਲੰਮਾ ਸਰ
ਕ੍ਰੀਕ ਭਾਰਤ ਪਾਕਿਸਤਾਨ ਸਰਹੱਦ 'ਤੇ ਇਕ ਮੁਹਾਣਾ ਹੈ ਅਤੇ ਇਹ ਅਰਬ ਸਾਗਰ ਵਲ ਖੁਲ੍ਹਦਾ
ਹੈ।