
ਲਖਨਊ, 16 ਸਤੰਬਰ : ਸੀਬੀਐਸਈ ਨੇ ਸੱਤ
ਸਾਲਾ ਬੱਚੇ ਦੀ ਮੌਤ ਦੇ ਮਾਮਲੇ ਵਿਚ ਗੁਰੂਗ੍ਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ ਨੂੰ ਅੱਜ
'ਕਾਰਨ ਦੱਸੋ' ਨੋਟਿਸ ਜਾਰੀ ਕੀਤਾ ਅਤੇ ਸਵਾਲ ਕੀਤਾ ਕਿ ਉਸ ਦੀ ਮਾਨਤਾ ਕਿਉਂ ਨਾ ਵਾਪਸ ਲੈ
ਲਈ ਜਾਵੇ? ਇਹ ਵੀ ਕਿਹਾ ਗਿਆ ਕਿ ਸਕੂਲ ਸੁਰੱਖਿਆ ਨਾਲ ਜੁੜੇ ਬੁਨਿਆਦੀ ਕਦਮ ਵੀ ਚੁੱਕਣ
ਵਿਚ ਨਾਕਾਮ ਰਿਹਾ। ਸਕੂਲ ਵਿਚ ਸੱਤ ਸਾਲ ਦੇ ਵਿਦਿਆਰਥੀ ਪ੍ਰਦੁੱਮਣ ਕੁਮਾਰ ਦੀ ਹਤਿਆ
ਮਗਰੋਂ ਸੀਬੀਐਸਈ ਨੇ ਦੋ ਮੈਂਬਰੀ ਜਾਂਚ ਕਮੇਟੀ ਬਣਾਈ ਸੀ।
ਕਮੇਟੀ ਨੇ ਕਿਹਾ ਕਿ
ਘਟਨਾਵਾਂ ਤੋਂ ਲਗਦਾ ਹੈ ਕਿ ਸਕੂਲ ਘੋਰ ਲਾਪਰਵਾਹੀ ਦਾ ਦੋਸ਼ੀ ਹੈ। ਨੋਟਿਸ ਵਿਚ ਕਿਹਾ ਗਿਆ
ਹੈ ਕਿ ਜੇ ਸਕੂਲ ਨੇ ਜ਼ਿਆਦਾ ਸਾਵਧਾਨੀ ਵਰਤੀ ਹੁੰਦੀ ਤਾਂ ਬੱਚੇ ਦੀ ਮੌਤ ਨੂੰ ਟਾਲਿਆ ਜਾ
ਸਕਦਾ ਸੀ।
ਨੋਟਿਸ ਵਿਚ ਕਿਹਾ ਗਿਆ, 'ਜੇ ਸਕੂਲ ਪ੍ਰਸ਼ਾਸਨ ਨੇ ਜ਼ਿੰਮੇਵਾਰੀ, ਸਾਵਧਾਨੀ
ਅਤੇ ਸੁਰੱਖਿਆ ਪੱਖੋਂ ਫ਼ਰਜ਼ ਨਿਭਾਇਆ ਹੁੰਦਾ ਤਾਂ ਮੌਤ ਨੂੰ ਟਾਲਿਆ ਜਾ ਸਕਦਾ ਸੀ। ਸਕੂਲ
ਪ੍ਰਸ਼ਾਸਨ ਨੂੰ ਕਿਹਾ ਗਿਆ ਹੈ ਕਿ ਉਹ 15 ਦਿਨਾਂ ਅੰਦਰ ਜਵਾਬ ਦੇਵੇ ਕਿ ਨਿਯਮਾਂ ਦੀ
ਉਲੰਘਣਾ ਕਰਨ ਲਈ ਉਸ ਦੀ ਅੰਤਰਮ ਮਾਨਤਾ ਕਿਉਂ ਨਾ ਵਾਪਸ ਲੈ ਲਈ ਜਾਵੇ। ਕਮੇਟੀ ਨੇ ਕਿਹਾ
ਕਿ ਸਕੂਲਾਂ ਵਿਚ ਡਰਾਈਵਰਾਂ, ਕੰਡਕਟਰਾਂ ਅਤੇ ਸਫ਼ਾਈ ਮੁਲਾਜ਼ਮਾਂ ਲਈ ਕੋਈ ਵੱਖ ਪਖ਼ਾਨਾ ਨਹੀਂ
ਸੀ ਅਤੇ ਉਹ ਵਿਦਿਆਰਥੀਆਂ ਅਤੇ ਕਰਮਚਾਰੀਆਂ ਲਈ ਬਣੇ ਪਖ਼ਾਨੇ ਦੀ ਵਰਤੋਂ ਕਰ ਰਹੇ ਸਨ।
(ਏਜੰਸੀ)