
ਤਿਰੂਵਨੰਥਪੁਰਮ, 4 ਜਨਵਰੀ : ਕੇਰਲਾ ਵਿਚੇ ਸਬਰੀਮਾਲਾ ਵਿਚ ਸਥਿਤ ਭਗਵਾਨ ਅਯੱਪਾ ਮੰਦਰ 'ਚ ਦਾਖ਼ਲ ਹੋਣ ਲਈ ਔਰਤਾਂ ਨੂੰ ਅਪਣੀ ਉਮਰ ਦਾ ਸਬੂਤ ਵਿਖਾਉਣਾ ਪਵੇਗਾ। ਇਸ ਮੰਦਰ ਵਿਚ 10-50 ਸਾਲ ਦੀਆਂ ਸ਼ਰਧਾਲੂ ਔਰਤਾਂ ਦੇ ਦਾਖ਼ਲ ਹੋਣ 'ਤੇ ਪਾਬੰਦੀ ਲੱਗੀ ਹੋਈ ਹੈ। ਆਉਣ ਵਾਲੇ ਧਾਰਮਕ ਦਿਨਾਂ ਵਿਚ ਔਰਤਾਂ ਵਲੋਂ ਮੰਦਰ ਵਿਚ ਦਾਖ਼ਲ ਹੋਣ ਲਈ ਨਿਯਮਾਂ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ ਮੰਦਰ ਦੀ ਦੇਖਰੇਖ ਕਰਨ ਵਾਲੇ ਦ ਟਰਾਵਨਕੋਰ ਦੇਵਾਸਮ ਬੋਰਡ ਨੇ ਇਹ ਜ਼ਰੂਰੀ ਕਰ ਦਿਤਾ ਹੈ ਕਿ ਮੰਦਰ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਔਰਤਾਂ ਨੂੰ ਅਪਣੀ ਉਮਰ ਸਬੰਧੀ ਸਬੂਤ ਵਿਖਾਉਣਾ ਪਵੇਗਾ। ਤਿੰਨ ਮਹੀਨੇ ਚੱਲਣ ਵਾਲੇ ਇਹ ਸਾਲਾਨਾ ਧਾਰਮਕ ਦਿਨ 14 ਜਨਵਰੀ ਨੂੰ ਖ਼ਤਮ ਹੋ ਰਹੇ ਹਨ। ਬੋਰਡ ਦੇ ਪ੍ਰਧਾਨ ਏ. ਪਦਮਾਕੁਮਾਰ ਨੇ ਕਿਹਾ ਕਿ ਸਬਰੀਮਾਲਾ ਮੰਦਰ ਵਿਚ ਦਾਖ਼ਲ ਹੋਣ ਲਈ ਔਰਤਾਂ ਨੂੰ ਉਮਰ ਦੇ ਸਬੂਤ ਵਜੋਂ ਆਧਾਰ ਕਾਰਡ ਜਾਂ ਕੋਈ ਹੋਰ ਮਾਨਤਾ ਪ੍ਰਾਪਤ ਸਬੂਤ ਵਿਖਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਔਰਤਾਂ ਕੋਲ ਅਪਣੀ ਉਮਰ ਦਾ ਸਬੂਤ ਹੋਣ ਨਾਲ ਪੁਲਿਸ ਅਤੇ ਔਰਤਾਂ ਵਿਚਾਲੇ ਬਹਿਸ ਹੋਣ ਦੀ ਸੰਭਾਵਨਾ ਕਾਫ਼ੀ ਘੱਟ ਜਾਵੇਗੀ।
ਉਨ੍ਹਾਂ ਦਸਿਆ ਕਿ ਬੀਤੇ ਦਿਨੀਂ ਇਕ ਵਿਅਕਤੀ ਅਪਣੀ ਧੀ ਅਤੇ ਹੋਰ ਰਿਸ਼ਤੇਦਾਰਾਂ ਨਾਲ ਮੰਦਰ ਵਿਚ ਮੱਥਾ ਟੇਕਣ ਆਇਆ ਸੀ। ਪੁਲਿਸ ਦੀ ਜਾਂਚ ਵਿਚ ਉਸ ਨੇ ਅਪਣੀ ਧੀ ਦੀ ਉਮਰ 'ਤੇ ਕੁੱਝ ਖ਼ਦਸ਼ਾ ਪ੍ਰਗਟਾਇਆ ਸੀ। ਇਸ ਦੌਰਾਨ ਉਸ ਵਿਅਕਤੀ ਨੇ ਪੁਲਿਸ ਨਾਲ ਬਹਿਸ ਵੀ ਕੀਤੀ ਕਿ ਉਸ ਦੀ ਧੀ ਦੀ ਉਮਰ ਪਾਬੰਦਤ ਉਮਰ ਦੇ ਵਿਚਾਲੇ ਨਹੀਂ ਆਉਂਦੀ ਪਰ ਪੁਲਿਸ ਨੇ ਉਸ ਦੀ ਧੀ ਨੂੰ ਮੰਦਰ ਵਿਚ ਨਹੀਂ ਜਾਣ ਦਿਤਾ। ਅਖ਼ੀਰ ਵਿਚ ਉਸ ਨੇ ਧੀ ਦਾ ਕੋਈ ਪਛਾਣ ਪੱਤਰ ਵਿਖਾਇਆ ਜਿਸ ਵਿਚ ਉਸ ਦੀ ਉਮਰ 11 ਸਾਲ ਸੀ। ਪਦਮਾਕੁਮਾਰ ਨੇ ਕਿਹਾ ਕਿ ਪਿਛਲੀ 15 ਨਵੰਬਰ ਤੋਂ ਸ਼ੁਰੂ ਹੋਏ ਪਵਿੱਤਰ ਦਿਨਾਂ ਦੌਰਾਨ 10 ਤੋਂ 50 ਸਾਲ ਦੀ ਉਮਰ ਦੀਆਂ ਲਗਭਗ 260 ਔਰਤਾਂ ਨੂੰ ਮੰਦਰ ਜਾਣ ਤੋਂ ਰੋਕਿਆ ਗਿਆ। 10 ਤੋਂ 50 ਸਾਲ ਦੀਆਂ ਔਰਤਾਂ 'ਤੇ ਲੱਗੀ ਹੋਈ ਮੰਦਰ ਵਿਚ ਦਾਖ਼ਲੇ ਦੀ ਪਾਬੰਦੀ ਦਾ ਮਾਮਲਾ ਸੁਪਰੀਮ ਕੋਰਟ ਵਿਚ ਚਲ ਰਿਹਾ ਹੈ। (ਪੀ.ਟੀ.ਆਈ.)