ਸ਼ਹੀਦੀ ਦਿਵਸ 'ਤੇ ਵਿਸ਼ੇਸ਼ : ਭਾਰਤੀਆਂ ਦੇ ਦਿਲਾਂ 'ਚ ਅੱਜ ਵੀ ਜ਼ਿੰਦਾ ਹਨ ਚੰਦਰ ਸ਼ੇਖ਼ਰ ਆਜ਼ਾਦ
Published : Feb 27, 2018, 2:48 pm IST
Updated : Feb 27, 2018, 9:18 am IST
SHARE ARTICLE

ਦੇਸ਼ ਦੀ ਜੰਗ-ਏ-ਆਜ਼ਾਦੀ ਵਿਚ ਅਨੇਕਾਂ ਸੂਰਬੀਰ ਯੋਧਿਆਂ ਨੇ ਕੁਰਬਾਨੀਆਂ ਕੀਤੀਆਂ। ਅੱਜ ਉਨ੍ਹਾਂ ਕੁਰਬਾਨੀਆਂ ਸਦਕਾ ਹੀ ਅਸੀਂ ਆਜ਼ਾਦ ਫਿਜ਼ਾ ਦਾ ਆਨੰਦ ਮਾਣ ਰਹੇ ਹਾਂ। ਜੰਗੇ ਆਜ਼ਾਦੀ ਦੇ ਮਹਾਨ ਯੋਧਿਆਂ ਵਿਚ ਚੰਦਰ ਸ਼ੇਖਰ ਆਜ਼ਾਦ ਦਾ ਨਾਂਅ ਵੀ ਸੁਨਹਿਰੀ ਅੱਖਰਾਂ ਵਿਚ ਦਰਜ ਹੈ, ਜਿਸ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਦੀ ਲੜਾਈ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਇਆ।



ਸ਼ਹੀਦ ਚੰਦਰ ਸ਼ੇਖਰ ਆਜ਼ਾਦ ਦਾ ਜਨਮ 23 ਜੁਲਾਈ, 1906 ਨੂੰ ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਰਿਆਸਤ ਦੇ ਪਿੰਡ ਭਾਵਰਾ ਵਿਚ ਸ੍ਰੀਮਤੀ ਜਗਰਾਣੀ ਦੇਵੀ ਦੀ ਕੁੱਖੋਂ ਹੋਇਆ। ਉਹ ਪੰਡਤ ਸੀਤਾ ਰਾਮ ਦੇ ਪੰਜਾਂ ਪੁੱਤਰਾਂ ਵਿਚੋਂ ਸਭ ਤੋਂ ਛੋਟੀ ਸੰਤਾਨ ਸਨ। ਬਚਪਨ ਤੋਂ ਹੀ ਉਨ੍ਹਾਂ ਦੀ ਰੁਚੀ ਪੜ੍ਹਨ-ਲਿਖਣ ਵਿਚ ਘੱਟ ਅਤੇ ਤੀਰ-ਕਮਾਨ ਜਾਂ ਬੰਦੂਕ ਚਲਾਉਣ ਵਿਚ ਵਧੇਰੇ ਸੀ। ਘਰਦਿਆਂ ਨੇ ਉਨ੍ਹਾਂ ਨੂੰ ਸਕੂਲੇ ਪੜ੍ਹਨ ਲਾਇਆ ਪਰ ਉਨ੍ਹਾਂ ਦੀਆਂ ਰੁਚੀਆਂ ਨੂੰ ਦੇਖਦੇ ਹੋਏ ਮਾਪਿਆਂ ਨੇ ਉਨ੍ਹਾਂ ਸਕੂਲੋਂ ਨਾਂ ਕਟਵਾ ਦਿੱਤਾ।



ਇਸ ਤੋਂ ਬਾਅਦ ਉਨ੍ਹਾਂ ਨੂੰ ਤਹਿਸੀਲ ਵਿਚ ਨੌਕਰੀ ਮਿਲ ਗਈ ਪਰ ਆਜ਼ਾਦ ਪੰਛੀ ਬੰਦਿਸ਼ਾਂ ਵਿਚ ਕਿੱਥੇ ਕੈਦ ਰਹਿਣ ਵਾਲਾ ਸੀ। ਉਹ ਨੌਕਰੀ ਛੱਡ ਬੰਬਈ ਚਲਾ ਗਿਆ। ਉਥੇ ਉਨ੍ਹਾਂ ਨੂੰ ਜਹਾਜ਼ਾਂ ਨੂੰ ਰੰਗਣ ਵਾਲੇ ਰੰਗਸਾਜਾਂ ਦੇ ਸਹਾਇਕ ਵਜੋਂ ਕੰਮ ਮਿਲ ਗਿਆ ਪਰ ਬੰਬਈ ਦੀ ਮਸ਼ੀਨੀ ਜ਼ਿੰਦਗੀ ਵੀ ਉਨ੍ਹਾਂ ਨੂੰ ਰਾਸ ਨਾ ਆਈ। ਬੇਚੈਨੀ ਦੀ ਇਸ ਹਾਲਤ ‘ਚ ਉਨ੍ਹਾਂ ਬੰਬਈ ਵੀ ਛੱਡ ਦਿੱਤੀ ਤੇ ਬਨਾਰਸ ਜਾ ਡੇਰੇ ਲਾਏ। ਉਥੇ ਇਕ ਸੰਸਕ੍ਰਿਤ ਸਕੂਲ ਵਿਚ ਮੁੜ ਪੜ੍ਹਾਈ ਸ਼ੁਰੂ ਕੀਤੀ।



ਇਹ ਉਹ ਸਮਾਂ ਸੀ ਜਦੋਂ ਮਹਾਤਮਾ ਗਾਂਧੀ ਦੀ ਅਗਵਾਈ ਹੇਠ ਨਾ-ਮਿਲਵਰਤਨ ਅੰਦੋਲਨ ਸ਼ੁਰੂ ਹੋ ਚੁੱਕਿਆ ਸੀ। ਚੰਦਰ ਸ਼ੇਖਰ ਦੇ ਕੋਮਲ ਤੇ ਕੋਰੇ ਮਨ ‘ਤੇ ਵੀ ਇਸ ਅੰਦੋਲਨ ਦਾ ਅਸਰ ਪਿਆ। ਉਹ ਇਸ ਵਿਚ ਸ਼ਾਮਲ ਹੋ ਗਏ। 1921 ਵਿਚ ਸੰਸਕ੍ਰਿਤ ਕਾਲਜ ਬਨਾਰਸ ਧਰਨੇ ਮੌਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਬਸ ਇੱਥੋਂ ਹੀ ਉਨ੍ਹਾਂ ਦੀ ਜੰਗ-ਏ-ਆਜ਼ਾਦੀ ਦਾ ਸਫ਼ਰ ਸ਼ੁਰੂ ਹੋ ਗਿਆ।

ਉਨ੍ਹਾਂ ਉਪਰ ਮੁਕੱਦਮਾ ਦਰਜ ਕੀਤਾ ਗਿਆ। ਆਜ਼ਾਦ ਨੇ ਅਦਾਲਤ ਵਿਚ ਪੇਸ਼ੀ ਮੌਕੇ ਮੈਜਿਸਟਰੇਟ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵਿਚ ਆਪਣਾ ਨਾਂਅ ”ਆਜ਼ਾਦ”.....ਪਿਉ ਦਾ ਨਾਂ ਆਜ਼ਾਦੀ” ਅਤੇ ਜੇਲ੍ਹ ਨੂੰ ਆਪਣਾ ਘਰ ਦੱਸਿਆ। ਇਨ੍ਹਾਂ ਜਵਾਬਾਂ ਤੋਂ ਚਿੜ੍ਹ ਕੇ ਮੈਜਿਸਟਰੇਟ ਨੇ ਉਨ੍ਹਾਂ ਨੂੰ 15 ਬੈਂਤਾਂ ਦੀ ਸਜ਼ਾ ਦਿੱਤੀ। 



ਸੰਨ 1922 ਵਿਚ ਚੰਦਰ ਸ਼ੇਖਰ ਇਨਕਲਾਬੀ ਦਲ ਦੇ ਮੈਂਬਰ ਬਣ ਗਏ। ਉਸ ਘੜੀ ਤੋਂ ਜ਼ਿੰਦਗੀ ਦੇ ਅੰਤਲੇ ਪਲਾਂ ਤਕ ਹਥਿਆਰਬੰਦ ਇਨਕਲਾਬ ਦੇ ਰਾਹ ‘ਤੇ ਉਹ ਲਗਾਤਾਰ ਅੱਗੇ ਵਧਦੇ ਰਹੇ। 9 ਅਗਸਤ 1924 ਦੀ ਕਾਕੋਰੀ ਘਟਨਾ ਮਗਰੋਂ ਉਹ ਰੂਪੋਸ਼ ਹੋ ਗਏ। 17 ਦਸੰਬਰ, 1928 ਜਦੋਂ ਅੰਗਰੇਜ਼ ਪੁਲਸ ਅਫਸਰ ਸਾਂਡਰਸ ਨੂੰ ਗੋਲੀਆਂ ਨਾਲ ਫੁੰਡ ਸੁੱਟਿਆ, ਉਸ ਮੌਕੇ ਸਖ਼ਤ ਪਹਿਰੇਦਾਰੀ ਦੇ ਬਾਵਜੂਦ ਵੀ ਚੰਦਰ ਸ਼ੇਖਰ ਆਜ਼ਾਦ ਸੌਖੇ ਤਰੀਕੇ ਨਾਲ ਲਾਹੌਰੋਂ ਨਿਕਲ ਗਏ ਸਨ।



ਪੜ੍ਹਨ-ਲਿਖਣ ਦੇ ਮਾਮਲੇ ਵਿਚ ਭਾਵੇਂ ਉਨ੍ਹਾਂ ਦਾ ਹੱਥ ਜ਼ਰ੍ਹਾ ਤੰਗ ਸੀ, ਪਰ ਫਿਰ ਵੀ ਉਹ ਦੂਸਰੇ ਸਾਥੀਆਂ ਨੂੰ ਪੜ੍ਹਨ ਲਈ ਅਕਸਰ ਪ੍ਰੇਰਿਤ ਕਰਦੇ ਰਹਿੰਦੇ ਸਨ। 1928 ਵਿਚ 8-9 ਸਤੰਬਰ ਨੂੰ ਦਿੱਲੀ ਵਿਖੇ ਫਿਰੋਜ਼ਸ਼ਾਹ ਕੋਟਲਾ ਦੇ ਖੰਡਰਾਂ ਦੀ ਮੀਟਿੰਗ ਵਿਚ ਹਿੰਦੋਸਤਾਨ ਰਿਪਬਲਿਕਨ ਆਰਮੀ ਦਾ ਨਾਂ ਬਦਲ ਕੇ ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਰੱਖਿਆ ਗਿਆ....ਆਜ਼ਾਦ ਇਸ ਦੇ ਸੈਨਾਪਤੀ ਸਨ। 



27 ਫਰਵਰੀ 1931 ਨੂੰ ਇਲਾਹਾਬਾਦ ਦੇ ਏਲਫਰਡ ਪਾਰਕ ਨੂੰ ਅੰਗਰੇਜ਼ ਪੁਲਿਸ ਨੇ ਚਾਰੇ ਪਾਸਿਓਂ ਘੇਰ ਲਿਆ। ਚੰਦਰ ਸ਼ੇਖਰ ਆਜ਼ਾਦ ਨੇ ਵੱਡੇ ਦਰੱਖਤ ਦੀ ਓਟ ਲਈ ਅਤੇ ਅੰਗਰੇਜ਼ਾਂ ਪੁਲਿਸ ਨਾਲ ਮੁਕਾਬਲਾ ਸ਼ੁਰੂ ਕਰ ਦਿੱਤਾ। ਇਸ ਬੇਜੋੜ ਮੁਕਾਬਲੇ ਵਿਚ ਚੰਦਰ ਸ਼ੇਖਰ ਆਜ਼ਾਦ ਸ਼ਹੀਦੀ ਦਾ ਜਾਮ ਪੀ ਗਏ। ਚੰਦਰ ਸ਼ੇਖਰ ਆਜ਼ਾਦ ਦਾ ਨਾਂਅ ਰਹਿੰਦੀ ਦੁਨੀਆ ਤੱਕ ਭਾਰਤੀਆਂ ਦੇ ਦਿਲਾਂ ਵਿਚ ਸਦਾ ਜ਼ਿੰਦਾ ਰਹੇਗਾ।

SHARE ARTICLE
Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement