
ਜੰਮੂ, 19 ਜਨਵਰੀ : ਜੰਮੂ ਕਸ਼ਮੀਰ ਦੇ ਸਾਂਬਾ ਸੈਕਟਰ ਵਿਚ ਅੰਤਰਰਾਸ਼ਟਰੀ ਸਰਹੱਦ ਲਾਗੇ ਪਾਕਿਸਤਾਨ ਦੁਆਰਾ ਕੀਤੀ ਗਈ ਗੋਲੀਬਾਰੀ ਵਿਚ ਦੋ ਆਮ ਨਾਗਰਿਕਾਂ ਅਤੇ ਬੀਐਸਐਫ਼ ਦੇ ਜਵਾਨ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦਸਿਆ ਕਿ ਬੀਐਸਐਸਫ਼ ਦਾ ਹੈਡ ਕਾਂਸਟੇਬਲ ਦੁਪਹਿਰ ਸਮੇਂ ਜ਼ਖ਼ਮੀ ਹੋ ਗਿਆ ਸੀ ਅਤੇ ਬਾਅਦ ਵਿਚ ਉਸ ਨੇ ਦਮ ਤੋੜ ਦਿਤਾ। ਪਾਕਿਸਤਾਨੀ ਰੇਂਜਰਾਂ ਨੇ ਅੱਜ ਦੂਜੇ ਦਿਨ ਵੀ ਜੰਮੂ ਅਤੇ ਸਾਂਬਾ ਜ਼ਿਲ੍ਹੇ ਵਿਚ ਅੰਤਰਰਾਸ਼ਟਰੀ ਸਰਹੱਦ ਲਾਗੇ ਚੌਕੀਆਂ ਅਤੇ ਨਾਗਰਿਕ ਇਲਾਕਿਆਂ ਨੂੰ ਨਿਸ਼ਾਨਾ ਬਣਾ ਕੇ ਭਾਰੀ ਗੋਲਾਬਾਰੀ ਕੀਤੀ ਜਿਸ ਵਿਚ ਦੋ ਨਾਗਰਿਕਾਂ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ।
ਕਲ ਰਾਤ ਸਰਹੱਦ 'ਤੇ ਇਸ ਤਰ੍ਹਾਂ ਦੀ ਗੋਲੀਬਾਰੀ ਵਿਚ ਬੀਐਸਐਫ਼ ਦੇ ਹੈਡ ਕਾਂਸਟੇਬਲ ਏ ਸੁਰੇਸ਼ ਮਾਰੇ ਗਏ ਸਨ ਜਿਸ ਮਗਰੋਂ ਬੀਐਸਐਫ਼ ਨੇ ਵੀ ਅਸਰਦਾਰ ਢੰਗ ਨਾਲ ਜਵਾਬੀ ਕਾਰਵਾਈ ਕੀਤੀ। ਬੀਐੇਸਐਫ਼ ਦੇ ਡੀਜੀਪੀ ਦੇ ਕੇ ਕੇ ਸ਼ਰਮਾ ਨੇ ਹਾਲਾਤ ਨੂੰ ਤਣਾਅਪੂਰਨ ਦਸਦਿਆਂ ਕਲ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਅਪਣੇ ਫ਼ੀਲਡ ਕਮਾਂਡਰਾਂ ਨੂੰ ਪੂਰੀ ਤਾਕਤ ਨਾਲ ਜਵਾਬ ਦੇਣ ਅਤੇ ਪਾਕਿਸਤਾਨੀ ਬਲਾਂ ਨੂੰ ਸਬਕ ਸਿਖਾਉਣ ਦਾ ਨਿਰਦੇਸ਼ ਦਿਤਾ ਹੈ। (ਏਜੰਸੀ)