
ਦੇਸ਼ ਵਿਚ ਸਵੱਛ ਭਾਰਤ ਦਾ ਪੰਦਰਵਾੜਾ ਮਨਾਇਆ ਗਿਆ। ਉਸ ਦੇ ਨਾਲ ਹੀ ਪ੍ਰਧਾਨ ਮੰਤਰੀ ਦਾ ਜਨਮ ਦਿਨ ਮਨਾਇਆ ਗਿਆ। ਸਾਰੇ ਅਫ਼ਸਰ ਅਤੇ ਲੀਡਰ ਇਕ ਦਿਨ ਦੇ ਕੁੱਝ ਮਿੰਟਾਂ ਲਈ ਝਾੜੂ ਅਪਣੇ ਹੱਥਾਂ ਵਿਚ ਫੜ ਕੇ ਟੀ.ਵੀ. ਅਤੇ ਅਖ਼ਬਾਰਾਂ ਦੀਆਂ ਖ਼ਬਰਾਂ ਬਣ ਕੇ ਫਿਰ ਘਰਾਂ ਅਤੇ ਦਫ਼ਤਰਾਂ ਨੂੰ ਤੁਰ ਗਏ ਗੰਦ ਪਾਉਣ ਲਈ।
ਭਾਰਤੀ ਲੋਕਾਂ ਦੀ ਫ਼ਿਤਰਤ ਇਹ ਬਣ ਗਈ ਹੈ ਕਿ ਅਪਣੇ ਘਰ ਦਾ ਕੂੜਾ ਹੂੰਜ ਕੇ ਦੂਜੇ ਦੇ ਬੂਹੇ ਅੱਗੇ ਸੁੱਟ ਦੇਵੋ ਜਾਂ ਫਿਰ ਗਲੀ-ਬਾਜ਼ਾਰ ਵਿਚ ਢੇਰ ਲਾ ਦੇਵੋ। ਇਹ ਕੰਮ ਸ਼ਹਿਰਾਂ ਅਤੇ ਪਿੰਡਾਂ ਦੋਵੇਂ ਥਾਵਾਂ ਤੇ ਵੇਖਿਆ ਜਾਂਦਾ ਹੈ। ਇਹ ਲੋਕ ਕਿਸੇ ਵੀ ਕੀਮਤ ਤੇ ਅਪਣੇ ਘਰ ਦਾ ਚਾਰ ਚੁਫ਼ੇਰਾ ਸਾਫ਼ ਰੱਖਣ ਤੇ ਹੂੰਜਿਆ ਕੂੜਾ ਸਹੀ ਥਾਂ ਤੇ ਸੁੱਟਣ ਤੋਂ ਨਹੀਂ ਝਿਜਕਦੇ। ਸਰਕਾਰ ਨੇ ਆਪ ਤਾਂ ਸਫ਼ਾਈ ਕਰਨੀ ਨਹੀਂ ਹੁੰਦੀ। ਉਸ ਨੇ ਵੀ ਸਫ਼ਾਈ ਕਰਨ ਵਾਲੇ ਨੌਕਰ ਰੱਖੇ ਹੁੰਦੇ ਹਨ। ਉਹ ਵੀ ਖ਼ਾਸ ਥਾਵਾਂ ਦੀ ਸਫ਼ਾਈ ਕਰਦੇ ਹਨ। ਹਰ ਥਾਂ ਤੇ ਉਹ ਵੀ ਝਾੜੂ ਨਹੀਂ ਫੇਰਦੇ। ਮੈਂ ਵੀ ਕਮੇਟੀ ਦੀ ਹੱਦ ਵਿਚ ਹੀ ਰਹਿੰਦਾ ਹਾਂ। ਉਥੇ ਸਰਕਾਰੀ ਸਫ਼ਾਈ ਕਰਨ ਵਾਲੇ 26 ਜਨਵਰੀ ਅਤੇ 15 ਅਗੱਸਤ ਨੂੰ ਹੀ ਆਉਂਦੇ ਹਨ। ਉਸ ਤਰ੍ਹਾਂ ਅਸੀ ਵੀ ਸ਼ਹਿਰ ਵਿਚ ਰਹਿੰਦੇ ਹਾਂ। ਅਸੀ ਸੋਚਦੇ ਹਾਂ ਸਾਡਾ ਚਾਰ-ਚੁਫ਼ੇਰਾ ਵੀ ਸਰਕਾਰੀ ਨੌਕਰ ਸਾਫ਼ ਕਰ ਜਾਣ। ਜੇ ਅਸੀ ਆਪ ਨਾ ਸਾਫ਼ ਕਰੀਏ ਤਾਂ ਉਨ੍ਹਾਂ ਦੇ ਆਉਣ ਤਕ ਅਸੀ ਉਨ੍ਹਾਂ ਥਾਵਾਂ ਤੇ ਬੈਠ ਹੀ ਨਾ ਸਕੀਏ ਜਿਥੇ ਅਸੀ ਬੈਠੇ ਹੁੰਦੇ ਹਾਂ।
ਵਿਦੇਸ਼ਾਂ ਵਿਚ ਭਾਰਤ ਦੇ ਪ੍ਰਧਾਨ ਮੰਤਰੀ, ਵਜ਼ੀਰ, ਐਮ.ਪੀ., ਐਮ.ਐਲ.ਏ. ਤੇ ਅਫ਼ਸਰ ਜਾਂਦੇ ਹਨ। ਉਥੋਂ ਕੀ ਸਿਖ ਕੇ ਆਉਂਦੇ ਹਨ? ਉਥੋਂ ਦੀ ਕੋਈ ਵੀ ਚੰਗੀ ਗੱਲ ਸਿਖ ਕੇ ਅਪਣੇ ਦੇਸ਼ ਵਿਚ ਲਾਗੂ ਨਹੀਂ ਕਰਦੇ ਸਗੋਂ ਸੈਰ-ਸਪਾਟੇ ਕਰ ਕੇ ਅਤੇ ਲੋਕਾਂ ਦੇ ਦਿਤੇ ਟੈਕਸ ਖ਼ਰਚ ਕਰ ਕੇ ਘਰਾਂ ਨੂੰ ਆ ਜਾਂਦੇ ਹਨ। ਉਥੇ ਸਰਕਾਰ ਬਹੁਤੀ ਸਫ਼ਾਈ ਨਹੀਂ ਰਖਦੀ ਅਤੇ ਸਫ਼ਾਈ ਰੱਖਣ ਵਿਚ ਬਹੁਤਾ ਹੱਥ ਆਮ ਲੋਕਾਂ ਦਾ ਹੁੰਦਾ ਹੈ। ਇਹ ਉਨ੍ਹਾਂ ਲੋਕਾਂ ਦੀ ਫ਼ਿਤਰਤ ਹੈ ਕਿ ਅਸੀ ਗੰਦ ਨਹੀਂ ਪਾਉਣਾ, ਅਸੀ ਸਫ਼ਾਈ ਰਖਣੀ ਹੈ। ਭਾਰਤ ਵਿਚ ਇਸ ਤੋਂ ਉਲਟ ਹੈ। ਅਸੀ ਗੰਦ ਪਾਉਣਾ ਹੈ ਸਫ਼ਾਈ ਸਰਕਾਰ ਕਰੇ।
ਉਥੇ ਕਦੇ ਸਵੱਛਤਾ ਦਾ ਪੰਦਰਵਾੜਾ ਨਹੀਂ ਮਨਾਇਆ ਜਾਂਦਾ, ਨਾ ਹੀ ਕਦੇ ਕਿਸੇ ਪ੍ਰਧਾਨ ਮੰਤਰੀ ਦੇ ਜਨਮ ਦਿਨ ਮੌਕੇ ਸਫ਼ਾਈ ਕੀਤੀ ਜਾਂਦੀ ਹੈ। ਉਥੇ ਲੀਡਰ ਤੇ ਅਫ਼ਸਰ ਹੱਥਾਂ ਵਿਚ ਝਾੜੂ ਫੜ ਕੇ ਟੀ.ਵੀ. ਅਤੇ ਅਖ਼ਬਾਰਾਂ ਦੀਆਂ ਖ਼ਬਰਾਂ ਵਿਚ ਵਾਧਾ ਨਹੀਂ ਕਰਦੇ। ਇਹ ਸਾਰੀ ਡਰਾਮੇਬਾਜ਼ੀ ਭਾਰਤ ਵਿਚ ਹੁੰਦੀ ਹੈ। ਫਿਰ ਵੀ ਭਾਰਤ ਗੰਦ ਨਾਲ ਭਰਿਆ ਪਿਆ ਹੈ। ਛੋਟੇ ਸ਼ਹਿਰਾਂ ਤੋਂ ਲੈ ਕੇ ਵੱਡੇ ਸ਼ਹਿਰਾਂ ਤਕ ਵੇਖ ਲਵੋ ਗੰਦਗੀ ਦੇ ਢੇਰ ਹਰ ਥਾਂ ਲੱਗੇ ਨਜ਼ਰ ਆਉਣਗੇ ਕਿਉਂਕਿ ਭਾਰਤ ਦੇ ਲੀਡਰਾਂ ਦੇ ਮਨ ਜਿੰਨਾ ਚਿਰ ਸਵੱਛ ਜਾਂ ਸਾਫ਼ ਨਹੀਂ ਹੁੰਦੇ ਓਨਾ ਚਿਰ ਤਕ ਭਾਰਤ ਵਿਚ ਸਵੱਛ ਕਰਨ ਦੇ ਡਰਾਮੇ ਹੁੰਦੇ ਹੀ ਰਹਿਣਗੇ। ਭਾਰਤ ਵਾਸੀਆਂ ਵੇਖ ਹੀ ਲਿਆ ਹੈ ਕਿ 4 ਸਾਲਾਂ ਦੇ ਸਮੇਂ ਵਿਚ ਭਾਰਤ ਹਰ ਪਾਸਿਉਂ ਕਿੰਨਾ ਕੁ ਸਾਫ਼ ਅਤੇ ਸਵੱਛ ਹੋਇਆ ਹੈ।
ਜਿਹੜੀ ਹੁਣ ਸਵੱਛ ਭਾਰਤ ਦੀ ਲਹਿਰ 'ਅੱਛੇ ਦਿਨਾਂ' ਦੀ ਚੋਣ ਵਾਂਗ ਆਉਣ ਵਾਲੀਆਂ ਚੋਣਾਂ ਕਰ ਕੇ ਚਲਾਈ ਜਾ ਰਹੀ ਹੈ, ਇਸ ਕਰ ਕੇ ਹੁਣ ਪਿਛਲੇ 'ਅੱਛੇ ਦਿਨਾਂ' ਦਾ ਭੋਗ ਪਾਉ ਤੇ ਨਵੇਂ 'ਅੱਛੇ ਦਿਨਾਂ' ਲਈ ਤਿਆਰ ਹੋ ਜਾਵੋ। ਇਸ ਕਰ ਕੇ ਇਹ ਸਵੱਛ ਭਾਰਤ ਪੰਦਰਵਾੜਾ ਸ਼ੁਰੂ ਕੀਤਾ ਹੈ ਕਿਉਂਕਿ ਵੋਟਰ ਪਹਿਲੇ ਅੱਛੇ ਦਿਨਾਂ ਦਾ ਸਵਾਦ ਚੰਗੀ ਤਰ੍ਹਾਂ ਲੈ ਹੀ ਚੁੱਕੇ ਹਨ। ਨੋਟਬੰਦੀ ਨੇ ਦਿਨੇ ਤਾਰੇ ਵਿਖਾ ਦਿਤੇ ਸਨ। ਹੁਣ ਸਾਰੀਆਂ ਚੀਜ਼ਾਂ ਸਵੱਛ ਭਾਰਤ ਦੀ ਲਹਿਰ ਵਿਚ ਧੋਣਾ ਹੈ।
ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਤੋਂ ਲੈ ਕੇ ਹੁਣ ਤਕ ਦੇ ਪ੍ਰਧਾਨ ਮੰਤਰੀਆਂ ਨੇ ਗੰਗਾ ਨੂੰ ਸਾਫ਼ ਕਰਨ ਲਈ ਕਰੋੜਾਂ ਰੁਪਏ ਖ਼ਰਚ ਕਰ ਦਿਤੇ ਹਨ ਤੇ ਹੋ ਵੀ ਰਹੇ ਹਨ। ਪਰ ਗੰਗਾ ਹਾਲੇ ਵੀ ਗੰਦੀ ਹੈ, ਸਾਫ਼ ਨਹੀਂ ਹੋਈ। ਗੰਗਾ ਨੂੰ ਸਾਫ਼ ਰੱਖਣ ਵਾਲੇ ਹੀ ਗੰਦਾ ਕਰ ਰਹੇ ਹਨ। ਕੁਦਰਤ ਨੇ ਤਾਂ ਸਾਫ਼-ਸੁਥਰੀ ਗੰਗਾ ਮਨੁੱਖ ਨੂੰ ਦਿਤੀ ਸੀ। ਕੁਦਰਤ ਨੇ ਤਾਂ ਗੰਗਾ ਵਿਚ ਗੰਦ ਨਹੀਂ ਪਾਇਆ। ਇਹ ਸਾਰੀ ਉਨ੍ਹਾਂ ਮਨੁੱਖਾਂ ਦੀ ਕਿਰਪਾ ਹੈ ਗੰਗਾ ਨੂੰ ਗੰਦੀ ਕਰਨ ਦੀ, ਜਿਹੜੇ ਹੁਣ ਕਰੋੜਾਂ ਰੁਪਏ ਖ਼ਰਚ ਕਰ ਕੇ ਸਾਫ਼ ਕਰ ਰਹੇ ਹਨ। ਗੰਗਾ ਤਾਂ ਸਾਫ਼ ਨਹੀਂ ਹੋਈ, ਪਰ ਉਨ੍ਹਾਂ ਦੇ ਘਰ ਭਰ ਗਏ ਹਨ। ਇਸ ਕਰ ਕੇ ਸਵੱਛ ਭਾਰਤ ਉਸ ਸਮੇਂ ਹੀ ਹੋਵੇਗਾ ਜਦੋਂ ਭਾਰਤ ਦੇ ਲੀਡਰਾਂ ਦੇ ਮਨ ਸਵੱਛ ਅਤੇ ਸਾਫ਼ ਹੋ ਜਾਣਗੇ। ਭਾਰਤ ਦੇ ਸਾਰੇ ਕਾਨੂੰਨ ਕਾਗਜ਼ਾਂ ਵਿਚ ਬਣਦੇ ਹਨ ਅਤੇ ਕਾਗ਼ਜ਼ਾਂ ਵਿਚ ਹੀ ਪੂਰੇ ਹੋ ਜਾਂਦੇ ਹਨ। ਗੰਗਾ ਸਾਰਿਆਂ ਲਈ ਪਵਿੱਤਰ ਹੈ ਤੇ ਇਸ ਨੂੰ ਪਵਿੱਤਰ ਹੀ ਰਖਣਾ ਚਾਹੀਦਾ ਹੈ। ਉਸ ਵਿਚ ਗੰਦ ਨਹੀਂ ਪਾਉਣਾ ਚਾਹੀਦਾ। ਜੇਕਰ ਪਵਿੱਤਰ ਜਲ ਹੋਵੇਗਾ ਤਾਂ ਪਵਿੱਤਰ ਮਨ ਹੋਣਗੇ।