ਨਵੀਂ ਦਿੱਲੀ: 1 ਅਕਤੂਬਰ ਯਾਨੀ ਐਤਾਵਾਰ ਤੋਂ ਭਾਰਤੀ ਸਟੇਟ ਬੈਂਕ ਦੇ 4 ਨਿਯਮ ਬਦਲ ਗਏ ਹਨ। ਨਿਯਮਾਂ 'ਚ ਬਦਲਾਅ ਕਰਕੇ ਐੱਸ. ਬੀ. ਆਈ. ਨੇ ਆਪਣੇ ਗਾਹਕਾਂ ਨੂੰ ਖਾਤੇ 'ਚ ਘੱਟੋ-ਘੱਟ ਪੈਸੇ ਨਾ ਰੱਖਣ 'ਤੇ ਚਾਰਜ ਅਤੇ ਖਾਤਾ ਬੰਦ ਕਰਾਉਣ ਦੇ ਚਾਰਜ 'ਤੇ ਰਾਹਤ ਦਿੱਤੀ ਹੈ। ਮੈਟਰੋ ਜਾਂ ਵੱਡੇ ਸ਼ਹਿਰਾਂ 'ਚ ਘੱਟੋ-ਘੱਟ ਪੈਸੇ ਰੱਖਣ ਦੀ ਲਿਮਟ ਘੱਟ ਹੋ ਗਈ ਹੈ। ਇਸ ਤੋਂ ਇਲਾਵਾ 'ਬੇਸ ਰੇਟ' 'ਤੇ ਕਰਜ਼ਾ ਲੈਣ ਵਾਲੇ ਪੁਰਾਣੇ ਗਾਹਕਾਂ ਨੂੰ ਵੀ ਰਾਹਤ ਮਿਲੇਗੀ।
ਇਸ ਤਰ੍ਹਾਂ ਬੈਂਕ ਨੇ ਚਾਰ ਵੱਖ-ਵੱਖ ਨਿਯਮਾਂ 'ਚ ਬਦਲਾਅ ਕਰਕੇ ਆਪਣੇ ਗਾਹਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਭਾਰਤੀ ਸਟੇਟ ਬੈਂਕ ਨੇ ਬੇਸ ਰੇਟ 9 ਫੀਸਦੀ ਤੋਂ ਘਟਾ ਕੇ 8.95 ਫੀਸਦੀ ਕਰ ਦਿੱਤਾ ਹੈ। ਇਸ ਨਾਲ ਉਨ੍ਹਾਂ ਕਰਜ਼ਦਾਰਾਂ ਨੂੰ ਫਾਇਦਾ ਹੋਵੇਗਾ ਜਿਨ੍ਹਾਂ ਨੇ 1 ਅਪ੍ਰੈਲ 2016 ਤੋਂ ਪਹਿਲਾਂ ਲੋਨ ਲਿਆ ਹੋਇਆ ਹੈ।
ਮੈਟਰੋ ਜਾਂ ਵੱਡੇ ਸ਼ਹਿਰਾਂ ਦੀਆਂ ਬਰਾਂਚਾਂ 'ਚ ਮਹੀਨੇ ਦੌਰਾਨ ਖਾਤੇ 'ਚ ਘੱਟੋ-ਘੱਟ ਪੈਸੇ ਰੱਖਣ ਦੀ ਲਿਮਟ 5,000 ਤੋਂ ਘੱਟ ਕੇ 3,000 ਰੁਪਏ ਹੋ ਗਈ ਹੈ। ਹੁਣ ਵੱਡੇ ਸ਼ਹਿਰਾਂ ਦੇ ਖਾਤਾ ਧਾਰਕਾਂ ਨੂੰ ਖਾਤੇ 'ਚ ਸਿਰਫ 3,000 ਰੁਪਏ ਬੈਲੇਂਸ ਹੀ ਬਣਾਈ ਰੱਖਣਾ ਹੋਵੇਗਾ। ਉੱਥੇ ਹੀ, ਵੱਡੇ ਅਤੇ ਛੋਟੇ ਸ਼ਹਿਰਾਂ ਨੂੰ ਹੁਣ ਇੱਕ ਹੀ ਸ਼੍ਰੇਣੀ ਮੰਨਿਆ ਜਾਵੇਗਾ। ਇਸ ਤੋਂ ਇਲਾਵਾ ਬੈਂਕ ਨੇ ਮਹੀਨੇ ਦੌਰਾਨ ਘੱਟੋ-ਘੱਟ ਔਸਤ ਬਕਾਇਆ ਨਾ ਰੱਖਣ 'ਤੇ ਲੱਗਣ ਵਾਲੇ ਚਾਰਜ 'ਚ ਵੀ 20 ਤੋਂ 50 ਫੀਸਦੀ ਤੱਕ ਦੀ ਕਟੌਤੀ ਕੀਤੀ ਹੈ। ਇਸ ਦੇ ਨਾਲ ਹੀ ਬੈਂਕ ਹੁਣ ਨਾਬਾਲਗਾਂ, ਪੈਨਸ਼ਨਰਾਂ ਅਤੇ ਸਬਸਿਡੀ ਲਈ ਖੋਲ੍ਹੇ ਗਏ ਖਾਤਿਆਂ 'ਤੇ ਘੱਟੋ-ਘੱਟ ਬਕਾਇਆ ਨਾ ਰੱਖਣ ਦਾ ਚਾਰਜ ਵਸੂਲ ਨਹੀਂ ਕਰੇਗਾ। ਐੱਸ. ਬੀ. ਆਈ. ਮੁਤਾਬਕ ਇਸ ਨਾਲ ਤਕਰੀਬਨ 5 ਕਰੋੜ ਖਾਤਾ ਧਾਰਕਾਂ ਨੂੰ ਫਾਇਦਾ ਹੋਵੇਗਾ।
ਖਾਤਾ ਬੰਦ ਕਰਾਉਣ 'ਤੇ ਨਹੀਂ ਲੱਗੇਗਾ ਚਾਰਜ
1 ਅਕਤੂਬਰ ਤੋਂ ਐੱਸ. ਬੀ. ਆਈ. ਆਪਣੇ ਗਾਹਕਾਂ ਕੋਲੋਂ ਖਾਤਾ ਖੋਲ੍ਹਣ ਦੇ ਇੱਕ ਸਾਲ ਬਾਅਦ ਉਸ ਨੂੰ ਬੰਦ ਕਰਾਉਣ 'ਤੇ ਕੋਈ ਚਾਰਜ ਨਹੀਂ ਲਵੇਗਾ। ਉੱਥੇ ਹੀ, ਖਾਤਾ ਖੁੱਲ੍ਹਣ ਦੇ 14 ਦਿਨ ਅੰਦਰ ਵੀ ਉਸ ਨੂੰ ਬੰਦ ਕਰਾਇਆ ਜਾਂਦਾ ਹੈ ਤਾਂ ਉਸ 'ਤੇ ਚਾਰਜ ਨਹੀਂ ਲੱਗੇਗਾ ਪਰ 14 ਦਿਨ ਦੇ ਬਾਅਦ ਅਤੇ ਇਕ ਸਾਲ ਪੂਰਾ ਹੋਣ ਤੋਂ ਪਹਿਲਾਂ ਖਾਤਾ ਬੰਦ ਕਰਾਇਆ ਤਾਂ 500 ਰੁਪਏ ਅਤੇ ਜੀ. ਐੱਸ. ਟੀ. ਦੇਣਾ ਹੋਵੇਗਾ। ਦੱਸ ਦੇਈਏ ਕਿ ਬੈਂਕਿੰਗ ਸੇਵਾਵਾਂ 'ਤੇ 18 ਫੀਸਦੀ ਜੀ. ਐੱਸ. ਟੀ. ਲੱਗਦਾ ਹੈ।
ਇਸ ਤੋਂ ਇਲਾਵਾ ਖਾਤਾ ਧਾਰਕ ਦੀ ਮੌਤ ਤੋਂ ਬਾਅਦ ਉਸ ਦੇ ਖਾਤੇ ਦਾ ਨਿਪਟਾਰਾ ਕਰਨ ਅਤੇ ਖਾਤਾ ਬੰਦ ਕਰਨ 'ਤੇ ਕੋਈ ਚਾਰਜ ਨਹੀਂ ਲੱਗੇਗਾ। ਹੁਣ ਤੱਕ ਐੱਸ. ਬੀ. ਆਈ. 'ਚ ਸਾਰੇ ਤਰ੍ਹਾਂ ਦੇ ਖਾਤੇ ਬੰਦ ਕਰਾਉਣ 'ਤੇ 500 ਰੁਪਏ ਅਤੇ ਜੀ. ਐੱਸ. ਟੀ. ਦੇਣਾ ਹੁੰਦਾ ਸੀ।