ਸਿੱਖ ਬੀਬੀਆਂ ਲਈ ਆਦਰਸ਼ ਹੈ ਸਰਦਾਰਨੀ ਸਦਾ ਕੌਰ
Published : Mar 8, 2018, 3:29 pm IST
Updated : Mar 8, 2018, 9:59 am IST
SHARE ARTICLE

ਭਾਵੇਂ ਸਰਦਾਰਨੀ ਸਦਾ ਕੌਰ ਨੂੰ ਕੋਈ ਯਾਦ ਕਰੇ ਜਾਂ ਨਾ ਕਰੇ ਪਰ ਇਹ ਸਰਦਾਰਨੀ ਸਦਾ ਕੌਰ ਹੀ ਸੀ ਜਿਹੜੀ ਰਣਜੀਤ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਬਣਾ ਗਈ। ਉਂਝ ਵੀ ਪੰਜਾਬ ਦੇ ਇਤਿਹਾਸ ਵਿਚ ਇਸਤ੍ਰੀਆਂ ਨੂੰ ਪਿੱਛੇ ਹੀ ਰੱਖਿਆ ਜਾਂਦਾ ਰਿਹਾ ਹੈ, ਭਾਵੇਂ ਉਨ੍ਹਾਂ ਦੀ ਦੇਣ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ। “ਤੀਵੀਆਂ ਦੀ ਮੱਤ ਗੁੱਤ ਪਿੱਛੇ ਹੁੰਦੀ ਹੈ” ਕਈਆਂ ਨੇ ਇਹ ਕਹਿ ਕੇ ਔਰਤ ਦੀ ਕੀਤੀ ਭੁਲਾ ਦਿੱਤੀ ਹੈ।

ਸਦਾ ਕੌਰ ਪੰਜਾਬੀ ਸਿੰਘਣੀ ਸੀ ਜਿਸ ਨੇ ਰਣਜੀਤ ਸਿੰਘ ਨੂੰ ਲਾਹੌਰ ਦੇ ਤਖ਼ਤ 'ਤੇ ਬਿਠਾਇਆ। ਉਹ ਰਣਜੀਤ ਸਿੰਘ ਦੀ ਸੱਸ ਅਤੇ ਕਨ੍ਹਈਆ ਮਿਸਲ ਦੀ ਮਹਾਰਾਣੀ ਸੀ। ਸਦਾ ਕੌਰ ਦਾ ਜਨਮ 1762 ਨੂੰ ਫਿਰੋਜ਼ਪੁਰ ਵਿਚ ਸਰਦਾਰ ਦਸੌਂਧਾ ਸਿੰਘ ਗਿੱਲ ਦੇ ਘਰ ਹੋਇਆ ਸੀ। ਸਦਾ ਕੌਰ ਦਾ ਪਿੰਡ ਰਾਉਕੇ (ਹੁਣ ਮੋਗਾ ਜ਼ਿਲ੍ਹਾ) ਸੀ। ਉਸ ਦਾ ਪਿਤਾ ਰਾਉਕਿਆਂ ਦਾ ਇਕ ਤਕੜਾ ਸਰਦਾਰ ਸੀ। ਸਰਦਾਰਨੀ ਸਦਾ ਕੌਰ ਦਾ ਵਿਆਹ ਕਨ੍ਹਈਆ ਮਿਸਲ ਦੇ ਮਿਸਲਦਾਰ ਜੈ ਸਿੰਘ ਦੇ ਪੁੱਤਰ ਗੁਰਬਖਸ਼ ਸਿੰਘ, ਜਿਸਦੀ ਉਮਰ ਉਦੋਂ ਨੌਂ ਸਾਲ ਸੀ, ਨਾਲ ਹੋਈ ਹੋਈ ਸੀ। 



ਸਦਾ ਕੌਰ ਵੀ ਉਮਰ ਦੀ ਨਿਆਣੀ ਹੀ ਸੀ। 25 ਕੁ ਸਾਲ ਦੀ ਉਮਰ ਵਿਚ ਗੁਰਬਖਸ਼ ਸਿੰਘ ਬਟਾਲੇ ਕੋਲ ਜਾਹਦਪੁਰ ਵਿਖੇ ਰਾਮਗੜ੍ਹੀਆਂ ਅਤੇ ਸ਼ੁਕਰਚੱਕੀਆਂ ਨਾਲ ਲੜਦਾ ਹੋਇਆ ਮਾਰਿਆ ਗਿਆ ਸੀ। ਸਰਦਾਰਨੀ ਜਵਾਨ ਉਮਰੇ ਵਿਧਵਾ ਹੋ ਗਈ ਸੀ। ਉਨ੍ਹਾਂ ਦੀ ਇਕ ਲੜਕੀ ਸੀ, ਮਹਿਤਾਬ ਕੌਰ। 1785 ਵਿਚ ਰਾਣੀ ਸਦਾ ਕੌਰ ਨੇ ਆਪਣੀ ਬੇਟੀ ਦਾ ਵਿਆਹ ਸ਼ੁਕਰਚੱਕੀਆ ਮਿਸਲ ਦੇ ਮਿਸਲਦਾਰ ਮਹਾਂ ਸਿੰਘ ਦੇ ਬੇਟੇ ਰਣਜੀਤ ਸਿੰਘ ਨਾਲ ਕੀਤਾ। ਉਸਦੇ ਸਹੁਰੇ ਜੈ ਸਿੰਘ ਦੀ 1789 ਵਿਚ ਮੌਤ ਹੋਈ। ਉਹ ਉਸ ਸਮੇਂ 81 ਸਾਲ ਦਾ ਸੀ। ਕਨ੍ਹਈਆ ਮਿਸਲ ਦਾ ਕੰਟਰੋਲ ਰਾਣੀ ਸਦਾ ਕੌਰ ਕੋਲ ਚਲਾ ਗਿਆ ਅਤੇ ਉਹ 8000 ਦੀ ਤਾਕਤ ਵਾਲੀ ਘੋੜ ਸਵਾਰ ਫੌਜ਼ ਦੀ ਵੀ ਕਮਾਂਡਰ ਬਣ ਗਈ। ਆਪਣੇ ਪਿਤਾ ਸਰਦਾਰ ਮਹਾ ਸਿੰਘ ਦੀ ਮੌਤ ਦੇ ਬਾਅਦ ਰਣਜੀਤ ਸਿੰਘ 1792 ਵਿਚ ਸ਼ੁਕਰਚਕੀਆ ਮਿਸਲ ਦਾ ਮੁਖੀ ਬਣਿਆ। 



ਸਦਾ ਕੌਰ ਰਣਜੀਤ ਸਿੰਘ ਦੀ ਸਰਪ੍ਰਸਤ ਬਣ ਗਈ। ਕਨ੍ਹਈਆ ਤੇ ਸ਼ੁਕਰਚੱਕੀਆ ਦੋਨਾਂ ਮਿਸਲਾਂ ਨੂੰ ਸਦਾ ਕੌਰ ਨੇ ਰਣਜੀਤ ਸਿੰਘ ਦੀ ਸੱਤਾ ਨੂੰ ਅੱਗੇ ਵਧਾਉਣ ਲਈ ਵਰਤਿਆ। 1796 ਵਿਚ ਅਫ਼ਗ਼ਾਨਿਸਤਾਨ ਦੇ ਸ਼ਾਹ ਜ਼ਮਾਨ ਨੇ 30,000 ਫ਼ੌਜ ਨਾਲ਼ ਪੰਜਾਬ 'ਤੇ ਹੱਲਾ ਬੋਲ ਦਿੱਤਾ। ਕੋਈ ਉਨ੍ਹਾਂ ਦੇ ਰਸਤੇ ਵਿਚ ਖੜ੍ਹਾ ਨਹੀਂ ਹੋਇਆ ਪਰ ਸਦਾ ਕੌਰ ਨੇ ਸਰਬੱਤ ਖ਼ਾਲਸਾ ਸੱਦ ਕੇ ਅਫ਼ਗ਼ਾਨ ਡਾਕੂਆਂ ਤੋਂ ਪੰਜਾਬ ਨੂੰ ਬਚਾਉਣ ਦਾ ਐਲਾਨ ਕੀਤਾ। ਉਸਨੇ ਆਪਣੇ ਜੁਆਈ ਰਣਜੀਤ ਸਿੰਘ ਨੂੰ ਜਿਹੜਾ ਅਜੇ 17 ਸਾਲਾਂ ਦਾ ਸੀ ਉਨ੍ਹਾਂ ਅਫ਼ਗ਼ਾਨੀਆਂ ਨਾਲ਼ ਲੜਾ ਦਿੱਤਾ। ਅਫ਼ਗ਼ਾਨੀਆਂ ਨੂੰ ਭੱਜਣਾ ਪਿਆ।

ਲਾਹੌਰ ਦੇ ਵਾਸੀਆਂ ਨੇ ਜਦੋਂ ਭੰਗੀ ਮਿਸਲ ਤੋਂ ਤੰਗ ਆ ਕੇ ਰਣਜੀਤ ਸਿੰਘ ਤੇ ਸਦਾ ਕੌਰ ਨੂੰ ਲਾਹੌਰ 'ਤੇ ਮੱਲ ਮਾਰਨ ਲਈ ਸਦਾ ਭੇਜਿਆ ਤਾਂ ਸਦਾ ਕੌਰ ਨੇ ਰਣਜੀਤ ਨੂੰ ਕਿਹਾ ਕਿ ਜਿਹੜਾ ਲਾਹੌਰ ਦਾ ਮਾਲਿਕ ਹੁੰਦਾ ਏ ਉਹ ਫ਼ਿਰ ਸਾਰੇ ਪੰਜਾਬ ਦਾ ਮਾਲਿਕ ਹੋ ਜਾਂਦਾ ਹੈ। 7 ਜੁਲਾਈ 1799 ਨੂੰ 25 ਹਜ਼ਾਰ ਫ਼ੌਜ ਨਾਲ਼ ਰਣਜੀਤ ਸਿੰਘ ਤੇ ਸਦਾ ਕੌਰ ਨੇ ਲਹੌਰ 'ਤੇ ਹੱਲਾ ਬੋਲਿਆ। ਲਾਹੌਰੀਆਂ ਨੇ ਉਨ੍ਹਾਂ ਲਈ ਸ਼ਹਿਰ ਦੇ ਬੂਹੇ ਖੋਲ ਦਿੱਤੇ। ਰਣਜੀਤ ਸਿੰਘ ਲੁਹਾਰੀ ਗੇਟ ਵੱਲੋਂ ਅਤੇ ਸਦਾ ਕੌਰ ਦਿੱਲੀ ਗੇਟ ਵੱਲੋਂ ਅੰਦਰ ਦਾਖਲ ਹੋਈ। ਸਦਾ ਕੌਰ ਨੇ 1801 ਵਿਚ ਰਣਜੀਤ ਸਿੰਘ ਨੂੰ ਪੰਜਾਬ ਦਾ ਮਹਾਰਾਜਾ ਬਣਾ ਦਿੱਤਾ। 



ਇਹ ਜ਼ਿਕਰ ਕਰਨਾ ਵਾਜਬ ਹੋਏਗਾ ਕਿ ਜਦ ਮਿਸਲਾਂ ਖ਼ਾਲਸਾ ਦਲ ਦਾ ਹਿੱਸਾ ਸਨ ਤਦ ਇਨ੍ਹਾਂ ਦਾ ਭਰਾਵਾਂ ਤੋਂ ਵੀ ਵੱਧ ਪਿਆਰ ਸੀ। ਜਦ ਮਿਸਲਦਾਰ ਆਪੋ ਆਪਣਾ ਇਲਾਕਾ ਵਧਾਉਣ ਅਤੇ ਵੱਡੇ ਬਣਨ ਦੀ ਹੋੜ ਵਿੱਚ ਲੱਗੇ ਸਨ ਤਦ ਕੋਈ ਕਿਸੇ ਦਾ ਭਰਾ ਨਹੀਂ ਸੀ ਰਹਿ ਗਿਆ। ‘ਤੁਮ ਕੌਣ ਤੇ ਮੈਂ ਕੌਣ’ ਵਾਲੀ ਗੱਲ ਪ੍ਰਧਾਨ ਸੀ। ਮਿਸਲਾਂ ਆਪਸ ਵਿੱਚ ਹੀ ਸਿੰਗ ਫਸਾਈ ਛੱਡਦੀਆਂ ਸਨ। ਰਾਮਗੜ੍ਹੀਆ ਮਿਸਲ ਅਤੇ ਕਨ੍ਹਈਆ ਮਿਸਲ ਦੀ ਲੜਾਈ ਦਾ ਮੁੱਢ ਕਸੂਰ ਦੀ ਲੁੱਟ ਵੰਡਣ ਤੋਂ ਬੱਝਾ ਸੀ ਜਿਹੜੀ ਜੱਸਾ ਸਿੰਘ ਰਾਮਗੜ੍ਹੀਏ ਦੇ ਭਰਾਵਾਂ ਨੇ ਅੰਦਰ ਖਾਤੇ ਹੜੱਪ ਕਰ ਲਈ ਸੀ। ਗੁਰਬਖਸ਼ ਸਿੰਘ ਕਨ੍ਹਈਆ, ਜੱਸਾ ਸਿੰਘ ਰਾਮਗੜ੍ਹੀਏ ਦੀ ਗੋਲੀ ਨਾਲ ਮਾਰਿਆ ਗਿਆ ਸੀ। ਇਸ ਕਰ ਕੇ ਸਰਦਾਰਨੀ ਸਦਾ ਕੌਰ ਦੇ ਮਨ ਵਿੱਚ ਰਾਮਗੜ੍ਹੀਆਂ ਪ੍ਰਤੀ ਪਤੀ ਦੀ ਮੌਤ ਦਾ ਗੁੱਸਾ ਜਾਂ ਬਦਲੇ ਦੀ ਭਾਵਨਾ ਹੋਣਾ ਜਾਂ ਵੈਰ ਰੱਖਣਾ ਸੁਭਾਵਿਕ ਸੀ।



ਤਦ ਸਰਦਾਰਨੀ ਸਦਾ ਕੌਰ ਬਟਾਲਾ ਦੇ ਕਿਲ੍ਹੇ ਵਿਚ ਸੀ ਜਦ ਉਸ ਨੂੰ ਪਤੀ ਦੀ ਮੌਤ ਦੀ ਖ਼ਬਰ ਮਿਲੀ ਸੀ। ਖ਼ਬਰ ਮਿਲਦਿਆਂ ਸਾਰ ਹੀ ਉਹ ਨੰਗੀ ਪੈਰੀਂ ਦੌੜ ਕੇ ਜਾ ਕੇ ਸੋਹੀਆਂ ਦੇ ਕਿਲ੍ਹੇ ਵਿੱਚ ਲੁੱਕ ਕੇ ਬਚੀ ਸੀ। ਰਾਮਗੜ੍ਹੀਆਂ ਨੇ ਬਟਾਲਾ ਉੱਤੇ ਕਬਜ਼ਾ ਕਰ ਲਿਆ ਸੀ।
ਪੁੱਤਰ ਦੀ ਮੌਤ ਨੇ ਮਿਸਲਦਾਰ ਜੈ ਸਿੰਘ ਕਨ੍ਹਈਆ ਨੂੰ ਤਾਂ ਕਮਲਾ ਜਿਹਾ ਕਰ ਦਿੱਤਾ ਸੀ। ਜੈ ਸਿੰਘ ਕਨ੍ਹਈਆ ਦਾ ਇਲਾਕਾ ਕੁਝ ਜੱਸਾ ਸਿੰਘ ਰਾਮਗੜ੍ਹੀਏ ਅਤੇ ਕੁਝ ਇਲਾਕਾ ਮਹਾਂ ਸਿੰਘ ਸ਼ੁਕਰਚੱਕੀਏ ਨੇ ਸਾਂਭ ਲਿਆ ਸੀ। ਕਾਂਗੜੇ ਦਾ ਰਾਜਾ ਸੰਸਾਰ ਚੰਦ ਵੀ ਸ਼ੁਕਰਚੱਕੀਆਂ ਅਤੇ ਰਾਮਗੜ੍ਹੀਆਂ ਦੀ ਸ਼ਹਿ ਤੇ ਆਕੀ ਹੋ ਗਿਆ ਸੀ।



ਸਰਦਾਰਨੀ ਸਦਾ ਕੌਰ ਨੇ ਅਕਲ ਅਤੇ ਸਿਆਸਤ ਤੋਂ ਕੰਮ ਲਿਆ। ਉਸ ਨੇ ਇੱਕ ਹੱਥ ਨਾਲ ਆਪਣੇ ਸਿਰ ਤੋਂ ਦੁਪੱਟਾ ਲਾਹਿਆ ਤੇ ਦੂਸਰੇ ਹੱਥ ਨਾਲ ਪੱਗ ਬੰਨ੍ਹ ਲਈ ਸੀ। ਉਸ ਨੇ ਆਪਣੀ ਲੜਕੀ ਮਹਿਤਾਬ ਕੌਰ ਦੀ ਮੰਗਣੀ ਮਹਾਂ ਸਿੰਘ ਦੇ ਪੁੱਤਰ ਰਣਜੀਤ ਸਿੰਘ ਨਾਲ ਜੈ ਸਿੰਘ ਕਨ੍ਹਈਆ ਦੀ ਰਜ਼ਾਮੰਦੀ ਨਾਲ ਕਰ ਦਿੱਤੀ ਸੀ। ਕਾਂਗੜੇ ਦਾ ਕਿਲ੍ਹਾ ਸੰਸਾਰ ਚੰਦ ਨੂੰ ਦੇ ਕੇ ਉਸ ਨੂੰ ਆਪਣੇ ਨਾਲ ਗੰਢ ਲਿਆ ਸੀ। ਉਸ ਨੇ ਰਾਮਗੜ੍ਹੀਆਂ ਦਾ ਨਾਮ-ਨਿਸ਼ਾਨ ਮਿਟਾਉਣ ਦਾ ਪ੍ਰਣ ਕਰ ਲਿਆ ਸੀ। ਉਹ ਲਗਦੀ ਵਾਹ ਤਕ ਰਾਮਗੜ੍ਹੀਆਂ ਨੂੰ ਗੇੜ ਵਿੱਚ ਪਾਈ ਹੀ ਰੱਖਦੀ ਰਹੀ ਸੀ। ਉਸ ਨੇ ਮਰਦੇ ਦੰਮ ਤਕ ਇਹ ਸਿਰੜ ਨਹੀਂ ਸੀ ਛੱਡਿਆ।



ਅੰਮ੍ਰਿਤਸਰ, ਚਨਿਓਟ, ਕਸੂਰ, ਅਟਕ ਹਜ਼ਾਰਾ ਦੀਆਂ ਲੜਾਈਆਂ ਸਮੇਂ ਉਹ ਰਣਜੀਤ ਸਿੰਘ ਨਾਲ਼ ਸੀ। 1807 ਵਿਚ ਜਦੋਂ ਰਣਜੀਤ ਸਿੰਘ ਨੇ ਦੂਜਾ ਵਿਆਹ ਕਰਵਾ ਲਿਆ ਤਾਂ ਇਹ ਗੱਲ ਸਦਾ ਕੌਰ ਨੂੰ ਚੰਗੀ ਨਾਂ ਲੱਗੀ। ਉਨ੍ਹਾਂ ਦੇ ਸੰਬੰਧ ਟੁੱਟਣ ਤੇ ਆ ਗਏ। ਸਦਾ ਕੌਰ ਆਪਣੀ ਮਿਸਲ ਦੀ ਆਪ ਰਾਣੀ ਬਣਨ ਦਾ ਸੋਚਣ ਲੱਗ ਗਈ। ਮਹਾਰਾਜਾ ਨੇ ਉਸਨੂੰ ਨਜ਼ਰਬੰਦ ਕਰ ਦਿੱਤਾ। ਸਦਾ ਕੌਰ ਕੁਝ ਮਹੀਨੇ ਮਹਾਰਾਜਾ ਰਣਜੀਤ ਸਿੰਘ ਦੀ ਕੈਦ ਵਿਚ ਰਹਿ ਕੇ 1832 ਵਿੱਚ ਇਸ ਜਹਾਨ ਨੂੰ ਅਲਵਿਦਾ ਕਹਿ ਗਈ| ਸਰਦਾਰਨੀ ਸਦਾ ਕੌਰ ਪੰਜਾਬ ਦੀ ਸ਼ੇਰ ਬੱਚੀ ਸੀ। ਪੁਰਸ਼ ਪ੍ਰਧਾਨ ਸਮਾਜ ਨੇ ਸਰਦਾਰਨੀ ਦੀ ਕਦਰ ਨਹੀਂ ਪਾਈ।

SHARE ARTICLE
Advertisement

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM
Advertisement